DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰੀਖਿਆ ਪ੍ਰਣਾਲੀ ਦਾ ਜਨਾਜ਼ਾ

ਨੀਟ, ਸੀ ਬੀ ਐੱਸ ਈ, ਸੀ ਯੂ ਈ ਟੀ, ਇਨ੍ਹਾਂ ਅੰਗਰੇਜ਼ੀ ਅੱਖਰਾਂ ਦੀ ਖਿਚੜੀ ਹੁਣ ਦਿਨ-ਬ-ਦਿਨ ਹੋਰ ਬੇਸੁਆਦੀ ਹੁੰਦੀ ਜਾ ਰਹੀ ਹੈ, ਜੋ ਕਿਸੇ ਦੇ ਵੀ ਹਲਕ ਤੋਂ ਹੇਠਾਂ ਨਹੀਂ ਉਤਰ ਰਹੀ। ‘ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ’ ਵਿੱਚ ਆਈ ਖ਼ਰਾਬੀ ਨੇ...

  • fb
  • twitter
  • whatsapp
  • whatsapp
Advertisement

ਨੀਟ, ਸੀ ਬੀ ਐੱਸ ਈ, ਸੀ ਯੂ ਈ ਟੀ, ਇਨ੍ਹਾਂ ਅੰਗਰੇਜ਼ੀ ਅੱਖਰਾਂ ਦੀ ਖਿਚੜੀ ਹੁਣ ਦਿਨ-ਬ-ਦਿਨ ਹੋਰ ਬੇਸੁਆਦੀ ਹੁੰਦੀ ਜਾ ਰਹੀ ਹੈ, ਜੋ ਕਿਸੇ ਦੇ ਵੀ ਹਲਕ ਤੋਂ ਹੇਠਾਂ ਨਹੀਂ ਉਤਰ ਰਹੀ। ‘ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ’ ਵਿੱਚ ਆਈ ਖ਼ਰਾਬੀ ਨੇ ਇੱਕ ਵਾਰ ਫਿਰ ਭਾਰਤ ਦੇ ਡਿਜੀਟਲ ਪ੍ਰੀਖਿਆ ਢਾਂਚੇ ਦੀ ਕਮਜ਼ੋਰੀ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ। ਇੱਕ ਤਕਨੀਕੀ ਨੁਕਸ ਕਾਰਨ ਪ੍ਰੀਖਿਆ ਸ਼ੁਰੂ ਹੋਣ ਵਿੱਚ ਦੇਰੀ ਹੋ ਗਈ, ਜਿਸ ਕਰਕੇ 3,700 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੋਂ ਵਾਪਸ ਮੁੜਨਾ ਪਿਆ। ਇੱਕੋ ਮਹੀਨੇ ਵਿੱਚ ਦੂਜੀ ਵਾਰ ਨਮੋਸ਼ੀ ਦਾ ਸਾਹਮਣਾ ਕਰ ਰਹੀ ‘ਨੈਸ਼ਨਲ ਟੈਸਟਿੰਗ ਏਜੰਸੀ’ ਨੇ ਹੁਣ ਐਲਾਨ ਕੀਤਾ ਹੈ ਕਿ ਇਨ੍ਹਾਂ ਪ੍ਰੀਖਿਆਰਥੀਆਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇਗਾ। ਭਾਵੇਂ ਲਗਪਗ 95 ਫ਼ੀਸਦੀ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਪ੍ਰੀਖਿਆ ਦੇਣ ਵਿੱਚ ਕਾਮਯਾਬ ਹੋ ਗਏ ਪਰ ਇਸ ਮੰਦਭਾਗੀ ਘਟਨਾ ਨੇ ਇਸ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਲਈ ਕੀਤੀਆਂ ਤਿਆਰੀਆਂ ਦੇ ਦਾਅਵਿਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਾਫ਼ ਹੈ ਕਿ ਜ਼ਮੀਨੀ ਪੱਧਰ ’ਤੇ ਪੁਖ਼ਤਾ ਇੰਤਜ਼ਾਮ ਕੀਤੇ ਬਿਨਾਂ ਬਾਹਰੀ ਕੰਪਨੀਆਂ ਦੇ ਗੁੰਝਲਦਾਰ ਡਿਜੀਟਲ ਸਿਸਟਮਾਂ ’ਤੇ ਹੱਦੋਂ ਵੱਧ ਨਿਰਭਰ ਰਹਿਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਐੱਨ ਟੀ ਏ ਪਹਿਲਾਂ ਹੀ 3 ਮਈ ਨੂੰ ਹੋਈ ‘ਨੀਟ’ ਪ੍ਰੀਖਿਆ ਦਾ ਪੇਪਰ ਲੀਕ ਹੋਣ ਅਤੇ ਉਸ ਨੂੰ ਰੱਦ ਕੀਤੇ ਜਾਣ ਕਾਰਨ ਨਿਸ਼ਾਨੇ ’ਤੇ ਹੈ। ਇਸ ਮਾਮਲੇ ਦੀ ਜਾਂਚ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ। ਜਦਕਿ ਐੱਨ ਟੀ ਏ ਨੇ ਅਗਲੇ ਸਾਲ ਤੋਂ ਇਹ ਪ੍ਰੀਖਿਆ ਕੰਪਿਊਟਰ ਆਧਾਰਿਤ (ਆਨਲਾਈਨ) ਮੋਡ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੇਪਰ ਲੀਕ ਉਦੋਂ ਹੋਇਆ ਜਦੋਂ ਪੇਪਰ ਸੈੱਟ ਕਰਨ ਦਾ ਕੰਮ ਇੱਕ ਅਜਿਹੀ ‘ਬੇਹੱਦ ਸੁਰੱਖਿਅਤ’ ਜਗ੍ਹਾ ’ਤੇ ਹੋਇਆ ਸੀ, ਜਿੱਥੇ ਫ਼ੋਨ, ਲੈਪਟਾਪ ਜਾਂ ਕੋਈ ਵੀ ਹੋਰ ਇਲੈਕਟ੍ਰੌਨਿਕ ਉਪਕਰਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਸਾਰੇ ਕੱਚੇ ਨੋਟਸ ਨੂੰ ਤੁਰੰਤ ਨਸ਼ਟ ਕਰਨਾ ਲਾਜ਼ਮੀ ਸੀ। ਹੁਣ ਜਦੋਂ ਘਰ ਦੇ ‘ਭੇਤੀ’ ਹੀ ਸ਼ੱਕ ਦੇ ਘੇਰੇ ਵਿੱਚ ਹਨ ਤਾਂ ਸਾਫ਼ ਹੈ ਕਿ ਬਿਮਾਰੀ ਜੜ੍ਹਾਂ ਤੱਕ ਫੈਲੀ ਹੋਈ ਹੈ ਅਤੇ ਸਿਸਟਮ ਅੰਦਰੋਂ ਬਿਲਕੁਲ ਗਲ਼ ਚੁੱਕਾ ਹੈ।

