ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

-ਸਵਰਾਜਬੀਰ

ਬੁੱਧਵਾਰ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਨੂੰ ਮਿਲਣ ਤੋਂ ਬਾਅਦ ਬਿਆਨ ਦਿੱਤਾ, ‘‘ਯੂਪੀਏ ਕੀ ਹੈ? ਹੁਣ ਕੋਈ ਯੂਪੀਏ ਨਹੀਂ ਹੈ।’’ ਮਮਤਾ ਬੈਨਰਜੀ ਨੇ 2009 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ (United Progressive Alliance-ਸਾਂਝਾ ਪ੍ਰਗਤੀਸ਼ੀਲ ਗੱਠਜੋੜ) ਨਾਲ ਮਿਲ ਕੇ ਲੜੀਆਂ ਸਨ ਅਤੇ ਉਹ ਮਨਮੋਹਨ ਸਿੰਘ ਸਰਕਾਰ ਵਿਚ ਰੇਲਵੇ ਮੰਤਰੀ ਬਣੀ ਸੀ।

2004 ਵਿਚ ਯੂਪੀਏ ਦੇ ਹੋਂਦ ਵਿਚ ਆਉਣ ਵੇਲੇ ਕਾਂਗਰਸ ਲੋਕ ਸਭਾ ਵਿਚ 145 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਉਹ ਸਰਕਾਰ ਬਣਾਉਣ ਦੇ 273 ਦੇ ਅੰਕੜੇ ਤੋਂ ਬਹੁਤ ਦੂਰ ਸੀ। ਯੂਪੀਏ ਬਣਾਉਣ ਵਿਚ ਹਰਕਿਸ਼ਨ ਸਿੰਘ ਸੁਰਜੀਤ, ਸੋਨੀਆ ਗਾਂਧੀ, ਜਿਓਤੀ ਬਾਸੂ, ਐੱਮ ਕਰੁਣਾਨਿਧੀ ਆਦਿ ਨੇ ਪ੍ਰਮੁੱਖ ਭੂਮਿਕਾ ਨਿਭਾਈ ਅਤੇ 14 ਪਾਰਟੀਆਂ ਦਾ ਗੱਠਜੋੜ ਸਾਹਮਣੇ ਆਇਆ। ਖੱਬੇ-ਪੱਖੀ ਪਾਰਟੀਆਂ ਨੇ ਬਾਹਰੋਂ ਹਮਾਇਤ ਕੀਤੀ ਅਤੇ ਇਸ ਤਰ੍ਹਾਂ ਪਹਿਲੀ ਮਨਮੋਹਨ ਸਿੰਘ ਸਰਕਾਰ ਬਣੀ। ਇਸ ਗੱਠਜੋੜ ਨੂੰ ਬਣਾਉਣ ਵਿਚ ਸੀਪੀਐੱਮ ਆਗੂਆਂ ਦੀ ਅਹਿਮ ਭੂਮਿਕਾ ਹੋਣ ਦੇ ਬਾਵਜੂਦ ਕਾਂਗਰਸ ਨੇ ਖੱਬੇ-ਪੱਖੀ ਪਾਰਟੀਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ 2008 ਵਿਚ ਅਮਰੀਕਾ ਨਾਲ ਪਰਮਾਣੂ ਸਮਝੌਤਾ ਕੀਤਾ ਅਤੇ ਖੱਬੇ-ਪੱਖੀ ਪਾਰਟੀਆਂ ਨੇ ਯੂਪੀਏ ਤੋਂ ਹਮਾਇਤ ਵਾਪਸ ਲੈ ਲਈ। 2009 ਦੀਆਂ ਲੋਕ ਸਭਾ ਚੋਣਾਂ ਵਿਚ ਯੂਪੀਏ ਨੂੰ ਬਹੁਮਤ ਮਿਲਿਆ ਅਤੇ ਦੂਸਰੀ ਵਾਰ ਮਨਮੋਹਨ ਸਿੰਘ ਸਰਕਾਰ ਬਣੀ। ਪਹਿਲੀ ਯੂਪੀਏ ਸਰਕਾਰ ਅਤੇ ਦੂਸਰੀ ਯੂਪੀਏ ਸਰਕਾਰ ਵਿਚ ਫ਼ਰਕ ਇਹ ਸੀ ਕਿ ਪਹਿਲੀ ਵੇਲੇ ਇਸ ਗੱਠਜੋੜ ਨਾਲ 14 ਪਾਰਟੀਆਂ ਸਨ ਜਦੋਂਕਿ ਦੂਸਰੀ ਵੇਲੇ ਇਸ ਤੋਂ ਅੱਧੀਆਂ ਵੀ ਨਹੀਂ ਸਨ ਰਹਿ ਗਈਆਂ। 2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਗੱਠਜੋੜ ਨੂੰ ਵੱਡੀ ਹਾਰ ਹੋਈ।

