ਬਾਲ ਵਿਆਹਾਂ ਦੀ ਕੁਪ੍ਰਥਾ
ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਸਿਰਫ਼ ਅੱਠ ਦਿਨਾਂ ਦੇ ਅੰਦਰ ਸ਼ੱਕੀ ਬਾਲ ਵਿਆਹਾਂ ਦੇ ਪੰਜ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਵਿਆਹ ਰੋਕ ਲਏ ਗਏ ਹਨ ਅਤੇ ਦੋ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਇਹ ਘਟਨਾਵਾਂ ਇਸ ਗੱਲ ਤੋਂ...
ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਸਿਰਫ਼ ਅੱਠ ਦਿਨਾਂ ਦੇ ਅੰਦਰ ਸ਼ੱਕੀ ਬਾਲ ਵਿਆਹਾਂ ਦੇ ਪੰਜ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਵਿਆਹ ਰੋਕ ਲਏ ਗਏ ਹਨ ਅਤੇ ਦੋ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਇਹ ਘਟਨਾਵਾਂ ਇਸ ਗੱਲ ਤੋਂ ਪਰਦਾ ਚੁੱਕਦੀਆਂ ਹਨ ਕਿ ਕਾਨੂੰਨ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਇਹ ਕੁਪ੍ਰਥਾ ਅਜੇ ਵੀ ਜਾਰੀ ਹੈ। ਪ੍ਰਸ਼ਾਸਨ, ਪੁਲੀਸ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਕੀਤੀ ਗਈ ਫ਼ੌਰੀ ਕਾਰਵਾਈ ਸ਼ਲਾਘਾਯੋਗ ਹੈ ਪਰ ਵਾਰ-ਵਾਰ ਸਾਹਮਣੇ ਆਉਂਦੇ ਇਹ ਬਚਾਅ ਕਾਰਜ ਇੱਕ ਗੰਭੀਰ ਸਵਾਲ ਖੜ੍ਹਾ ਕਰਦੇ ਹਨ ਕਿ ਪਰਿਵਾਰ ਅਜੇ ਵੀ ਅਜਿਹੇ ਵਿਆਹ ਕਿਉਂ ਕਰ ਰਹੇ ਹਨ? ਜੀਂਦ ਵਿੱਚ ਹੀ ਪਹਿਲਾਂ ਸਾਹਮਣੇ ਆਇਆ ਇੱਕ ਹੋਰ ਮਾਮਲਾ ਸੋਚ ਵਿੱਚ ਡੂੰਘੀ ਤਬਦੀਲੀ ਲਿਆਉਣ ਦੀ ਜ਼ਰੂਰਤ ਨੂੰ ਬਾਖ਼ੂਬੀ ਦਰਸਾਉਂਦਾ ਹੈ, ਜਿੱਥੇ ਅਧਿਕਾਰੀਆਂ ਨੇ 12 ਸਾਲਾਂ ਦੀ ਇੱਕ ਬੱਚੀ ਦਾ ਵਿਆਹ 31 ਸਾਲਾਂ ਦੇ ਵਿਅਕਤੀ ਨਾਲ ਹੋਣੋਂ ਰੋਕਿਆ ਸੀ। ਰਿਪੋਰਟਾਂ ਮੁਤਾਬਿਕ ਇਸ ਦਖ਼ਲਅੰਦਾਜ਼ੀ ਕਾਰਨ ਪਰਿਵਾਰਾਂ ਦੀ ਸੋਚ ਬਦਲੀ ਅਤੇ ਇਸ ਨਾਲ ਬਿਹਾਰ ਵਿੱਚ ਵੀ ਅਜਿਹੇ ਵਿਆਹਾਂ ਨੂੰ ਰੋਕਣ ਲਈ ਹੋਰ ਹੱਲਾਸ਼ੇਰੀ ਮਿਲੀ। ਅਜਿਹੇ ਸਕਾਰਾਤਮਕ ਅਸਰ ਇਹ ਸਾਬਿਤ ਕਰਦੇ ਹਨ ਕਿ ਲੋਕਾਂ ਨੂੰ ਨਾਲ ਜੋੜ ਕੇ ਉਨ੍ਹਾਂ ਪੁਰਾਣੇ ਰੀਤੀ-ਰਿਵਾਜਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਜੋ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਲੈਂਦੇ ਹਨ।
ਕੁਰੂਕਸ਼ੇਤਰ ਵਿੱਚ 2021-22 ਤੋਂ ਲੈ ਕੇ ਹੁਣ ਤੱਕ ਬਾਲ ਵਿਆਹ ਦੀਆਂ 71 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 30 ਵਿਆਹ ਕਾਊਂਸਲਿੰਗ ਜਾਂ ਅਦਾਲਤੀ ਦਖ਼ਲ ਰਾਹੀਂ ਰੋਕੇ ਗਏ ਜਦੋਂਕਿ 18 ਮਾਮਲੇ ਉਹ ਸਨ ਜਿੱਥੇ ਵਿਆਹ ਪਹਿਲਾਂ ਹੀ ਹੋ ਚੁੱਕੇ ਸਨ ਅਤੇ ਮਾਮਲੇ ਪੁਲੀਸ ਨੂੰ ਸੌਂਪ ਦਿੱਤੇ ਗਏ। ਬਾਕੀ ਰਹਿੰਦੀਆਂ 23 ਸ਼ਿਕਾਇਤਾਂ ਉਨ੍ਹਾਂ ਜੋੜਿਆਂ ਨਾਲ ਸਬੰਧਿਤ ਸਨ, ਜੋ ਜਾਂਚ ਦੌਰਾਨ ਬਾਲਗ ਪਾਏ ਗਏ। ਇਹ ਅੰਕੜੇ ਸਮੇਂ ਸਿਰ ਦਖ਼ਲ ਦੇਣ ਦੀ ਅਹਿਮੀਅਤ ਅਤੇ ਕਾਰਵਾਈ ਤੋਂ ਬਾਅਦ ਇਸ ਦੀ ਸਾਰਥਕ ਨਿਗਰਾਨੀ ਦੀ ਲੋੜ ਨੂੰ ਉਜਾਗਰ ਕਰਦੇ ਹਨ। ਸਾਲ 2025-26 ਦੌਰਾਨ ਪੂਰੇ ਹਰਿਆਣਾ ਵਿੱਚ ਦਰਜ 402 ਸ਼ਿਕਾਇਤਾਂ ਇਸ ਸਮੱਸਿਆ ਦੇ ਵਿਆਪਕ ਰੂਪ ਨੂੰ ਸਾਹਮਣੇ ਲਿਆਉਂਦੀਆਂ ਹਨ। ਪਿਛਲੇ ਕਈ ਮਾਮਲਿਆਂ ਵਿੱਚ ਸਜ਼ਾਵਾਂ ਨਾ ਹੋਣਾ ਪੁਲੀਸ ਜਾਂਚ ਅਤੇ ਮੁਕੱਦਮੇਬਾਜ਼ੀ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ‘ਬਾਲ ਵਿਆਹ ਰੋਕੂ ਕਾਨੂੰਨ 2006’ ਤਹਿਤ ਵਿਆਹ ਲਈ ਘੱਟੋ-ਘੱਟ ਉਮਰ ਔਰਤਾਂ ਲਈ 18 ਸਾਲ ਅਤੇ ਮਰਦਾਂ ਲਈ 21 ਸਾਲ ਤੈਅ ਕੀਤੀ ਗਈ ਹੈ।
ਕਾਨੂੰਨ ਲਾਗੂ ਕਰਨ ਦੇ ਨਾਲ-ਨਾਲ ਲਗਾਤਾਰ ਜਾਗਰੂਕਤਾ, ਬੱਚਿਆਂ ਦਾ ਸਕੂਲਾਂ ਵਿੱਚ ਰਹਿਣਾ, ਕਾਊਂਸਲਿੰਗ ਅਤੇ ਲੋੜਵੰਦ ਪਰਿਵਾਰਾਂ ਦੀ ਹਮਾਇਤ ਕਰਨੀ ਬਹੁਤ ਜ਼ਰੂਰੀ ਹੈ। ਘਰੋਂ ਭੱਜ ਜਾਣ ਦਾ ਡਰ ਅਤੇ ਪਰਿਵਾਰਕ ਇੱਜ਼ਤ ਦੀ ਚਿੰਤਾ ਮਾਪਿਆਂ ਨੂੰ ਕਾਹਲੀ ਵਿੱਚ ਵਿਆਹ ਕਰਨ ਲਈ ਮਜਬੂਰ ਕਰ ਦਿੰਦੀ ਹੈ। ਸਿਰਫ਼ ਆਰਥਿਕ ਮਦਦ ਨਾਲ ਹੀ ਅਜਿਹੀ ਮਾਨਸਿਕਤਾ ਨੂੰ ਨਹੀਂ ਬਦਲਿਆ ਜਾ ਸਕਦਾ। ਪ੍ਰਸ਼ਾਸਨ ਨੂੰ ਸ਼ਿਕਾਇਤ ਤੋਂ ਲੈ ਕੇ ਅਦਾਲਤੀ ਫ਼ੈਸਲੇ ਤੱਕ ਹਰੇਕ ਮਾਮਲੇ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਾਲ ਵਿਆਹ ਤੋਂ ਬਚਾਏ ਗਏ ਬੱਚੇ ਸੁਰੱਖਿਅਤ ਰਹਿਣ ਅਤੇ ਪੜ੍ਹਾਈ ਜਾਰੀ ਰੱਖਣ। ਕਿਸੇ ਵਿਆਹ ਨੂੰ ਰੋਕ ਦੇਣਾ ਇੱਕ ਫ਼ੌਰੀ ਜਿੱਤ ਹੈ ਪਰ ਅਸਲ ਤੇ ਸਥਾਈ ਪ੍ਰਾਪਤੀ ਤਾਂ ਉਦੋਂ ਹੋਵੇਗੀ ਜਦੋਂ ਅਜਿਹੇ ਸਮਾਜ ਦੀ ਸਿਰਜਣਾ ਹੋਵੇਗੀ ਜਿੱਥੇ ਰੀਤੀ-ਰਿਵਾਜਾਂ ਦੇ ਨਾਂ ’ਤੇ ਕਿਸੇ ਵੀ ਬੱਚੇ ਦੇ ਭਵਿੱਖ ਦੀ ਬਲੀ ਨਾ ਚੜ੍ਹਾਈ ਜਾਵੇ।

