ਵੱਡਾ ਵਿਰੋਧਾਭਾਸ

ਵੱਡਾ ਵਿਰੋਧਾਭਾਸ

ਦੇਸ਼ ਵਿਚ ਕੋਵਿਡ-19 ਦੀ ਮਹਾਮਾਰੀ ਫਿਰ ਵਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 84 ਫ਼ੀਸਦੀ ਕੇਸ 8 ਸੂਬਿਆਂ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਪੰਜਾਬ, ਕੇਰਲ, ਛੱਤੀਸਗੜ੍ਹ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿਚ ਹਨ। ਇਨ੍ਹਾਂ ਅੰਕੜਿਆਂ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਉਦਾਹਰਣ ਦੇ ਤੌਰ ’ਤੇ 29 ਮਾਰਚ ਦੇ ਅੰਕੜਿਆਂ ਅਨੁਸਾਰ ਕੋਵਿਡ-19 ਤੋਂ ਪ੍ਰਭਾਵਿਤ 80.17 ਫ਼ੀਸਦੀ ਲੋਕ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ ਅਤੇ ਛੱਤੀਸਗੜ੍ਹ ਦੇ ਵਸਨੀਕ ਸਨ। ਉਸ ਦਿਨ ਮਹਾਰਾਸ਼ਟਰ ਵਿਚ 40,144, ਕਰਨਾਟਕ ਵਿਚ 3082, ਪੰਜਾਬ ਵਿਚ 2870, ਕੇਰਲ ਵਿਚ 2216 ਅਤੇ ਛੱਤੀਸਗੜ੍ਹ ਵਿਚ 2156 ਨਵੇਂ ਕੇਸ ਆਏ ਸਨ। ਮਹਾਰਾਸ਼ਟਰ ਅਤੇ ਪੰਜਾਬ ਦੇ ਕੇਸਾਂ ਵਿਚ ਫ਼ਰਕ ਬਹੁਤ ਜ਼ਿਆਦਾ ਹੈ ਪਰ ਅੰਕੜਿਆਂ ਦੀ ਪੇਸ਼ਕਾਰੀ ਵਿਚ ਮਹਾਰਾਸ਼ਟਰ ਅਤੇ ਪੰਜਾਬ ਇਕੱਠੇ ਹਨ। ਸੋਮਵਾਰ (ਅਪਰੈਲ) ਨੂੰ 1,03,558 ਨਵੇਂ ਕੇਸ ਆਏ ਜਿਨ੍ਹਾਂ ਵਿਚੋਂ ਲਗਭੱਗ 50 ਫ਼ੀਸਦੀ (57,074) ਮਹਾਰਾਸ਼ਟਰ ਦੇ ਸਨ।

ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਕਰੋਨਾ ਇੰਗਲੈਂਡ ਵਿਚ ਪੈਦਾ ਹੋਈ ਕੋਵਿਡ ਦੀ ਨਵੀਂ ਕਿਸਮ ਕਾਰਨ ਜ਼ਿਆਦਾ ਫੈਲ ਰਿਹਾ ਹੈ। ਦੱਖਣੀ ਅਫ਼ਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਵੀ ਵਾਇਰਸ ਦੀਆਂ ਨਵੀਆਂ ਕਿਸਮਾਂ ਪੈਦਾ ਹੋਈਆਂ ਹਨ। ਪੰਜਾਬ ਵਿਚ ਕੁਝ ਦਿਨ ਪਹਿਲਾਂ ਕੀਤੇ ਸਰਵੇਖਣ ਵਿਚ 81 ਫ਼ੀਸਦੀ ਕੇਸ ਇੰਗਲੈਂਡ ਵਿਚ ਪੈਦਾ ਹੋਈ ਨਵੀਂ ਕਿਸਮ ਵਾਲੇ ਸਨ। ਹੁਣ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਭਾਰਤ ਵਿਚ ਵੀ ਵਾਇਰਸ ਦੀਆਂ ਨਵੀਆਂ ਕਿਸਮਾਂ ਪੈਦਾ ਹੋਈਆਂ ਹਨ। ਦੂਸਰੇ ਪਾਸੇ ਵੈਕਸੀਨ ਲਾਉਣ ਦੀ ਮੁਹਿੰਮ ਜ਼ੋਰਾਂ ’ਤੇ ਹੈ। 8 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਇਹ ਅੰਕੜੇ ਉਨ੍ਹਾਂ ਲੋਕਾਂ ਤੋਂ ਮਿਲੇ ਹਨ ਜਿਨ੍ਹਾਂ ਦੀ ਦੇਸ਼ ਦੇ ਸਰਕਾਰੀ ਜਾਂ ਨਿੱਜੀ ਖੇਤਰ ਦੇ ਹਸਪਤਾਲਾਂ ਤਕ ਪਹੁੰਚ ਹੈ; ਦੂਸਰੇ ਸ਼ਬਦਾਂ ਵਿਚ ਇਹ ਅੰਕੜੇ ਉਨ੍ਹਾਂ ਲੋਕਾਂ ਬਾਰੇ ਹਨ ਜਿਨ੍ਹਾਂ ਤਕ ਸਾਡਾ ਸਿਹਤ ਖੇਤਰ ਪਹੁੰਚ ਸਕਿਆ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸਾਡੇ ਸਿਹਤ-ਤੰਤਰ ਦੀ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਹੈ। ਦੂਸਰੇ ਪਾਸੇ ਗ਼ੈਰ-ਰਸਮੀ ਖੇਤਰਾਂ ਵਿਚ ਕੰਮ ਕਰਦੇ ਅਤੇ ਅਤਿਅੰਤ ਗ਼ਰੀਬੀ ਭੋਗਦੇ ਲੋਕਾਂ ਦੀ ਬਹੁਗਿਣਤੀ ਦੀ ਕਦੇ ਵੀ ਰਸਮੀ ਸਿਹਤ-ਤੰਤਰ (ਸਰਕਾਰੀ ਜਾਂ ਨਿੱਜੀ) ਤਕ ਪਹੁੰਚ ਨਹੀਂ ਹੁੰਦੀ। ਇਸ ਲਈ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕੋਵਿਡ-19 ਤੋਂ ਬਚਣ ਲਈ ਵੈਕਸੀਨ ਲਗਵਾਉਣ ਦੇ ਨਾਲ ਨਾਲ, ਮਾਸਕ ਲਗਾਉਣ, ਇਕ ਦੂਸਰੇ ਤੋਂ ਸਰੀਰਕ ਦੂਰੀ ਕਾਇਮ ਰੱਖਣ, ਵਾਰ ਵਾਰ ਹੱਥ ਧੋਣ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਵਾਲੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਕੋਵਿਡ-19 ਦੀ ਸਥਿਤੀ ਬਾਰੇ 8 ਅਪਰੈਲ ਨੂੰ ਦੇਸ਼ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਇਸ ਮਹਾਮਾਰੀ ਦੇ ਫੈਲਣ ਦਾ ਇਕ ਵੱਡਾ ਕਾਰਨ ਲੋਕਾਂ ਦੇ ਵੱਡੇ ਇਕੱਠ ਹੋਣਾ ਅਤੇ ਸਾਵਧਾਨੀਆਂ ਨਾ ਵਰਤਣਾ ਦੱਸਿਆ ਜਾ ਰਿਹਾ ਹੈ। ਵਿਰੋਧਾਭਾਸ ਇਹ ਹੈ ਕਿ ਇਕ ਪਾਸੇ ਸਾਡੇ ਆਗੂ ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਹਿ ਰਹੇ ਹਨ, ਦੂਸਰੇ ਪਾਸੇ ਉਨ੍ਹਾਂ ਨੇ ਪੱਛਮੀ ਬੰਗਾਲ, ਆਸਾਮ, ਕੇਰਲ ਅਤੇ ਤਾਮਿਲਨਾਡੂ ਦੀਆਂ ਚੋਣ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ ਹੈ। ਕੇਰਲ ਅਤੇ ਤਾਮਿਲਨਾਡੂ ਉਨ੍ਹਾਂ 8 ਸੂਬਿਆਂ ਵਿਚ ਆਉਂਦੇ ਹਨ ਜਿੱਥੇ ਕੋਵਿਡ-19 ਦਾ ਫੈਲਾਉ ਦੁਬਾਰਾ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਦੇਸ਼ ਦੇ ਬਹੁਤ ਸਾਰੇ ਸੂਬਿਆਂ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਦੀ ਸਿਹਤ ਖੇਤਰ ਤਕ ਪਹੁੰਚ ਨਹੀਂ ਹੈ, ਦੀ ਸਥਿਤੀ ਬਾਰੇ ਵੀ ਪ੍ਰਸ਼ਨ ਕਰਦੇ ਹਨ। ਜਿਹੜੇ ਸੂਬਿਆਂ ਵਿਚ ਕੇਸ ਜ਼ਿਆਦਾ ਹਨ, ਉੱਥੇ ਸਿਹਤ ਖੇਤਰ ਦੇ ਹਾਲਾਤ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਕੁਝ ਬਿਹਤਰ ਹਨ। ਇਸ ਲਈ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਇਹ ਵਧ ਰਹੇ ਅੰਕੜੇ ਵਧ ਰਹੇ ਟੈਸਟਾਂ ਕਾਰਨ ਸਾਹਮਣੇ ਆ ਰਹੇ ਹਨ ਜਾਂ ਸਚਮੁੱਚ ਇਨ੍ਹਾਂ ਸੂਬਿਆਂ ਵਿਚ ਹੀ ਹਾਲਾਤ ਖ਼ਰਾਬ ਹਨ ਤੇ ਬਾਕੀ ਸੂਬੇ ਠੀਕ-ਠਾਕ ਹਨ। ਸਰਕਾਰਾਂ, ਮੀਡੀਆ, ਸਿਹਤ ਵਿਗਿਆਨੀ ਅਤੇ ਡਾਕਟਰ ਕੋਵਿਡ-19 ਦੀ ਸਥਿਤੀ ਨੂੰ ਲੋਕਾਂ ਵਿਚ ਸਹੀ ਰੂਪ ਵਿਚ ਪੇਸ਼ ਕਰਨ ਵਿਚ ਨਾਕਾਮਯਾਬ ਰਹੇ ਹਨ। ਸਿਆਸੀ ਆਗੂਆਂ ਨੂੰ ਉਪਦੇਸ਼ ਦੇਣ ਵਾਲੀ ਸਿਆਸਤ ਤੋਂ ਉੱਪਰ ਉੱਠ ਕੇ ਸਹੀ ਜਾਣਕਾਰੀ ਸਹੀ ਰੂਪ ਵਿਚ ਲੋਕਾਂ ਤਕ ਪਹੁੰਚਾਉਣੀ ਚਾਹੀਦੀ ਹੈ। ਅੰਕੜਿਆਂ ਦੀ ਪੇਸ਼ਕਾਰੀ ਦਹਿਸ਼ਤ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਵਾਲੀ ਹੈ। ਲੋਕਾਂ ਨੂੰ ਅੰਕੜਿਆਂ ਦੇ ਆਤੰਕ ਤੋਂ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All