ਪ੍ਰਲਯ ਅਜ਼ਮਾਇਸ਼
ਓਡੀਸ਼ਾ ਤੱਟ ਤੋਂ ਇੱਕ ਹੀ ਲਾਂਚਰ ਤੋਂ ਲਗਾਤਾਰ ਦੋ ਪ੍ਰਲਯ ਮਿਜ਼ਾਈਲਾਂ ਦੀ ਭਾਰਤ ਵੱਲੋਂ ਸਫਲ ਅਜ਼ਮਾਇਸ਼ ਮਹਿਜ਼ ਇੱਕ ਤਕਨੀਕੀ ਮੀਲ ਪੱਥਰ ਨਹੀਂ ਸਗੋਂ ਇਹ ਅਜਿਹੇ ਵੇਲੇ ਭਾਰਤ ਦੀਆਂ ਰਵਾਇਤੀ ਸਮਰੱਥਾਵਾਂ ਦੀ ਪਰਿਪੱਕਤਾ ਦਾ ਸੰਕੇਤ ਦਿੰਦਾ ਹੈ ਜਦੋਂ ਖੇਤਰੀ ਸੁਰੱਖਿਆ ਸਬੰਧੀ...
ਓਡੀਸ਼ਾ ਤੱਟ ਤੋਂ ਇੱਕ ਹੀ ਲਾਂਚਰ ਤੋਂ ਲਗਾਤਾਰ ਦੋ ਪ੍ਰਲਯ ਮਿਜ਼ਾਈਲਾਂ ਦੀ ਭਾਰਤ ਵੱਲੋਂ ਸਫਲ ਅਜ਼ਮਾਇਸ਼ ਮਹਿਜ਼ ਇੱਕ ਤਕਨੀਕੀ ਮੀਲ ਪੱਥਰ ਨਹੀਂ ਸਗੋਂ ਇਹ ਅਜਿਹੇ ਵੇਲੇ ਭਾਰਤ ਦੀਆਂ ਰਵਾਇਤੀ ਸਮਰੱਥਾਵਾਂ ਦੀ ਪਰਿਪੱਕਤਾ ਦਾ ਸੰਕੇਤ ਦਿੰਦਾ ਹੈ ਜਦੋਂ ਖੇਤਰੀ ਸੁਰੱਖਿਆ ਸਬੰਧੀ ਅਨਿਸ਼ਚਿਤਤਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਰੈਪਿਡ-ਰਿਸਪਾਂਸ ਪ੍ਰਣਾਲੀਆਂ ਆਧੁਨਿਕ ਯੁੱਧ ਦਾ ਧੁਰਾ ਬਣ ਰਹੀਆਂ ਹਨ। ਡੀ ਆਰ ਡੀ ਓ ਦੁਆਰਾ ਸਵਦੇਸ਼ੀ ਤੌਰ ’ਤੇ ਵਿਕਸਿਤ ਪ੍ਰਲਯ ਇੱਕ ਕੁਆਸੀ-ਬੈਲਿਸਟਿਕ, ਠੋਸ ਈਂਧਣ ਵਾਲੀ ਮਿਜ਼ਾਈਲ ਹੈ ਜੋ ਰਵਾਇਤੀ ਹਮਲਿਆਂ ਲਈ ਨਿਸ਼ਾਨਿਆਂ ਨੂੰ ਮਿੱਥੇ ਮੁਤਾਬਿਕ ਐਨ ਸਹੀ ਥਾਂ ਫੁੰਡਣ ਤਿਆਰ ਕੀਤੀ ਗਈ ਹੈ। ਰਵਾਇਤੀ ਬੈਲਿਸਟਿਕ ਮਿਜ਼ਾਈਲਾਂ ਦੇ ਉਲਟ ਇਹ ਹਵਾ ਵਿੱਚ ਉੱਡਦਿਆਂ ਅਚਾਨਕ ਆਪਣੀ ਦਿਸ਼ਾ ਅਤੇ ਰੇਂਜ ਬਦਲ ਸਕਦੀ ਹੈ, ਜਿਸ ਨਾਲ ਦੁਸ਼ਮਣ ਹਵਾਈ ਰੱਖਿਆ ਪ੍ਰਣਾਲੀਆਂ ਦਾ ਇਸ ਨੂੰ ਰੋਕਣਾ ਮੁਸ਼ਕਿਲ ਹੋਵੇਗਾ। ਇਹ ਨਵੀਨਤਮ ਮਿਜ਼ਾਈਲ ਲਾਂਚ ਜੰਗ ਦੇ ਮੈਦਾਨ ਵਿੱਚ ਤਾਇਨਾਤੀ ਲਈ ਦੇਸ਼ ਦੀ ਤਿਆਰੀ ਦੀ ਪੁਸ਼ਟੀ ਕਰਦਾ ਹੈ। ਇਹ ਅਜ਼ਮਾਇਸ਼ ਭਾਰਤ ਦੇ ਹਮਲਾ ਕਰਨ ਦੇ ਸਮਰੱਥ ਹਥਿਆਰਾਂ ਵਿੱਚ ਇੱਕ ਅਹਿਮ ਖੱਪੇ ਨੂੰ ਪੂਰਦੀ ਹੈ। ਮੁੱਖ ਰਣਨੀਤਕ ਅਤੇ ਕਾਰਜਸ਼ੀਲ ਨਿਸ਼ਾਨਿਆਂ ਤੱਕ ਪਹੁੰਚ ਸਕਣ ਦੇ ਸਮਰੱਥ ਪ੍ਰਲਯ ਮਿਜ਼ਾਈਲ ਰਵਾਇਤੀ ਭੜਕਾਹਟਾਂ ਦਾ ਤੇਜ਼ੀ ਨਾਲ ਜਵਾਬ ਦੇਣ ਦੀ ਭਾਰਤ ਦੀ ਯੋਗਤਾ ’ਚ ਵਾਧਾ ਕਰਦੀ ਹੈ। ਅਜੋਕੇ ਯੁੱਗ ਵਿੱਚ ਮੁਲਕਾਂ ਦਰਮਿਆਨ ਟਕਰਾਅ ਵੱਡੇ ਪੈਮਾਨੇ ਦੀ ਜੰਗ ਵਿੱਚ ਬਦਲਣ ਦੇ ਆਸਾਰ ਘਟਦੇ ਜਾ ਰਹੇ ਹਨ। ਇਸ ਲਈ ਅਜਿਹੇ ਸਿਸਟਮ ਨੀਤੀਘਾੜਿਆਂ ਨੂੰ ਮਹੱਤਵਪੂਰਨ ਵਿਕਲਪ ਮੁਹੱਈਆ ਕਰਦੇ ਹਨ।
