DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਲੇਸ਼ੀਅਰਾਂ ਦਾ ਖ਼ਤਰਾ

ਆਈ ਆਈ ਟੀ ਮੰਡੀ ਦੇ ਇੱਕ ਅਧਿਐਨ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਤੇਜ਼ੀ ਨਾਲ ਫੈਲ ਰਹੀਆਂ ਨੌਂ ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ, ਨੂੰ ਮੌਸਮੀ ਤਬਦੀਲੀ ਦਾ ਮਹਿਜ਼ ਇੱਕ ਹੋਰ ਅੰਕੜਾ ਸਮਝਣ ਦੀ ਬਜਾਏ ਇੱਕ ਗੰਭੀਰ ਚਿਤਾਵਨੀ ਵਜੋਂ ਦੇਖਿਆ...

  • fb
  • twitter
  • whatsapp
  • whatsapp
Advertisement

ਆਈ ਆਈ ਟੀ ਮੰਡੀ ਦੇ ਇੱਕ ਅਧਿਐਨ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਤੇਜ਼ੀ ਨਾਲ ਫੈਲ ਰਹੀਆਂ ਨੌਂ ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ, ਨੂੰ ਮੌਸਮੀ ਤਬਦੀਲੀ ਦਾ ਮਹਿਜ਼ ਇੱਕ ਹੋਰ ਅੰਕੜਾ ਸਮਝਣ ਦੀ ਬਜਾਏ ਇੱਕ ਗੰਭੀਰ ਚਿਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਅਧਿਐਨ ਮੁਤਾਬਿਕ ਸਾਲ 2025 ਵਿੱਚ 3,500 ਮੀਟਰ ਦੀ ਉਚਾਈ ਤੋਂ ਉੱਪਰ 2,076 ਗਲੇਸ਼ੀਅਰ ਝੀਲਾਂ ਮੌਜੂਦ ਸਨ, ਜੋ ਕਿ ਇੱਕ ਦਹਾਕਾ ਪਹਿਲਾਂ ਨਾਲੋਂ ਲਗਪਗ 710 ਵੱਧ ਹਨ। ਇਸ ਦੇ ਨਾਲ ਹੀ ਇਨ੍ਹਾਂ ਦਾ ਕੁੱਲ ਰਕਬਾ 28.45 ਫ਼ੀਸਦੀ ਵਧ ਗਿਆ ਹੈ। ਖ਼ਤਰੇ ਦੀ ਜ਼ਦ ਵਿੱਚ ਆਉਂਦੇ ਇਨ੍ਹਾਂ ਇਲਾਕਿਆਂ ਵਿੱਚ 15 ਤੋਂ ਵੱਧ ਪੁਲਾਂ ਤੋਂ ਇਲਾਵਾ ਰਿਹਾਇਸ਼ੀ ਆਬਾਦੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵੀ ਆਉਂਦੀਆਂ ਹਨ। ਇਸ ਸਮੇਂ ਇਹ ਖ਼ਤਰਾ ਹੋਰ ਵੀ ਗੰਭੀਰ ਲੱਗ ਰਿਹਾ ਹੈ ਕਿਉਂਕਿ ਨੇਪਾਲ ਹਾਲੇ ਵੀ 26 ਅਗਸਤ ਨੂੰ ਇੱਕ ਗਲੇਸ਼ੀਅਰ ਟੁੱਟਣ ਕਾਰਨ ਆਈ ਤਬਾਹੀ ਦੇ ਜਾਨੀ-ਮਾਲੀ ਨੁਕਸਾਨ ਤੋਂ ਉੱਭਰ ਰਿਹਾ ਹੈ। ਇਸ ਹਾਦਸੇ ਵਿੱਚ 1,300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਅਜੇ ਵੀ ਲਾਪਤਾ ਹਨ। ਪਾਣੀ, ਚਿੱਕੜ, ਬਰਫ਼ ਅਤੇ ਪੱਥਰਾਂ ਦਾ ਇੱਕ ਵਿਸ਼ਾਲ ਹੜ੍ਹ ਘਾਟੀਆਂ ਵਿਚਦੀ ਗੁਜ਼ਰਿਆ, ਜਿਸ ਨੇ ਇਸ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਅਤੇ ਪਣ-ਬਿਜਲੀ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਕਾਮੇ ਵੀ ਉੱਥੇ ਹੀ ਫਸ ਗਏ।

ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਹਿਮਾਚਲ ਨੂੰ ਵੀ ਅਜਿਹੀ ਹੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ, ਪਰ ਨੇਪਾਲ ਦੀ ਇਹ ਤ੍ਰਾਸਦੀ ਦੱਸਦੀ ਹੈ ਕਿ ਉਚਾਈ ’ਤੇ ਵਾਪਰਨ ਵਾਲੀ ਕੋਈ ਘਟਨਾ ਦੇਖਦਿਆਂ-ਦੇਖਦਿਆਂ ਹੇਠਲੇ ਇਲਾਕਿਆਂ ਲਈ ਕਿਵੇਂ ਵੱਡੀ ਆਫ਼ਤ ਬਣ ਸਕਦੀ ਹੈ। ਲਗਾਤਾਰ ਗਰਮ ਹੋ ਰਹੇ ਹਿਮਾਲਿਆ ਵਿੱਚ ਗਲੇਸ਼ੀਅਰਾਂ ਦਾ ਪਿੱਛੇ ਹਟਣਾ, ਝੀਲਾਂ ਦਾ ਫੈਲਣਾ, ਪਿਘਲਦੀ ਬਰਫ਼, ਮਿੱਟੀ ਖਿਸਕਣਾ (ਲੈਂਡਸਲਾਈਡ) ਅਤੇ ਭਾਰੀ ਮੀਂਹ ਇਕੱਠੇ ਮਿਲ ਕੇ ਅਜਿਹੀ ਆਫ਼ਤ ਲਿਆ ਸਕਦੇ ਹਨ, ਜਿਸ ਦਾ ਅੰਦਾਜ਼ਾ ਰਵਾਇਤੀ ਆਫ਼ਤ ਪ੍ਰਬੰਧਨ ਨਹੀਂ ਲਗਾ ਸਕਦਾ। ਹਿਮਾਚਲ ਵਿੱਚ ਕਿਸੇ ਗਲੇਸ਼ੀਅਰ ਝੀਲ ਦੇ ਫਟਣ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਸੈਟੇਲਾਈਟ ਰਾਹੀਂ ਨਿਗਰਾਨੀ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਪੜਤਾਲ, ਰੀਅਲ-ਟਾਈਮ ਅਰਲੀ-ਵਾਰਨਿੰਗ ਸਿਸਟਮ (ਅਗਾਊਂ ਚਿਤਾਵਨੀ ਪ੍ਰਣਾਲੀ) ਅਤੇ ਸਪੱਸ਼ਟ ਤੌਰ ’ਤੇ ਨਿਸ਼ਾਨਬੱਧ ਕੀਤੇ ਗਏ ਨਿਕਾਸੀ ਰਸਤੇ ਹੋਣੇ ਬਹੁਤ ਜ਼ਰੂਰੀ ਹਨ। ਹੇਠਲੇ ਇਲਾਕਿਆਂ ਵਿੱਚ ਵਸਦੇ ਲੋਕਾਂ ਨੂੰ ਨਿਯਮਿਤ ਤੌਰ ’ਤੇ ਮੌਕ-ਡਰਿੱਲਾਂ ਕਰਵਾਉਣ ਦੀ ਲੋੜ ਹੈ ਜਦੋਂਕਿ ਪੁਲਾਂ, ਪਣ-ਬਿਜਲੀ ਪ੍ਰੋਜੈਕਟਾਂ ਅਤੇ ਹੋਰ ਅਹਿਮ ਬੁਨਿਆਦੀ ਢਾਂਚੇ ਦੀ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

Advertisement

ਵਿਕਾਸ ਨੀਤੀਆਂ ਉੱਤੇ ਵੀ ਮੁੜ ਗ਼ੌਰ ਕਰਨ ਦੀ ਲੋੜ ਹੈ। ਪਹਾੜਾਂ ਦੇ ਨਾਜ਼ੁਕ ਅਤੇ ਉੱਚੇ ਇਲਾਕਿਆਂ ਵਿੱਚ ਸੜਕਾਂ, ਸੈਰ-ਸਪਾਟਾ ਅਤੇ ਉਸਾਰੀ ਦੇ ਕੰਮ ਇਸ ਤਰ੍ਹਾਂ ਯੋਜਨਾਬੱਧ ਨਹੀਂ ਕੀਤੇ ਜਾ ਸਕਦੇ ਜਿਵੇਂ ਪਹਾੜੀ ਵਾਤਾਵਰਣ ਹਮੇਸ਼ਾ ਲਈ ਸਥਿਰ ਹੋਵੇ। ਜਿੰਨਾ ਵੱਧ ਬੁਨਿਆਦੀ ਢਾਂਚਾ ਖ਼ਤਰੇ ਦੀ ਜ਼ਦ ਵਿੱਚ ਆਉਂਦੀਆਂ ਘਾਟੀਆਂ ਵਿੱਚ ਤਿਆਰ ਕੀਤਾ ਜਾਵੇਗਾ, ਕੁਦਰਤੀ ਆਫ਼ਤ ਆਉਣ ਦੀ ਸੂਰਤ ਵਿੱਚ ਜਾਨੀ ਨੁਕਸਾਨ ਦਾ ਖ਼ਤਰਾ ਵੀ ਓਨਾ ਹੀ ਵੱਧ ਹੋਵੇਗਾ। ਆਈ ਆਈ ਟੀ ਮੰਡੀ ਦੇ ਅਧਿਐਨ ਨੇ ਸੰਭਾਵੀ ਖ਼ਤਰੇ ਦੀ ਤਸਵੀਰ ਸਾਹਮਣੇ ਰੱਖ ਦਿੱਤੀ ਹੈ। ਇਸ ਲਈ ਹੁਣ ਅਗਲਾ ਕਦਮ ਫ਼ੌਰੀ ਅਤੇ ਠੋਸ ਕਾਰਵਾਈ ਦਾ ਹੋਣਾ ਚਾਹੀਦਾ ਹੈ।

Advertisement

Advertisement
×