DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏ ਆਈ ਕੰਪਨੀਆਂ ਦਾ ਵਿੱਤੀ ਬੁਲਬੁਲਾ

ਮਸ਼ਹੂਰ ਅਮਰੀਕੀ ਪੱਤਰਕਾਰ ਚਾਰਲਸ ਗੈਸਪਰੀਨੋ ਨੇ ਪਿੱਛੇ ਜਿਹੇ ‘ਨਿਊਯੌਰਕ ਪੋਸਟ’ ਵਿੱਚ ‘ਏ ਆਈ ਗੁਬਾਰਾ ਫੁੱਟਣ ਵਾਲਾ ਹੈ’ ਸਿਰਲੇਖ ਹੇਠ ਛਪੇ ਆਪਣੇ ਲੇਖ ਵਿੱਚ ਦੱਸਿਆ ਹੈ ਕਿ ਸਾਲ 2000 ਵਿੱਚ ਇੰਟਰਨੈੱਟ ਬਾਰੇ ਅਜਿਹੀਆਂ ਹੀ ਗੱਲਾਂ ਕਹੀਆਂ ਜਾ ਰਹੀਆਂ ਸਨ, ਜਿਹੋ ਜਿਹੀਆਂ...

  • fb
  • twitter
  • whatsapp
  • whatsapp
Advertisement

ਮਸ਼ਹੂਰ ਅਮਰੀਕੀ ਪੱਤਰਕਾਰ ਚਾਰਲਸ ਗੈਸਪਰੀਨੋ ਨੇ ਪਿੱਛੇ ਜਿਹੇ ‘ਨਿਊਯੌਰਕ ਪੋਸਟ’ ਵਿੱਚ ‘ਏ ਆਈ ਗੁਬਾਰਾ ਫੁੱਟਣ ਵਾਲਾ ਹੈ’ ਸਿਰਲੇਖ ਹੇਠ ਛਪੇ ਆਪਣੇ ਲੇਖ ਵਿੱਚ ਦੱਸਿਆ ਹੈ ਕਿ ਸਾਲ 2000 ਵਿੱਚ ਇੰਟਰਨੈੱਟ ਬਾਰੇ ਅਜਿਹੀਆਂ ਹੀ ਗੱਲਾਂ ਕਹੀਆਂ ਜਾ ਰਹੀਆਂ ਸਨ, ਜਿਹੋ ਜਿਹੀਆਂ ਅੱਜ ਏ ਆਈ ਬਾਰੇ ਆਖੀਆਂ ਜਾ ਰਹੀਆਂ ਹਨ। ਉਦੋਂ ਕਿਹਾ ਜਾ ਰਿਹਾ ਸੀ ਕਿ ਇੰਟਰਨੈੱਟ ਨਾਮ ਦੀ ਸ਼ੈਅ ਪੂਰੀ ਦੁਨੀਆ ਦੇ ਕਾਰੋਬਾਰਾਂ ਨੂੰ ਬਦਲ ਕੇ ਰੱਖ ਦੇਵੇਗੀ ਤੇ ਇਸ ਹੋਣ ਵਾਲੇ ਮੁਨਾਫ਼ੇ ਨਾਲ ਅਮੀਰ ਤੇ ਗ਼ਰੀਬ ਦੋਵੇਂ ਵਰਗਾਂ ਨੂੰ ਲਾਭ ਮਿਲੇਗਾ। ਇਹ ਲਾਹਾ ਲੈਣ ਲਈ ਲੋਕਾਂ ਨੂੰ ਉਦੋਂ ਇੰਟਰਨੈੱਟ ਕੰਪਨੀਆਂ ਦੇ ਸ਼ੇਅਰ ਖਰੀਦਣ ਲਈ ਕਿਹਾ ਗਿਆ ਸੀ ਅਤੇ ਹੁਣ ਏ ਆਈ ਤੇ ਤਕਨੀਕੀ ਕੰਪਨੀਆਂ ਦੇ ਸ਼ੇਅਰ ਖਰੀਦਣ ਲਈ ਕਿਹਾ ਜਾ ਰਿਹਾ ਹੈ। ਗੈਸਪਰੀਨੋ ਅਨੁਸਾਰ ਸਾਲ 2000 ਵਿੱਚ ਇੰਟਰਨੈੱਟ ਨਾਲ ਸਬੰਧਿਤ ਵਿੱਤੀ ਬੁਲਬੁਲਾ ਫੁੱਟਣ ਨਾਲ ਕਿੰਨੇ ਹੀ ਨਿਵੇਸ਼ਕਾਂ ਦਾ ਨੁਕਸਾਨ ਹੋਇਆ ਤੇ ਹੁਣ ਸੱਟਾ ਬਾਜ਼ਾਰ ਅਜਿਹੇ ਹੀ ਸੁਨੇਹੇ ਏ ਆਈ ਦੇ ਸਬੰਧ ਵਿੱਚ ਦੇ ਰਿਹਾ ਹੈ।

