ਦੇਰ ਨਾਲ ਹੀ ਸਹੀ, ਪੰਜਾਬ ਸਮੇਤ ਉੱਤਰੀ ਭਾਰਤ ਵਿਚ ਵੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਨਾਲ ਤਾਪਮਾਨ ਵਿਚ ਗਿਰਾਵਟ ਅਤੇ ਬਿਜਲੀ ਦੇ ਸੰਕਟ ਵਿਚ ਕਮੀ ਦੀ ਉਮੀਦ ਦਿਖਾਈ ਦਿੱਤੀ ਹੈ। ਉੱਧਰ, ਅਸਮਾਨੀ ਬਿਜਲੀ ਡਿੱਗਣ ਨਾਲ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ 60 ਤੋਂ ਜ਼ਿਆਦਾ ਮੌਤਾਂ ਹੋਣ ਦੀ ਖ਼ਬਰ ਹੈ। ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਅਤੇ ਢਿੱਗਾਂ ਡਿਗਣ ਕਾਰਨ ਨੁਕਸਾਨ ਹੋਣ ਦੀਆਂ ਸੂਚਨਾਵਾਂ ਆ ਰਹੀਆਂ ਹਨ। ਪੰਜਾਬ ਦੇ ਬਹੁਤੇ ਹਿੱਸੇ ਵਿਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਈ ਹੈ। ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਸਹੀ ਨਹੀਂ ਰਹੀਆਂ। 10 ਜੁਲਾਈ ਤੋਂ ਮੌਨਸੂਨ ਦੇ ਆਉਣ ਦੀ ਸੂਚਨਾ ਦਿੱਤੀ ਗਈ ਸੀ। ਦੇਸ਼ ਵਿਚ ਮੌਨਸੂਨ ਦਾ ਮਹੱਤਵ ਇਸ ਕਾਰਨ ਹੈ ਕਿ ਮੌਨਸੂਨ ਵਿਚ ਕਮੀ ਨਾਲ ਦੇਸ਼ ਦਾ ਅਰਥਚਾਰਾ ਵਿਗੜਨ ਦਾ ਖ਼ਤਰਾ ਸ਼ੁਰੂ ਹੋ ਜਾਂਦਾ ਹੈ ਅਤੇ ਭਰੇ ਹੋਏ ਭੰਡਾਰਾਂ ਦੇ ਬਾਵਜੂਦ ਖ਼ੁਰਾਕ ਦਾ ਸੰਕਟ ਸਤਾਉਣ ਲੱਗਦਾ ਹੈ।
ਦੇਸ਼ ਦਾ ਖੇਤੀ ਖੇਤਰ ਅਜੇ ਵੀ ਬਹੁਤ ਹੱਦ ਤਕ ਮੌਨਸੂਨ ਉੱਤੇ ਨਿਰਭਰ ਹੈ। ਕੁਝ ਰਾਜਾਂ ਵਿਚ ਜਿੱਥੇ ਪਾਣੀ ਦੇ ਪੁਖ਼ਤਾ ਪ੍ਰਬੰਧ ਹਨ, ਉੱਥੇ ਮੌਨਸੂਨ ਦੀ ਕਮੀ ਦੂਸਰੇ ਤਰੀਕੇ ਨਾਲ ਅਸਰ ਕਰਦੀ ਹੈ। ਮਿਸਾਲ ਦੇ ਤੌਰ ‘ਤੇ ਪੰਜਾਬ ਵਰਗੇ ਸੂਬੇ ਵਿਚ ਭਾਵੇਂ ਫ਼ਸਲ ਦੇ ਉਤਪਾਦਨ ਉੱਤੇ ਅਸਰ ਨਹੀਂ ਪੈਂਦਾ ਪਰ ਉਤਪਾਦਨ ਲਾਗਤ ਵਿਆਪਕ ਰੂਪ ਵਿਚ ਵਧ ਜਾਂਦੀ ਹੈ। ਪਾਣੀ ਦੀ ਬੱਚਤ ਲਈ ਪੰਜਾਬ ਵਿਚ ਝੋਨਾ ਲਗਾਉਣ ਦੀ ਤਾਰੀਖ਼ 10 ਜੂਨ ਤੈਅ ਕੀਤੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਪਿੱਛੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਅਤੇ ਧਰਤੀ ਹੇਠਲਾ ਪਾਣੀ ਘੱਟ ਮਾਤਰਾ ’ਚ ਵਰਤਿਆ ਜਾਵੇਗਾ। ਬਰਸਾਤ ਦੌਰਾਨ ਧਰਤੀ ਹੇਠਲਾ ਪਾਣੀ ਰੀਚਾਰਜ ਵੀ ਹੋ ਜਾਂਦਾ ਹੈ। ਇਸ ਵਾਰ ਲਗਭੱਗ ਪੂਰਾ ਇਕ ਮਹੀਨਾ ਬਿਨਾ ਬਰਸਾਤ ਤੋਂ ਨਿਕਲ ਗਿਆ। ਇਸ ਤਰ੍ਹਾਂ ਮੌਨਸੂਨ ਵਿਚ ਦੇਰੀ ਹੋਣ ਨਾਲ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਸੰਕਟ ਵੀ ਵਧ ਜਾਂਦਾ ਹੈ।
ਪੰਜਾਬ ’ਚ ਬਿਜਲੀ ਦੀ ਮੰਗ ਜ਼ਿਆਦਾ ਤੇ ਸਪਲਾਈ ਘੱਟ ਹੋਣ ਕਾਰਨ ਕਿਸਾਨਾਂ ਤੇ ਹੋਰ ਵਰਗਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧ ’ਚ ਪੰਜਾਬ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ’ਤੇ ਵਿਚਾਰ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਗਈਆਂ। ਬਿਜਲੀ ਸੰਕਟ ਦੌਰਾਨ ਸਨਅਤਾਂ ਨੂੰ ਬਿਜਲੀ ਸਪਲਾਈ ਰੋਕਣ ਅਤੇ ਘਰੇਲੂ ਬਿਜਲੀ ’ਤੇ ਵੱਡੇ ਕੱਟ ਲਗਾਉਣ ਦੇ ਬਾਵਜੂਦ ਕਿਸਾਨਾਂ ਨੂੰ ਡੀਜ਼ਲ ਪੰਪਾਂ ਰਾਹੀਂ ਝੋਨੇ ਦੀ ਫ਼ਸਲ ਨੂੰ ਪਾਣੀ ਲਗਾਉਣ ਲਈ ਮਜਬੂਰ ਹੋਣਾ ਪਿਆ। ਇਸ ਕਾਰਨ ਝੋਨੇ ਦੀ ਉਤਪਾਦਨ ਲਾਗਤ ’ਚ ਵਾਧਾ ਹੋਇਆ। ਮੌਨਸੂਨ ਆਉਣ ਨਾਲ ਬਿਜਲੀ ਦੀ ਮੰਗ ਘਟਣ ਦੀ ਉਮੀਦ ਕਾਰਨ ਬਿਜਲੀ ਸੰਕਟ ਘਟਣ ਦੀ ਸੰਭਾਵਨਾ ਪੈਦਾ ਹੋਈ ਹੈ। ਮੌਸਮ ਵਿਭਾਗ ਇਹ ਦੱਸਣ ਤੋਂ ਵੀ ਅਸਮਰੱਥ ਹੈ ਕਿ ਮੌਨਸੂਨ ਦਾ ਅਸਰ ਕਿੰਨੀ ਦੇਰ ਅਤੇ ਕਿਸ ਤਰ੍ਹਾਂ ਦਾ ਰਹੇਗਾ। ਇਸ ਤਰ੍ਹਾਂ ਇਹ ਸਵਾਲ ਬਣਿਆ ਰਹੇਗਾ ਕਿ ਕੀ ਇਹ ਬਰਸਾਤ ਕੇਵਲ ਵਕਤੀ ਰਾਹਤ ਦੇਵੇਗੀ ਜਾਂ ਆਉਣ ਵਾਲੇ ਦਿਨਾਂ ਵਿਚ ਪਿਛਲੀ ਕਮੀ ਦੀ ਭਰਪਾਈ ਕਰਨ ਦੇ ਸਮਰੱਥ ਹੋਵੇਗੀ।