ਤੇਲ ’ਤੇ ਟੈਕਸ ਕਟੌਤੀ
ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਟੈਕਸ ’ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਪੈਟਰੋਲ ’ਤੇ ਟੈਕਸ ਘਟਾ ਕੇ 3 ਰੁਪਏ ਪ੍ਰਤੀ ਲਿਟਰ ਜਦੋਂਕਿ ਡੀਜ਼ਲ ’ਤੇ ਟੈਕਸ ਲਗਪਗ ਖ਼ਤਮ ਕਰ ਦਿੱਤਾ ਗਿਆ ਹੈ। ਸਿਆਸੀ ਅਤੇ ਆਰਥਿਕ ਤੌਰ ’ਤੇ...
ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਟੈਕਸ ’ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਪੈਟਰੋਲ ’ਤੇ ਟੈਕਸ ਘਟਾ ਕੇ 3 ਰੁਪਏ ਪ੍ਰਤੀ ਲਿਟਰ ਜਦੋਂਕਿ ਡੀਜ਼ਲ ’ਤੇ ਟੈਕਸ ਲਗਪਗ ਖ਼ਤਮ ਕਰ ਦਿੱਤਾ ਗਿਆ ਹੈ। ਸਿਆਸੀ ਅਤੇ ਆਰਥਿਕ ਤੌਰ ’ਤੇ ਇਹ ਫ਼ੈਸਲਾ ਬਹੁਤ ਨਾਜ਼ੁਕ ਸਮੇਂ ਲਿਆ ਗਿਆ ਹੈ। ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਵਿਸ਼ਵ ਭਰ ’ਚ ਕੱਚੇ ਤੇਲ ਦੀਆਂ ਕੀਮਤਾਂ ਅਸਥਿਰ ਹੋਣ ਮਗਰੋਂ ਕੇਂਦਰ ਦਾ ਇਹ ਫ਼ੈਸਲਾ ਖ਼ਪਤਕਾਰਾਂ ਨੂੰ ਰਾਹਤ ਦੇਣ ਵਾਲਾ ਹੈ, ਪਰ ਸਵਾਲ ਇਹ ਹੈ ਕਿ ਕੀ ਇਹ ਰਾਹਤ ਅਸਲ ਵਿੱਚ ਆਮ ਨਾਗਰਿਕ ਤੱਕ ਪੁੱਜ ਸਕੇਗੀ?
ਸਿਧਾਂਤਕ ਤੌਰ ’ਤੇ ਕੇਂਦਰੀ ਆਬਕਾਰੀ ਡਿਊਟੀ ਵਿੱਚ ਕਟੌਤੀ ਨਾਲ ਤੇਲ ਦੀਆਂ ਪ੍ਰਚੂਨ ਕੀਮਤਾਂ ਘਟਣੀਆਂ ਚਾਹੀਦੀਆਂ ਹਨ। ਹਾਲਾਂਕਿ, ਭਾਰਤ ਵਿੱਚ ਤੇਲ ਦੀਆਂ ਕੀਮਤਾਂ ਦਾ ਢਾਂਚਾ ਬਹੁ-ਪਰਤੀ ਹੈ, ਜਿਸ ਵਿੱਚ ਰਾਜ ਪੱਧਰੀ ਵੈਟ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਤੱਕ ਸੂਬਾ ਸਰਕਾਰਾਂ ਵੀ ਆਪਣੇ ਟੈਕਸਾਂ ਵਿੱਚ ਉਕਤ ਅਨੁਪਾਤ ਅਨੁਸਾਰ ਕਟੌਤੀ ਨਹੀਂ ਕਰਦੀਆਂ ਤਾਂ ਆਮ ਨਾਗਰਿਕ ਨੂੰ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਰਾਹਤ ਦਾ ਢੁੱਕਵਾਂ ਲਾਭ ਨਹੀਂ ਮਿਲੇਗਾ। ਅਜਿਹੀਆਂ ਕਟੌਤੀਆਂ ਅਕਸਰ ਤੇਲ ਕੀਮਤਾਂ ਵਿੱਚ ਮਾਮੂਲੀ ਰਾਹਤ ਬਣ ਕੇ ਰਹਿ ਜਾਂਦੀਆਂ ਹਨ, ਹਾਲਾਂਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੇਲ ਕੰਪਨੀਆਂ ਪ੍ਰਚੂਨ ਦਰਾਂ ਨੂੰ ਕਿਵੇਂ ਵਿਵਸਥਿਤ ਕਰਦੀਆਂ ਹਨ। ਦੂਜੇ ਪਾਸੇ, ਇਸ ਫ਼ੈਸਲੇ ਦਾ ਸਮਾਂ ਵੀ ਕਟੌਤੀ ਜਿੰਨਾ ਹੀ ਮਾਅਨੇ ਰੱਖਦਾ ਹੈ। ਪ੍ਰਚੂਨ ਮਹਿੰਗਾਈ ਦਾ ਦਬਾਅ ਜਾਰੀ ਰਹਿਣ ਅਤੇ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਆਬਕਾਰੀ ਟੈਕਸ ’ਚ ਕਟੌਤੀ ਆਰਥਿਕ ਰਾਹਤ ਨਾਲੋਂ ਵੱਧ ਸਿਆਸੀ ਰਣਨੀਤੀ ਜਾਪਦੀ ਹੈ।
ਇਹ ਫ਼ੈਸਲਾ ਸਰਕਾਰ ਦੀਆਂ ਮਾਲੀਆ ਲੋੜਾਂ ਅਤੇ ਜਨਤਕ ਭਾਵਨਾਵਾਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ, ਵਿਸ਼ੇਸ਼ ਤੌਰ ’ਤੇ ਉਦੋਂ ਜਦੋਂ ਤੇਲ ਕੀਮਤਾਂ ਆਵਾਜਾਈ ਅਤੇ ਘਰੇਲੂ ਬਜਟ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ। ਇਸ ਮਾਮਲੇ ਦਾ ਇੱਕ ਵਿੱਤੀ ਪਹਿਲੂ ਵੀ ਹੈ, ਜਿਸ ’ਤੇ ਗ਼ੌਰ ਕਰਨੀ ਬਣਦੀ ਹੈ। ਤੇਲ ’ਤੇ ਆਬਕਾਰੀ ਟੈਕਸ ਸਰਕਾਰ ਦੇ ਮਾਲੀਏ ਦਾ ਅਹਿਮ ਸਰੋਤ ਹੁੰਦਾ ਹੈ। ਮਾਲੀਆ ਤਰਕਸੰਗਤ ਬਣਾ ਕੇ ਇਸ ਦੀ ਭਰਪਾਈ ਨਾ ਕੀਤੇ ਜਾਣ ਜਾਂ ਫਿਰ ਹੋਰ ਸਰੋਤਾਂ ਤੋਂ ਟੈਕਸ ਇਕੱਤਰ ਨਾ ਕੀਤੇ ਜਾਣ ਦੀ ਸੂਰਤ ਵਿੱਚ ਟੈਕਸ ’ਚ ਭਾਰੀ ਕਟੌਤੀ ਨਾਲ ਜਨਤਕ ਫੰਡਾਂ ’ਤੇ ਵਿੱਤੀ ਦਬਾਅ ਵਧ ਸਕਦਾ ਹੈ। ਇਸ ਫ਼ੈਸਲੇ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਲਈ ਰਾਜਾਂ ਨਾਲ ਬਿਹਤਰ ਤਾਲਮੇਲ ਬਣਾਉਣਾ ਹੋਵੇਗਾ। ਇਸ ਦੇ ਨਾਲ ਹੀ ਇੱਕ ਜਗ੍ਹਾ ਕੀਮਤਾਂ ’ਚ ਤਬਦੀਲੀ ਨਾਲ ਦੂਜੀ ਜਗ੍ਹਾ ਪ੍ਰਭਾਵਿਤ ਹੋਣ ਵਾਲੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਸਦਕਾ ਇਹ ਫ਼ੈਸਲਾ ਸਹੀ ਢੰਗ ਨਾਲ ਲਾਗੂ ਹੋ ਸਕੇਗਾ। ਇਸ ਤੋਂ ਬਗ਼ੈਰ ਆਬਕਾਰੀ ਕਟੌਤੀ ਨੂੰ ਵਿਸ਼ਵ ਪੱਧਰ ’ਤੇ ਊਰਜਾ ਸੰਕਟ ਦੇ ਸੰਦਰਭ ’ਚ ਠੋਸ ਰਾਹਤ ਸਮਝਣ ਦੀ ਬਜਾਏ ਮਹਿਜ਼ ਸਿਆਸੀ ਫ਼ੈਸਲੇ ਵਜੋਂ ਵਧੇਰੇ ਦੇਖਿਆ ਜਾਵੇਗਾ।