ਮਮਤਾ ਬੈਨਰਜੀ ਭਾਵਨਾਤਮਕ ਸਿਆਸਤ ਕਰਨ ਵਾਲੀ ਆਗੂ ਹੈ। ਉਸ ਦਾ ਕਹਿਣਾ ਹੈ ਕਿ ਯੂਪੀਏ ਦੀ ਮੁੱਖ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਟੱਕਰ ਦੇਣ ਤੋਂ ਘਬਰਾਉਂਦੀ ਹੈ। ਇਸ ਗੱਲ ਵਿਚ ਸੱਚਾਈ ਵੀ ਹੈ ਕਿਉਂਕਿ ਪਿਛਲੇ ਵਰ੍ਹਿਆਂ ਵਿਚ ਕਾਂਗਰਸ ਨੇ ਭਾਜਪਾ ਦੀਆਂ ਨੀਤੀਆਂ ਵਿਰੁੱਧ ਕੋਈ ਜਨ-ਅੰਦੋਲਨ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਦਾ ਭਾਜਪਾ ਵਿਰੋਧ ਟਵੀਟਾਂ, ਬਿਆਨਾਂ, ਪ੍ਰੈੱਸ ਕਾਨਫਰੰਸਾਂ ਅਤੇ ਲੋਕ ਸਭਾ ਤੇ ਰਾਜ ਸਭਾ ਦਾ ਬਾਈਕਾਟ ਕਰਨ ਤਕ ਸੀਮਤ ਹੈ। ਕਾਂਗਰਸ ਅਤੇ ਯੂਪੀਏ ਵਿਚਲੀਆਂ ਸਿਆਸੀ ਪਾਰਟੀਆਂ ਦੀ ਕਾਰਜਸ਼ੈਲੀ ਵਿਚ ਅਜਿਹਾ ਨਿਘਾਰ ਆਇਆ ਹੈ ਕਿ ਉਹ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਹੱਕ ਵਿਚ ਵੀ ਲਾਮਬੰਦ ਨਹੀਂ ਕਰ ਸਕੀਆਂ। ਮਮਤਾ ਇਹ ਮਹਿਸੂਸ ਕਰਦੀ ਹੈ ਕਿ ਭਾਜਪਾ ਨੂੰ ਸੜਕਾਂ ’ਤੇ ਲਲਕਾਰਿਆ ਜਾਣਾ ਚਾਹੀਦਾ ਹੈ। ਉਸ ਨੇ ਹਮੇਸ਼ਾ ਅਜਿਹੀ ਰਾਜਨੀਤੀ ਕਰਕੇ ਹੀ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ।