ਆਓ, ਗੈਸਪਰੀਨੋ ਦੇ ਲੇਖ ਵਿੱਚ ਕੀਤੀ ਭਵਿੱਖਬਾਣੀ ਦੇ ਸੰਦਰਭ ਨੂੰ ਵਾਚਦੇ ਹਾਂ। ਅਸਲ ਵਿੱਚ ਪਿਛਲੇ ਸਮੇਂ ਦੌਰਾਨ ਅਮਰੀਕੀ ਸੱਟਾ ਬਾਜ਼ਾਰ ਵਿੱਚ ਏ ਆਈ ਤੇ ਤਕਨੀਕ ਨਾਲ ਸਬੰਧਿਤ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਭਾਵੇਂ ਪੂਰੇ ਸਾਲ ਦੌਰਾਨ ਇਨ੍ਹਾਂ ਵਿੱਚ ਕਾਫ਼ੀ ਵਾਧਾ ਹੋਇਆ ਸੀ। ਕੋਰਵੀਵ ਨਾਮ ਦੀ ਕੰਪਨੀ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ। ਸ਼ੇਅਰ ਬਾਜ਼ਾਰ ਵਿੱਚ ਇਸ ਕੰਪਨੀ ਦੇ ਸ਼ੇਅਰਾਂ ਦੇ ਮੁੱਲ ਵਿੱਚ ਕੁੱਲ 51 ਫ਼ੀਸਦੀ ਦਾ ਘਾਟਾ ਦਰਜ ਹੋਇਆ। ਇੰਝ ਹੀ ਅਕਤੂਬਰ ਦੇ ਮੱਧ ਵਿੱਚ ਏ ਆਈ ਨਾਲ ਸਬੰਧਿਤ ਹੋਰ ਕਈ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਵੱਡੀ ਗਿਰਾਵਟ ਆਈ, ਜਿਨ੍ਹਾਂ ਵਿੱਚੋਂ ਕੁਝ ਹਨ: ਨੇਬਿਊਸ ਗਰੁੱਪ, ਅਪਲਾਈਡ ਡਿਜੀਟਲ ਤੇ ਆਇਰਿਸ ਐਨਰਜੀ ਆਦਿ। ਪਿਛਲੇ ਕੁਝ ਸਮੇਂ ਦੌਰਾਨ ਸੱਟਾ ਬਾਜ਼ਾਰ ’ਚ ਏ ਆਈ ਕੰਪਨੀਆਂ ਅਤੇ ਏ ਆਈ ਨੂੰ ਹੁਲਾਰਾ ਦੇਣ ਵਾਲੀਆਂ ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੇ ਪੱਧਰ ’ਤੇ ਵਾਧਾ ਦਰਜ ਹੋ ਰਿਹਾ ਸੀ ਅਤੇ ਸੱਟਾ ਬਾਜ਼ਾਰ ਦੀਆਂ ਹਾਲੀਆਂ ਕੁਝ ਘਟਨਾਵਾਂ ਨੇ ਇਸ ਗੱਲ ’ਤੇ ਮੋਹਰ ਲਾ ਦਿੱਤੀ ਹੈ ਕਿ ਇਸ ਰੁਝਾਨ ਨੇ ਵਿੱਤੀ ਬੁਲਬੁਲੇ ਨੂੰ ਜਨਮ ਦਿੱਤਾ ਹੈ। ਵਿੱਤੀ ਬੁਲਬੁਲੇ ਤੋਂ ਭਾਵ ਸੱਟਾ ਬਾਜ਼ਾਰ ’ਚ ਕਿਸੇ ਕੰਪਨੀ ਦੇ ਉਸ ਮੁਲਾਂਕਣ ਤੋਂ ਹੁੰਦਾ ਹੈ, ਜੋ ਉਸ ਦੀ ਅਸਲ ਕਮਾਈ/ਮੁਨਾਫ਼ਾਯੋਗਤਾ ਤੋਂ ਬਹੁਤ ਵੱਧ ਹੋਵੇ। ਇਸ ਗੱਲ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝਦੇ ਹਾਂ।

