DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਰਿਆਵੰਸ਼ੀ ਦਾ ਵੈਭਵ

ਜਿੱਥੇ 15 ਸਾਲ ਦੀ ਉਮਰੇ ਬਹੁਤੇ ਅੱਲ੍ਹੜ ਬੱਚੇ ਸਕੂਲੀ ਇਮਤਿਹਾਨਾਂ ਦੇ ਬੋਝ ਅਤੇ ਉਮਰ ਦੇ ਇਸ ਪੜਾਅ ਦੀਆਂ ਉਲਝਣਾਂ ਨਾਲ ਜੂਝ ਰਹੇ ਹੁੰਦੇ ਹਨ, ਉੱਥੇ ਹੀ ਵੈਭਵ ਸੂਰਿਆਵੰਸ਼ੀ ਆਈ ਪੀ ਐੱਲ ਦੇ ਸਭ ਤੋਂ ਚਮਕਦਾਰ ਮੰਚ ’ਤੇ ਵਿਸ਼ਵ ਪੱਧਰੀ ਗੇਂਦਬਾਜ਼ਾਂ...

  • fb
  • twitter
  • whatsapp
  • whatsapp
featured-img featured-img
New Chandigarh: Rajasthan Royals' Vaibhav Sooryavanshi plays a shot during the Indian Premier League (IPL) 2026 Eliminator T20 cricket match between Sunrisers Hyderabad and Rajasthan Royals, in New Chandigarh, Wednesday, May 27, 2026. (PTI Photo/Arun Sharma) (PTI05_27_2026_000697B) *** Local Caption ***
Advertisement

ਜਿੱਥੇ 15 ਸਾਲ ਦੀ ਉਮਰੇ ਬਹੁਤੇ ਅੱਲ੍ਹੜ ਬੱਚੇ ਸਕੂਲੀ ਇਮਤਿਹਾਨਾਂ ਦੇ ਬੋਝ ਅਤੇ ਉਮਰ ਦੇ ਇਸ ਪੜਾਅ ਦੀਆਂ ਉਲਝਣਾਂ ਨਾਲ ਜੂਝ ਰਹੇ ਹੁੰਦੇ ਹਨ, ਉੱਥੇ ਹੀ ਵੈਭਵ ਸੂਰਿਆਵੰਸ਼ੀ ਆਈ ਪੀ ਐੱਲ ਦੇ ਸਭ ਤੋਂ ਚਮਕਦਾਰ ਮੰਚ ’ਤੇ ਵਿਸ਼ਵ ਪੱਧਰੀ ਗੇਂਦਬਾਜ਼ਾਂ ਦੇ ਛੱਕੇ ਛੁਡਾ ਰਿਹਾ ਹੈ। ਬੁੱਧਵਾਰ ਨੂੰ ਨਿਊ ਚੰਡੀਗੜ੍ਹ ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦਿਆਂ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮਹਿਜ਼ 29 ਗੇਂਦਾਂ ਵਿੱਚ 97 ਦੌੜਾਂ ਦੀ ਉਸ ਦੀ ਸ਼ਾਨਦਾਰ ਪਾਰੀ ਬੇਹੱਦ ਧਮਾਕੇਦਾਰ ਸੀ। 12 ਛੱਕਿਆਂ ਅਤੇ ਦਮਦਾਰ ਸਟ੍ਰਾਈਕ ਰੇਟ ਨਾਲ ਖੇਡੀ ਗਈ ਇਸ ਪਾਰੀ ਦੀ ਬਦੌਲਤ ਉਸ ਨੇ ਆਈ ਪੀ ਐੱਲ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਕ੍ਰਿਸ ਗੇਲ ਦਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਰਿਕਾਰਡ ਤੋੜ ਦਿੱਤਾ ਹੈ। ਟੀ-20 ਕ੍ਰਿਕਟ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਵੱਲੋਂ ਸਥਾਪਿਤ ਕੀਤੇ ਗਏ ਮੀਲ-ਪੱਥਰ ਨੂੰ ਜੇਕਰ ਕੋਈ ਨਾਬਾਲਗ ਖਿਡਾਰੀ ਪਿੱਛੇ ਛੱਡ ਦੇਵੇ ਤਾਂ ਇਹ ਇਸ ਪ੍ਰਾਪਤੀ ਦੇ ਅਸਾਧਾਰਨ ਪੱਧਰ ਨੂੰ ਸਾਫ਼ ਦਰਸਾਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਤੁਰੰਤ ਬਾਅਦ ਗੇਲ ਨੇ ਖ਼ੁਦ ਵੈਭਵ ਨੂੰ ‘ਨਵੀਂ ਸਿਕਸ ਮਸ਼ੀਨ’ (ਛੱਕਿਆਂ ਦੀ ਮਸ਼ੀਨ) ਕਿਹਾ।