ਮਮਤਾ ਦੋ ਦਹਾਕਿਆਂ ਤੋਂ ਵੱਧ ਸਮਾਂ ਕਾਂਗਰਸ ਵਿਚ ਸਰਗਰਮ ਰਹੀ ਅਤੇ ਕਾਂਗਰਸ ਵਿਚ ਹੁੰਦਿਆਂ ਉਸ ਨੇ ਜੈਪ੍ਰਕਾਸ਼ ਨਰਾਇਣ ਅਤੇ ਜਿਓਤੀ ਬਾਸੂ ਜਿਹੇ ਆਗੂਆਂ ਦਾ ਸਾਹਮਣਾ ਕੀਤਾ। ਉਸ ਨੇ 1993 ਵਿਚ ਕੋਲਕਾਤਾ ਵਿਚ ਜਿਓਤੀ ਬਾਸੂ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਸੀ ਜਿਸ ਵਿਚ ਪੁਲੀਸ ਦੁਆਰਾ ਕੀਤੀ ਗੋਲਾਬਾਰੀ ਵਿਚ 13 ਲੋਕ ਮਾਰੇ ਗਏ ਸਨ। ਉਸ ਦੀ ਪਹਿਲੀ ਮਹੱਤਵਪੂਰਨ ਜਿੱਤ 1984 ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਜਦ ਉਸ ਨੇ ਸੀਪੀਐੱਮ ਦੇ ਆਗੂ ਸੋਮਨਾਥ ਚੈਟਰਜੀ ਨੂੰ ਹਰਾਇਆ। ਨਰਸਿਮਹਾ ਰਾਓ ਸਰਕਾਰ ਵਿਚ ਉਹ ਰਾਜ ਮੰਤਰੀ ਬਣੀ। 1997 ਵਿਚ ਉਸ ਨੇ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ਬਣਾਈ।

1999 ਵਿਚ ਮਮਤਾ ਵਾਜਪਾਈ ਸਰਕਾਰ ਵਿਚ ਰੇਲਵੇ ਮੰਤਰੀ ਬਣੀ ਅਤੇ 2001 ਵਿਚ ਇਸ ਤੋਂ ਅਸਤੀਫ਼ਾ ਦਿੱਤਾ। 2003 ਵਿਚ ਉਹ ਫਿਰ ਵਾਜਪਾਈ ਸਰਕਾਰ ਵਿਚ ਸ਼ਾਮਲ ਹੋ ਗਈ। 2004 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਦੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 2005-06 ਵਿਚ ਉਸ ਨੇ ਟਾਟਾ ਕੰਪਨੀ ਨੂੰ ਪੱਛਮੀ ਬੰਗਾਲ ਵਿਚ ਸਿੰਗੂਰ ਵਿਚ ਜ਼ਮੀਨ ਦੇਣ ਵਿਰੁੱਧ ਅੰਦੋਲਨ ਕੀਤਾ ਅਤੇ ਮਰਨ ਵਰਤ ਰੱਖਿਆ ਜਿਹੜਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਖ਼ਲ ਤੋ ਬਾਅਦ ਖ਼ਤਮ ਕੀਤਾ। 2007 ਵਿਚ ਉਸ ਨੇ ਨੰਦੀਗ੍ਰਾਮ ਵਿਚ ਵਿਸ਼ੇਸ਼ ਆਰਥਿਕ ਜ਼ੋਨ (Special Economic Zone) ਬਣਾਉਣ ਵਿਰੁੱਧ ਅੰਦੋਲਨ ਆਰੰਭਿਆ। ਇਕ ਮੁਜ਼ਾਹਰੇ ਵਿਚ 14 ਲੋਕ ਮਾਰੇ ਗਏ ਅਤੇ 70 ਤੋਂ ਜ਼ਿਆਦਾ ਜ਼ਖ਼ਮੀ ਹੋਏ। ਇਨ੍ਹਾਂ ਅੰਦੋਲਨਾਂ ਨਾਲ ਉਹ ਪੱਛਮੀ ਬੰਗਾਲ ਦੀ ਤਤਕਾਲੀਨ ਸਰਕਾਰ ਦੀਆਂ ਕਾਰਪੋਰੇਟ-ਪੱਖੀ ਨੀਤੀਆਂ ਵਿਰੁੱਧ ਲੋਕ-ਪੱਖੀ ਸਿਆਸੀ ਤਾਕਤ ਬਣ ਕੇ ਉੱਭਰੀ। ਸਿਆਸੀ ਮਾਹਿਰਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਨਵੇਂ ਖੱਬੇ-ਪੱਖ (New Left) ਦਾ ਨਾਂ ਦਿੱਤਾ। ਇਸੇ ਅਕਸ ਸਦਕਾ ਹੀ ਉਸ ਨੇ 2011 ਵਿਚ 34 ਸਾਲ ਰਾਜ ਕਰਨ ਵਾਲੇ ਖੱਬੇ-ਪੱਖੀ ਮੁਹਾਜ਼ ਨੂੰ ਹਰਾਇਆ ਅਤੇ ਬਾਅਦ ਵਿਚ 2016 ਅਤੇ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ।

ਸਪੱਸ਼ਟ ਹੈ ਕਿ ਮਮਤਾ ਬੈਨਰਜੀ ਹਮੇਸ਼ਾ ਜ਼ਮੀਨੀ ਪੱਧਰ ਦੀ ਸਿਆਸਤ ਕਰਦੀ ਆਈ ਹੈ ਜਦੋਂਕਿ ਕਾਂਗਰਸ ਬਹੁਤ ਦੇਰ ਤੋਂ ਅਜਿਹੀ ਸਿਆਸਤ ਤੋਂ ਮੂੰਹ ਮੋੜ ਚੁੱਕੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਿਲਾਂ ਵਧੀਆਂ ਹਨ। ਸੋਨੀਆ ਗਾਂਧੀ ਪਾਰਟੀ ਪ੍ਰਧਾਨ ਹੈ ਪਰ ਬਹੁਤੇ ਫ਼ੈਸਲੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੁਆਰਾ ਹੀ ਕੀਤੇ ਜਾਂਦੇ ਹਨ। ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਮੱਤਭੇਦ ਉੱਭਰੇ ਹਨ ਅਤੇ ਉਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਗਿਆ। ਯੂਪੀਏ ਦੇ ਸੰਕਟ ਦਾ ਇਕ ਹੋਰ ਕਾਰਨ ਕਾਂਗਰਸ ਦਾ ਇਹ ਸਮਝਣਾ ਹੈ ਕਿ ਉਸ ਤੋਂ ਬਿਨਾ ਕੋਈ ਮਹੱਤਵਪੂਰਨ ਸਿਆਸੀ ਗੱਠਜੋੜ ਸੰਭਵ ਨਹੀਂ ਹੈ ਅਤੇ ਉਹ ਹੀ ਭਾਜਪਾ ਨੂੰ ਟੱਕਰ ਦੇਣ ਵਾਲੀ ਮੁੱਖ ਪਾਰਟੀ ਹੈ। ਕਾਂਗਰਸ ਦੀ ਅਜਿਹੀ ਮੈਂ-ਵਾਦੀ ਸੋਚ ਨੇ ਆਜ਼ਾਦੀ ਸੰਘਰਸ਼ ਸਮੇਂ ਵੀ ਵੱਡੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ ਸੀ।

