ਤਕਨੀਕੀ ਜਵਾਬਦੇਹੀ ਜ਼ਰੂਰੀ
ਸੋਸ਼ਲ ਮੀਡੀਆ ਕਾਰਨ ਬੱਚਿਆਂ ਨੂੰ ਹੋ ਰਹੇ ਨੁਕਸਾਨ ਬਾਰੇ ਪਿਛਲੇ ਕਈ ਸਾਲਾਂ ਤੋਂ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਹੁਣ ਜਦੋਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਤਾਂ ਇਹ ਉਮੀਦ ਜਾਗੀ ਹੈ ਕਿ ਇਨ੍ਹਾਂ ਐਪਸ ਦੇ ਕੰਮ ਕਰਨ...
ਸੋਸ਼ਲ ਮੀਡੀਆ ਕਾਰਨ ਬੱਚਿਆਂ ਨੂੰ ਹੋ ਰਹੇ ਨੁਕਸਾਨ ਬਾਰੇ ਪਿਛਲੇ ਕਈ ਸਾਲਾਂ ਤੋਂ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਹੁਣ ਜਦੋਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਤਾਂ ਇਹ ਉਮੀਦ ਜਾਗੀ ਹੈ ਕਿ ਇਨ੍ਹਾਂ ਐਪਸ ਦੇ ਕੰਮ ਕਰਨ ਦੇ ਤਰੀਕੇ ਵਿੱਚ ਬੁਨਿਆਦੀ ਤਬਦੀਲੀਆਂ ਆਉਣਗੀਆਂ। ਅਮਰੀਕਾ ਦੇ 40 ਤੋਂ ਵੱਧ ਸੂਬਿਆਂ ਨੇ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਜਨਤਕ ਮੁਕੱਦਮੇ ਦਾਇਰ ਕੀਤੇ ਹਨ। ਇਸ ਵਿੱਚ 1990ਵਿਆਂ ਦੇ ਉਨ੍ਹਾਂ ਮੁਕੱਦਮਿਆਂ ਦੀ ਝਲਕ ਮਿਲਦੀ ਹੈ, ਜਿਨ੍ਹਾਂ ਨੇ ਤੰਬਾਕੂ ਕੰਪਨੀਆਂ ਨੂੰ ਤੰਬਾਕੂ ਦੇ ਨਸ਼ੀਲੇ ਅਤੇ ਨੁਕਸਾਨਦੇਹ ਪ੍ਰਭਾਵਾਂ ਨੂੰ ਮੰਨਣ ਲਈ ਮਜਬੂਰ ਕੀਤਾ ਸੀ ਅਤੇ ਇਸ ਨਾਲ ਤੰਬਾਕੂ ਦੀ ਵਰਤੋਂ ਵਿੱਚ ਭਾਰੀ ਗਿਰਾਵਟ ਆਈ ਸੀ। ਨਿਊ ਮੈਕਸਿਕੋ ਦੇ ਇੱਕ ਜੱਜ ਨੇ ਮੈਟਾ ਨੂੰ ਅੱਲ੍ਹੜ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ ਦੇ ਸੁਧਾਰ ਲਈ ਬਣਾਏ ਗਏ ਫੰਡ ਲਈ 567 ਮਿਲੀਅਨ ਡਾਲਰ ਅਦਾ ਕਰਨ ਅਤੇ ਨੌਜਵਾਨ ਵਰਤੋਂਕਾਰਾਂ ਲਈ ਆਪਣੇ ਪਲੈਟਫਾਰਮਾਂ ਦੇ ਕੰਮ ਕਰਨ ਦਾ ਢੰਗ ਬਦਲਣ ਦਾ ਹੁਕਮ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਕਾਰਖ਼ਾਨਿਆਂ ਨਾਲ ਤੁਲਨਾ ਕਰਦਿਆਂ ਜੱਜ ਨੇ ਕਿਹਾ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਬੱਚਿਆਂ ’ਤੇ ਜੋ ਮਾਨਸਿਕ ਬੋਝ ਪਾਉਂਦੇ ਹਨ, ਉਹ ਇਨ੍ਹਾਂ ਕਾਰਖ਼ਾਨਿਆਂ ਦਾ ਪ੍ਰਦੂਸ਼ਣ ਹੀ ਹੈ। ਬੱਚਿਆਂ ਨੂੰ ਆਦੀ ਬਣਾਉਣ ਵਾਲੀਆਂ ਐਪਸ ਦੀਆਂ ਵਿਸ਼ੇਸ਼ਤਾਵਾਂ ਨੂੰ ਘਟਾਉਣ, ਉਮਰ ਦੀ ਸਹੀ ਪੁਸ਼ਟੀ ਕਰਨ ਅਤੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਨਵੇਂ ਸੁਰੱਖਿਆ ਉਪਾਅ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਮੈਟਾ ਇਸ ਫ਼ੈਸਲੇ ਵਿਰੁੱਧ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਨੌਜਵਾਨ ਵਰਤੋਂਕਾਰਾਂ ਦੀ ਸੁਰੱਖਿਆ ਲਈ ਇਹ ਫੀਚਰ ਕਿੰਨੇ ਕੁ ਅਸਰਦਾਰ ਸਾਬਿਤ ਹੁੰਦੇ ਹਨ, ਇਹ ਵੀ ਅਜੇ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਭਾਵੇਂ ਇਹ ਐਲਾਨੇ ਗਏ ਕਦਮ ਫਿਲਹਾਲ ਨਿਊ ਮੈਕਸਿਕੋ ਤੱਕ ਹੀ ਸੀਮਿਤ ਹੋ ਸਕਦੇ ਹਨ, ਪਰ ਕੌਮੀ ਪੱਧਰ ’ਤੇ ਇਕਸਾਰ ਨਿਯਮ ਬਣਾਉਣ ਅਤੇ ਸਖ਼ਤ ਕਾਨੂੰਨ ਲਿਆਉਣ ਬਾਰੇ ਗੱਲਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਬੱਚਿਆਂ ਦੀ ਸੁਰੱਖਿਆ ਨੂੰ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਦੀ ਬਜਾਏ ਵਿੱਤੀ ਅਤੇ ਪ੍ਰਬੰਧਕੀ ਜ਼ਿੰਮੇਵਾਰੀ ਬਣਾਉਣਾ ਪੂਰੀ ਦੁਨੀਆ ਵਿੱਚ ਸਖ਼ਤ ਨਿਯਮ ਬਣਾਉਣ ਲਈ ਇੱਕ ਮਾਡਲ ਬਣ ਸਕਦਾ ਹੈ। ਇਨ੍ਹਾਂ ਕੰਪਨੀਆਂ ਲਈ ਨੌਜਵਾਨਾਂ ਦੀ ਸੁਰੱਖਿਆ ਵਾਸਤੇ ਹੋਰ ਵੱਡੇ ਕਦਮ ਚੁੱਕਣ ਦੇ ਜਨਤਕ ਦਬਾਅ ਤੋਂ ਪਾਸਾ ਵੱਟ ਕੇ ਸਿਰਫ਼ ਅਦਾਲਤਾਂ ਵਿੱਚ ਲੜਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਵੱਧ ਕੁਝ ਨਹੀਂ ਹੈ। ਕੰਪਨੀਆਂ ਬੇਸ਼ੱਕ ਕਈ ਸੁਰੱਖਿਆ ਫੀਚਰ ਲਾਗੂ ਕਰਨ ਦਾ ਦਾਅਵਾ ਪੂਰੇ ਹੱਕ ਨਾਲ ਕਰ ਸਕਦੀਆਂ ਹਨ, ਪਰ ਹੁਣ ਸਮਾਂ ਆ ਗਿਆ ਹੈ ਕਿ ਮਾਪਦੰਡ ਹੋਰ ਉੱਚੇ ਕੀਤੇ ਜਾਣ।
ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਦਾ ਨਿੱਜੀ ਅਸੂਲ, ‘ਜੇ ਮੈਂ ਕਿਸੇ ਦੀਆਂ ਅੱਖਾਂ ਵਿੱਚ ਦੇਖਣ ਨਾਲੋਂ ਆਪਣੇ ਡਿਵਾਈਸ ਵੱਲ ਜ਼ਿਆਦਾ ਦੇਖ ਰਿਹਾ ਹਾਂ ਤਾਂ ਮੈਂ ਕੁਝ ਗ਼ਲਤ ਕਰ ਰਿਹਾ ਹਾਂ’, ਅਕਲਮੰਦੀ ਨਾਲ ਭਰਪੂਰ ਹੈ। ਇਸ ਵਿੱਚ ਭਾਵੇਂ ਵਿਅੰਗ ਦੀ ਝਲਕ ਮਿਲਦੀ ਹੈ ਪਰ ਇਹ ਅੱਗੇ ਵਧਣ ਦਾ ਬਿਲਕੁਲ ਸਹੀ ਰਸਤਾ ਹੈ।