Advertisement

ਇੱਕ ਹੋਰ ਰਾਸ਼ਟਰੀ ਪੱਧਰ ਦੀ ਵਿੱਦਿਅਕ ਸੰਸਥਾ ‘ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ’ ਵੀ ਕੰਪਿਊਟਰ ਸਕਰੀਨ ਰਾਹੀਂ ਪਰਚੇ ਚੈੱਕ ਕਰਨ ਵਾਲੇ ਸਿਸਟਮ ਕਰਕੇ ਕਟਹਿਰੇ ਵਿੱਚ ਹੈ। ਕਈ ਵਿਦਿਆਰਥੀਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਉਨ੍ਹਾਂ ਦੀਆਂ ਉੱਤਰ-ਪੱਤਰੀਆਂ ਦੀ ਅਦਲਾ-ਬਦਲੀ ਹੋਈ ਹੈ, ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਇਹ ਵਿਵਾਦ ਸਾਫ਼ ਇਸ਼ਾਰਾ ਕਰਦੇ ਹਨ ਕਿ ਸਿੱਖਿਆ ਦੇ ਖੇਤਰ ਵਿੱਚੋਂ ਇਮਾਨਦਾਰੀ ਅਤੇ ਜਵਾਬਦੇਹੀ ਹੁਣ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ। ਜਿਵੇਂ-ਜਿਵੇਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦਾ ਰੌਲਾ ਹੋਰ ਗਰਮਾਉਂਦਾ ਜਾ ਰਿਹਾ ਹੈ, ਮੋਦੀ ਸਰਕਾਰ ਸਿਰ ਦੇਸ਼ ਦੇ ਪ੍ਰੀਖਿਆ ਪ੍ਰਬੰਧਾਂ ’ਤੋਂ ਲੋਕਾਂ ਦਾ ਉੱਠ ਚੁੱਕਾ ਭਰੋਸਾ ਮੁੜ ਬੰਨ੍ਹਾਉਣ ਦੀ ਬਹੁਤ ਵੱਡੀ ਤੇ ਗੰਭੀਰ ਜ਼ਿੰਮੇਵਾਰੀ ਆ ਪਈ ਹੈ।

Advertisement

Advertisement
×