ਸਿਆਸੀ ਮਾਹਿਰ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਮਮਤਾ ਬੈਨਰਜੀ ਕਾਂਗਰਸ ਤੋਂ ਬਿਨਾ ਭਾਜਪਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟੱਕਰ ਦੇ ਸਕਦੀ ਹੈ। ਮਮਤਾ ਦੇ ਬਿਆਨਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਖੇਤਰੀ ਪਾਰਟੀਆਂ ਦੇ ਗੱਠਜੋੜ ’ਤੇ ਜ਼ੋਰ ਦੇ ਰਹੀ ਹੈ। ਬੁੱਧਵਾਰ ਮਮਤਾ ਤੋਂ ਬਾਅਦ ਬੋਲਦੇ ਹੋਏ ਸ਼ਰਦ ਪਵਾਰ ਦੀ ਸੁਰ ਵੱਖਰੀ ਸੀ; ਪਵਾਰ ਨੇ ਕਿਹਾ ਕਿ ਭਾਜਪਾ ਨੂੰ ਟੱਕਰ ਦੇਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਮਮਤਾ ਅਤੇ ਤ੍ਰਿਣਮੂਲ ਕਾਂਗਰਸ ਤਾਂ ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਟੱਕਰ ਦੇ ਸਕਦੀਆਂ ਹਨ ਪਰ ਕੀ ਦੂਸਰੀਆਂ ਖੇਤਰੀ ਪਾਰਟੀਆਂ ਜਿਵੇਂ ਸਮਾਜਵਾਦੀ ਪਾਰਟੀ, ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ, ਵਾਈਐੱਸਆਰ ਕਾਂਗਰਸ, ਟੀਡੀਪੀ ਆਦਿ ਇਸ ਲਈ ਤਿਆਰ ਹਨ।

ਤ੍ਰਿਣਮੂਲ ਕਾਂਗਰਸ ਵੱਲੋਂ ਮੇਘਾਲਿਆ, ਅਸਾਮ ਅਤੇ ਹੋਰ ਪ੍ਰਾਂਤਾਂ ਵਿਚ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਕੌਮੀ ਪੱਧਰ ’ਤੇ ਕਾਂਗਰਸ ਦਾ ਸਥਾਨ ਲੈਣਾ ਚਾਹੁੰਦੀ ਹੈ। ਹਰ ਪਾਰਟੀ ਨੂੰ ਆਪਣਾ ਪ੍ਰਭਾਵ ਵਧਾਉਣ ਦਾ ਅਧਿਕਾਰ ਹੈ ਪਰ ਸਵਾਲ ਇਹ ਹੈ ਕਿ ਇਹੋ ਜਿਹੀਆਂ ਪਹਿਲਕਦਮੀਆਂ ਭਾਜਪਾ-ਵਿਰੋਧੀ ਮੁਹਾਜ਼ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ ਜਾਂ ਅੜਿੱਕਾ ਬਣਦੀਆਂ ਹਨ।

ਵਿਰੋਧੀ ਪਾਰਟੀਆਂ ਬਿਖਰੀਆਂ ਹੋਈਆਂ ਹਨ। ਉਨ੍ਹਾਂ ਦੇ ਆਗੂ ਕੇਂਦਰੀ ਤਫ਼ਤੀਸ਼ ਏਜੰਸੀਆਂ ਤੋਂ ਡਰਦੇ ਹਨ। ਹਰ ਪਾਰਟੀ ਵਿਚ ਰਿਸ਼ਵਤਖੋਰੀ ਅਤੇ ਪਰਿਵਾਰਵਾਦ ਦੇ ਰੁਝਾਨਾਂ ਨੇ ਅੰਦਰੂਨੀ ਜਮਹੂਰੀਅਤ ਨੂੰ ਖ਼ੋਰਾ ਲਾਇਆ ਹੈ। ਇਨ੍ਹਾਂ ਕਾਰਨਾਂ ਕਰਕੇ ਦੇਸ਼ ਵਿਚ ਜਮਹੂਰੀ ਮੁਹਾਜ਼ ਸਿਰਜਣਾ ਵੱਡੀ ਚੁਣੌਤੀ ਬਣ ਗਿਆ ਹੈ। ਜਨ-ਅੰਦੋਲਨ ਅਜਿਹਾ ਮੁਹਾਜ਼ ਸਿਰਜਣ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਵਿਰੋਧੀ ਪਾਰਟੀਆਂ ਨੂੰ ਇਸ ਵਿਸ਼ੇ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ। -ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All