Advertisement

ਇਸ ਸਾਲ ਸੰਯੁਕਤ ਰਾਜ ਅਮਰੀਕਾ ਦੀ ਵਾਧਾ ਦਰ ਵਿੱਚ ਵੱਡਾ ਹਿੱਸਾ ਏ ਆਈ ਤਾਣੇ-ਬਾਣੇ (ਜਿਸ ਵਿੱਚ ਵੱਡੇ ਡੇਟਾ ਕੇਂਦਰ ਮੁੱਖ ਹਨ) ਨੇ ਪਾਇਆ ਹੈ। ਹਾਲ ਦੀ ਘੜੀ ਵੱਡੀਆਂ ਤਕਨੀਕੀ ਕੰਪਨੀਆਂ ਜਿਵੇਂ ਐਮਾਜ਼ੋਨ, ਮਾਈਕਰੋਸੌਫਟ ਅਤੇ ਐਲਫਾਬੈਟ ਆਦਿ ਇਸ ਤਾਣੇ-ਬਾਣੇ ਨੂੰ ਉਸਾਰਨ ਵਿੱਚ ਅਰਬਾਂ ਖਰਬਾਂ ਅਮਰੀਕੀ ਡਾਲਰ ਲਾ ਕੇ ਵੱਡਾ ਨਿਵੇਸ਼ ਕਰ ਰਹੀਆਂ ਹਨ, ਜਿਸ ਨਾਲ ਹਾਲ ਦੀ ਘੜੀ ਰੁਜ਼ਗਾਰ ਵੀ ਮਿਲ ਰਿਹਾ ਹੈ ਤੇ ਕਈ ਨਵੀਆਂ ਕੰਪਨੀਆਂ ਵੀ ਵਧ ਫੁਲ ਰਹੀਆਂ ਹਨ। ਇਸ ਨਿਵੇਸ਼ ਨਾਲ ਸ਼ੇਅਰ ਬਾਜ਼ਾਰ ਨੂੰ ਇਸ਼ਾਰਾ ਮਿਲ ਰਿਹਾ ਸੀ ਕਿ ਅਗਲੇਰੇ ਸਮੇਂ ਵਿੱਚ ਏ ਆਈ ਨਾਲ ਸਬੰਧਿਤ ਕੰਪਨੀਆਂ ਦੇ ਹੋਰ ਵੀ ਵਧੇਰੇ ਵਧਣ ਦੀ ਆਸ ਹੈ, ਜਿਸ ਕਰਕੇ ਕੋਰਵੀਵ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਕਾਫ਼ੀ ਵਧੀ।