ਸਭ ਤੋਂ ਕਮਾਲ ਦੀ ਗੱਲ ਤਾਂ ਇਹ ਹੈ ਕਿ ਸੂਰਿਆਵੰਸ਼ੀ ’ਤੇ ਨਾ ਤਾਂ ਕਿਸੇ ਦਬਾਅ ਦਾ ਕੋਈ ਅਸਰ ਦਿਖਿਆ, ਨਾ ਉਹ ਵੱਡੇ-ਵੱਡੇ ਨਾਵਾਂ ਤੋਂ ਡਰਿਆ ਤੇ ਨਾ ਹੀ ਉਸ ਉੱਤੇ ਮੀਡੀਆ ਦੀਆਂ ਸੁਰਖ਼ੀਆਂ ਦਾ ਕੋਈ ਅਸਰ ਹੋਇਆ। ਮਹਿਜ਼ ਤਿੰਨ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਜਾਣਾ ਕਿਸੇ ਵੀ ਖਿਡਾਰੀ ਨੂੰ ਨਿਰਾਸ਼ ਕਰ ਸਕਦਾ ਸੀ, ਪਰ ਉਸ ਦਾ ਜਵਾਬ ਸੀ ‘ਮੇਰੇ ਸੈਂਕੜੇ ਤਾਂ ਲੱਗਦੇ ਹੀ ਰਹਿਣਗੇ।’ ਇਹ ਬਿਆਨ ਇੱਕ ਖਿਡਾਰੀ ਦੇ ਅਦਭੁੱਤ ਆਤਮ-ਵਿਸ਼ਵਾਸ ਅਤੇ ਭਾਵਨਾਤਮਕ ਤੌਰ ਉੱਤੇ ਉਮਰੋਂ ਵੱਧ ਸਿਆਣਪ ਨੂੰ ਦਰਸਾਉਂਦਾ ਹੈ। ਉਸ ਦਾ ਉਭਾਰ ਭਾਰਤ ਦੇ ਕ੍ਰਿਕਟ ਢਾਂਚੇ ਵਿੱਚ ਆਏ ਬਦਲਾਅ ਦੀ ਵੀ ਗਵਾਹੀ ਭਰਦਾ ਹੈ। ਵੈਭਵ ਨੂੰ ਮਹਿਜ਼ 13 ਸਾਲ 243 ਦਿਨਾਂ ਦੀ ਉਮਰ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਨਾਲ ਉਹ ਆਈ ਪੀ ਐੱਲ ਕੰਟਰੈਕਟ ਹਾਸਲ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਆਈ ਪੀ ਐੱਲ ਉੱਚ ਪੱਧਰੀ ਕੋਚਿੰਗ ਨੈੱਟਵਰਕ ਅਤੇ ਇੰਨੀ ਛੋਟੀ ਉਮਰੇ ਵੱਡੇ ਮੁਕਾਬਲਿਆਂ ਦੇ ਤਜਰਬੇ ਨੇ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜੋ ਬੇਮਿਸਾਲ ਆਤਮ-ਵਿਸ਼ਵਾਸ ਅਤੇ ਤਕਨੀਕੀ ਮੁਹਾਰਤ ਨਾਲ ਲੈਸ ਹਨ। ਹਾਲਾਂਕਿ, ਅਚਾਨਕ ਮਿਲੀ ਇਸ ਪ੍ਰਸਿੱਧੀ ਨਾਲ ਜੁੜੇ ਸੰਭਾਵੀ ਖ਼ਤਰਿਆਂ ਤੋਂ ਸੁਚੇਤ ਰਹਿਣ ਦੀ ਵੀ ਸਖ਼ਤ ਲੋੜ ਹੈ। ਵਿਨੋਦ ਕਾਂਬਲੀ, ਪ੍ਰਿਥਵੀ ਸ਼ਾਅ ਅਤੇ ਉਨਮੁਕਤ ਚੰਦ ਵਰਗੇ ਬੇਮਿਸਾਲ ਪ੍ਰਤਿਭਾਸ਼ਾਲੀ ਖਿਡਾਰੀ ਸਮੇਂ ਤੋਂ ਪਹਿਲਾਂ ਮਿਲੀ ਮਕਬੂਲੀਅਤ ਦੇ ਬੋਝ ਹੇਠਾਂ ਸੰਘਰਸ਼ ਕਰਦੇ ਨਜ਼ਰ ਆਏ ਹਨ। ਕ੍ਰਿਕਟ ਪ੍ਰਬੰਧਕਾਂ ਨੂੰ ਇਹ ਗੱਲ ਹਮੇਸ਼ਾ ਜ਼ਿਹਨ ਵਿੱਚ ਰੱਖਣੀ ਹੋਵੇਗੀ ਕਿ ਅਜਿਹੀ ਪ੍ਰਤਿਭਾ ਨੂੰ ਬੜੇ ਸਬਰ ਅਤੇ ਸੁਚੱਜੇ ਢੰਗ ਨਾਲ ਨਿਖਾਰਨ ਦੀ ਲੋੜ ਹੁੰਦੀ ਹੈ। ਫਿਲਹਾਲ ਭਾਰਤੀ ਕ੍ਰਿਕਟ ਨੂੰ ਇਸ ਵਿਲੱਖਣ ਅਤੇ ਅਦਭੁੱਤ ਉਭਾਰ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਚਮਕ-ਦਮਕ ’ਤੇ ਟਿਕੇ ਇਸ ਟੂਰਨਾਮੈਂਟ ਵਿੱਚ ਇਹ ਹੋਣਹਾਰ ਬਾਲ-ਖਿਡਾਰੀ ਇਸ ਸਮੇਂ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਬਣ ਕੇ ਉੱਭਰਿਆ ਹੈ। ਆਪਣੇ ਸ਼ਾਨਦਾਰ ਸ਼ਾਟਾਂ ਨਾਲ ਵੈਭਵ ਇਸ ਸੋਚ ਨੂੰ ਹੋਰ ਬੁਲੰਦੀਆਂ ’ਤੇ ਲੈ ਜਾ ਰਿਹਾ ਹੈ ਕਿ ਸਾਡੀ ਅਗਲੀ ਪੀੜ੍ਹੀ ਕੀ ਕੁਝ ਹਾਸਲ ਕਰਨ ਦੇ ਕਾਬਿਲ ਹੈ।

Advertisement

Advertisement
Advertisement
×