ਇਸ ਅਜ਼ਮਾਇਸ਼ ਦਾ ਸੰਸਥਾਗਤ ਤੌਰ ’ਤੇ ਪ੍ਰਗਟਾਵਾ ਵੀ ਓਨਾ ਹੀ ਅਹਿਮ ਹੈ। ਅਜ਼ਮਾਇਸ਼ਾਂ ’ਚ ਇਨ੍ਹਾਂ ਮਿਜ਼ਾਈਲਾਂ ਦੀ ਵਾਰ-ਵਾਰ ਸਫ਼ਲਤਾ ਹਥਿਆਰਬੰਦ ਬਲਾਂ ਦੇ ਸਵਦੇਸ਼ੀ ਪ੍ਰਣਾਲੀਆਂ ਵਿੱਚ ਵਧ ਰਹੇ ਵਿਸ਼ਵਾਸ ਨੂੰ ਉਜਾਗਰ ਕਰਦੀ ਹੈ। ਇਸ ਦੇ ਨਾਲ ਹੀ ਇਹ ਰੱਖਿਆ ਸਬੰਧੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੇ ਨਿਰਮਾਣ ਵਿੱਚ ਸਵੈ-ਨਿਰਭਰਤਾ ਵੱਲ ਵਧਦੇ ਕਦਮਾਂ ਨੂੰ ਮਜ਼ਬੂਤੀ ਬਖ਼ਸ਼ਦੀ ਹੈ। ਪਿਨਾਕਾ ਤੋਂ ਪ੍ਰਲਯ ਤੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਖੇਤਰਾਂ ਵਿੱਚ ਭਾਰਤ ਆਯਾਤ ਪਲੈਟਫਾਰਮਾਂ ’ਤੇ ਆਪਣੀ ਨਿਰਭਰਤਾ ਨੂੰ ਲਗਾਤਾਰ ਘਟਾ ਰਿਹਾ ਹੈ। ਹਾਲਾਂਕਿ ਦੇਸ਼ ਦੀ ਸੁਰੱਖਿਆ ਸਿਰਫ਼ ਰੱਖਿਆ ਸਾਜ਼ੋ-ਸਾਮਾਨ ’ਤੇ ਨਿਰਭਰ ਨਹੀਂ ਕਰਦੀ। ਉਕਾਈਆਂ ਨੂੰ ਰੋਕਣ ਲਈ ਇਸ ਨੂੰ ਸਪੱਸ਼ਟ ਸਿਧਾਂਤਾਂ, ਸਿਆਸੀ ਸੰਜਮ ਅਤੇ ਮਜ਼ਬੂਤ ਸੰਕਟ-ਪ੍ਰਬੰਧਨ ਵਿਧੀਆਂ ਦੀ ਲੋੜ ਹੁੰਦੀ ਹੈ। ਭਾਰਤ ਆਪਣੀਆਂ ਰਵਾਇਤੀ ਹਮਲਾਵਰ ਸਮਰੱਥਾਵਾਂ ’ਚ ਵਾਧਾ ਕਰ ਰਿਹਾ ਹੈ, ਪਰ ਇਸ ਨੂੰ ਇਸ ਖੇਤਰ ’ਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕੂਟਨੀਤਕ ਸੰਕੇਤਾਂ ਅਤੇ ਵਿਸ਼ਵਾਸ ਉਪਜਾਉਣ ਬਾਰੇ ਉਪਾਵਾਂ ਵਿੱਚ ਵੀ ਨਿਵੇਸ਼ ਕਰਨਾ ਚਾਹੀਦਾ ਹੈ। ਪ੍ਰਲਯ ਦੀ ਸਫ਼ਲ ਅਜ਼ਮਾਇਸ਼ ਦਰਸਾਉਂਦੀ ਹੈ ਕਿ ਭਾਰਤ ਹੁਣ ਐਨ ਸਹੀ ਟਿਕਾਣਿਆਂ ’ਤੇ ਹਮਲਾ ਕਰਨ ਦੇ ਸਮਰੱਥ ਹੈ। ਹੁਣ ਚੁਣੌਤੀ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਇਸ ਵਧ ਰਹੀ ਫ਼ੌਜੀ ਸਮਰੱਥਾ ਦਾ ਰਣਨੀਤਕ ਸਪੱਸ਼ਟਤਾ ਅਤੇ ਜ਼ਿੰਮੇਵਾਰੀ ਵਾਲੀ ਸਿਆਸਤ ਨਾਲ ਫ਼ਾਇਦਾ ਲਿਆ ਜਾਵੇ।