Advertisement

ਗ਼ੌਰਤਲਬ ਹੈ ਕਿ ਐਮਾਜ਼ੋਨ, ਮਾਈਕਰੋਸੌਫਟ, ਐਲਫਾਬੈਟ ਤੇ ਹੋਰ ਕੰਪਨੀਆਂ ਵੱਲੋਂ ਏ ਆਈ ਤਾਣੇ-ਬਾਣੇ ਵਿੱਚ ਕੀਤੇ ਨਿਵੇਸ਼ ਉੱਤੇ ਹਾਲ ਦੀ ਘੜੀ ਮੁਨਾਫ਼ਾ ਨਹੀਂ ਮਿਲ ਰਿਹਾ। ਇਹ ਨਿਵੇਸ਼ ਭਵਿੱਖ ਵਿੱਚ ਹੋਣ ਵਾਲੇ ਮੁਨਾਫ਼ੇ ਦੀ ਆਸ ਵਿੱਚ ਕੀਤੇ ਜਾ ਰਹੇ ਹਨ। ਇਹ ਮੁਨਾਫ਼ਾ ਅੱਗੇ ਇਸ ਆਸ ਉੱਤੇ ਟਿਕਿਆ ਹੋਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਏ ਆਈ ਦੀ ਵਰਤੋਂ ਵੱਡੇ ਪੱਧਰ ਉੱਤੇ ਕੁੱਲ ਦੁਨੀਆ ਦੇ ਅਰਥਚਾਰੇ ਨੂੰ ਪ੍ਰਭਾਵਿਤ ਕਰੇਗੀ। ਏ ਆਈ ਦੀ ਹੋਣ ਵਾਲੀ ਭਵਿੱਖੀ ਮੰਗ ਨੂੰ ਇਹ ਕੰਪਨੀਆਂ ਵੱਧ ਕੀਮਤਾਂ ’ਤੇ ਪੂਰਾ ਕਰਕੇ ਆਪਣੇ ਨਿਵੇਸ਼ ਉੱਤੇ ਮੋਟਾ ਮੁਨਾਫ਼ਾ ਕਮਾਉਣਾ ਲੋਚਦੀਆਂ ਹਨ। ਨਾਲ ਹੀ ਨਿਵੇਸ਼ਕਾਂ (ਜਿਸ ਵਿੱਚ ਆਮ ਲੋਕਾਂ ਦਾ ਵੀ ਕਾਫ਼ੀ ਹਿੱਸਾ ਸ਼ਾਮਿਲ ਹੈ) ਨੂੰ ਏ ਆਈ ਦੀ ਭਵਿੱਖੀ ਵਰਤੋਂ ਵਿੱਚ ਵਿਸ਼ਵਾਸ ਦਿਵਾਉਣ ਲਈ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਵੇਂ ਕੁਝ ਸਮੇਂ ਬਾਅਦ ਏ ਆਈ ਦੀ ਮਦਦ ਤੋਂ ਬਿਨਾਂ ਕੋਈ ਵੀ ਕੰਮ ਤੇ ਕਾਰੋਬਾਰ ਨਹੀਂ ਚੱਲ ਸਕੇਗਾ। ਇਸ ਪ੍ਰਚਾਰ ਦੇ ਹੋਰ ਪੱਖਾਂ ਨੂੰ ਛੱਡ ਦੇਈਏ ਤਾਂ ਇਸ ਪਿੱਛੇ ਅਹਿਮ ਕਾਰਨ ਸੱਟਾ ਬਾਜ਼ਾਰ ਵਿੱਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬਣਾਈ ਰੱਖਣਾ ਹੈ ਪਰ ਇਸ ਸਾਰੇ ਲੰਮੇ-ਚੌੜੇ ਪ੍ਰਚਾਰ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਦਰਅਸਲ, ਏ ਆਈ ਲਾਜ਼ਮੀ ਤਕਨੀਕ ਵਜੋਂ ਵੱਡਾ ਮਹੱਤਵ ਰੱਖਦੀ ਹੈ ਪਰ ਇਸ ਦੀ ਕੁੱਲ ਤਾਕਤ ਅਤੇ ਫੌਰੀ ਪ੍ਰਭਾਵ ਨੂੰ ਵਧਾ ਚੜ੍ਹਾ ਕੇ ਦੇਖਿਆ ਜਾ ਰਿਹਾ ਹੈ। ਪਹਿਲੀ ਗੱਲ, ਜਦੋਂ ਵੀ ਕੋਈ ਨਵੀਂ ਤਕਨੀਕ ਕਿਸੇ ਖੇਤਰ ਵਿੱਚੋਂ ਮਨੁੱਖੀ ਕਿਰਤ ਨੂੰ ਮਨਫ਼ੀ ਕਰਦੀ ਹੈ ਤਾਂ ਨਾਲ ਹੀ ਅਜਿਹੇ ਕਈ ਹੋਰ ਖੇਤਰ ਵੀ ਪੈਦਾ ਕਰਦੀ ਹੈ, ਜਿੱਥੇ ਮਨੁੱਖੀ ਕਿਰਤ ਦੀ ਲੋੜ ਹੁੰਦੀ ਹੈ। ਦੁਨੀਆ ਭਰ ਦੇ ਮਾਹਿਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਦਾਅਵਾ ਬੇਬੁਨਿਆਦ ਹੈ ਕਿ ਏ ਆਈ ਮਨੁੱਖੀ ਕਿਰਤ ਨੂੰ ਲਾਂਭੇ ਕਰ ਦੇਵੇਗੀ। ਦੂਜੀ ਗੱਲ, ਜਿਸ ਦਾ ਅਸਰ ਸਿੱਧਾ ਵੱਡੀਆਂ ਤਕਨੀਕੀ ਅਤੇ ਏ ਆਈ ਕੰਪਨੀਆਂ ਉੱਤੇ ਪਵੇਗਾ, ਉਹ ਇਹ ਹੈ ਕਿ ਜਿੰਨਾ ਕੁ ਏ ਆਈ ਤਕਨੀਕ ਹਾਲ ਹੀ ਵਿੱਚ ਵਿਕਸਿਤ ਹੋਈ ਹੈ ਉਹ ਮੁੱਖ ਤੌਰ ਉੱਤੇ ਸੇਵਾ ਖੇਤਰ ਅਤੇ ਕੁਝ ਹੱਦ ਤੱਕ ਸਨਅਤੀ ਖੇਤਰ ਲਈ ਹੀ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ ਵੀ ਕੁੱਲ ਕੰਮ ਦੇ ਗਿਣਨਯੋਗ ਹਿੱਸੇ ਨੂੰ ਪ੍ਰਭਾਵਿਤ ਕਰਨ ਤੋਂ ਇਹ ਤਕਨੀਕ ਹਾਲੇ ਕੋਹਾਂ ਦੂਰ ਹੈ। ਇਸ ਦਾ ਭਾਵ ਇਹ ਹੈ ਕਿ ਕੁੱਲ ਅਰਥਚਾਰੇ ਵਿੱਚ ਇਸ ਦਾ ਵੱਡੇ ਪੱਧਰ ਉੱਤੇ ਇਸਤੇਮਾਲ ਹਾਲੇ ਸੰਭਵ ਨਹੀਂ। ਇਸ ਦਾ ਮਤਲਬ ਹੈ ਕਿ ਇਸ ’ਤੇ ਨਿਵੇਸ਼ ਕੀਤੇ ਗਏ ਖਰਬਾਂ ਅਮਰੀਕੀ ਡਾਲਰਾਂ ਬਦਲੇ ਆਮਦਨ ਆਉਣ ਵਿੱਚ ਹਾਲੇ ਕਾਫ਼ੀ ਸਮਾਂ ਲੱਗੇਗਾ। ਨਾਲ ਹੀ ਇਨ੍ਹਾਂ ਅਮਰੀਕੀ ਕੰਪਨੀਆਂ ਨੂੰ ਚੀਨੀ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਮੁਕਾਬਲੇ ਨਾਲ ਵੀ ਸਿੱਝਣਾ ਪੈ ਰਿਹਾ ਹੈ, ਜਿਸ ਨਾਲ ਏ ਆਈ ਉਤਪਾਦਾਂ ਦੀ ਮੁਕਾਬਲਤਨ ਕੀਮਤ ਹੇਠਾਂ ਜਾ ਸਕਦੀ ਹੈ। ਇਹ ਮੁਕਾਬਲਾ ਅੱਗੇ ਜਾ ਕੇ ਹੋਰ ਤੀਬਰ ਵੀ ਹੋ ਸਕਦਾ ਹੈ। ਏ ਆਈ ’ਤੇ ਲਗਾਤਾਰ ਵਧ ਰਿਹਾ ਖ਼ਰਚ ਤੇ ਉੱਪਰ ਵਿਚਾਰੇ ਗਏ ਕਾਰਨਾਂ ਕਰਕੇ ਭਵਿੱਖੀ ਮੁਨਾਫ਼ੇ ਦੀ ਅਸਥਿਰਤਾ ਕਾਰਨ ਵਿੱਤੀ ਬਾਜ਼ਾਰ ਵਿੱਚ ਇਨ੍ਹਾਂ ਕੰਪਨੀਆਂ ਵਿੱਚ ਵਿਸ਼ਵਾਸ ਕੁਝ ਘਟ ਰਿਹਾ ਹੈ। ਏ ਆਈ ਨਾਲ ਸਬੰਧਿਤ ਇਹ ਵਿੱਤੀ ਬੁਲਬੁਲਾ ਜਦੋਂ ਵੀ ਫੁੱਟੇਗਾ ਤਾਂ ਲਾਜ਼ਮੀ ਹੀ ਪਿਛਲੇ ਬੁਲਬੁਲਿਆਂ ਵਾਂਗ ਕੁੱਲ ਦੁਨੀਆ ਦੇ ਅਰਥਚਾਰੇ ਤੇ ਖ਼ਾਸਕਰ ਆਮ ਲੋਕਾਂ ਨੂੰ ਇਸ ਦਾ ਸੇਕ ਝੱਲਣਾ ਪਵੇਗਾ।

*ਅਸਿਸਟੈਂਟ ਪ੍ਰੋਫੈਸਰ, ਚੰਡੀਗੜ੍ਹ ਯੂਨੀਵਰਸਿਟੀ

**ਪੀਐੱਚ ਡੀ, ਅਰਥਸ਼ਾਸਤਰ।

Advertisement
×