ਨਫ਼ਰਤਾਂ ਦੇ ਮੌਸਮ ’ਚ ਮੁਹੱਬਤਾਂ ਦੀ ਗੱਲ
ਪਿਆਰ ਦੇ ਖ਼ੂਬਸੂਰਤ ਅਹਿਸਾਸ ਨਾਲ ਭਰੇ ਖ਼ਤਾਂ ਦੀ ਸੰਭਾਲ ਦੇ ਨਾਲ-ਨਾਲ ਸਾਡੇ ਅੰਦਰਲੀ ਨਫ਼ਰਤ ਕਾਰਨ ਇਨਸਾਨੀਅਤ ਦੇ ਕਤਲ ਅਤੇ ਲੱਖਾਂ ਮਨੁੱਖੀ ਜਾਨਾਂ ਜਾਣ ਦੀ ਦਾਸਤਾਨ ਨੂੰ ਸੰਭਾਲ ਕੇ ਰੱਖਣ ਵਾਲੀਆਂ ਇਹ ਯਾਦਗਾਰਾਂ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਇਨ੍ਹਾਂ ਨੂੰ ਦੇਖ ਕੇ ਆਪਣੇ ਅੰਦਰਲਾ ਸਿਆਹ ਅਕਸ ਪਛਾਣ ਸਕੀਏ ਅਤੇ ਫ਼ਿਰਕਾਪ੍ਰਸਤੀ, ਕੱਟਡ਼ਤਾ ਤੇ ਨਫ਼ਰਤਾਂ ਦੀ ਥਾਂ ਮੁਹੱਬਤ ਦੇ ਰਾਹ ਤੁਰ ਸਕੀਏ। ਆਓ, ਸਾਰੇ ਰਲ ਕੇ ਦੁਆ ਕਰੀਏ ਕਿ ਸਾਡੇ ਅੰਦਰ ਨਫ਼ਰਤ ਦਾ ਜਜ਼ਬਾ ਮੁਹੱਬਤ ਦੇ ਜਜ਼ਬੇ ’ਤੇ ਕਦੇ ਵੀ ਭਾਰੂ ਨਾ ਪਵੇ। ਸ਼ਾਲਾ! ਅਸੀਂ ਥਾਂ ਥਾਂ ਮੁਹੱਬਤ ਦੀ ਬਾਤ ਪਾਉਂਦੀਆਂ ਯਾਦਗਾਰਾਂ ਕਾਇਮ ਕਰੀਏ ਅਤੇ ਸਾਨੂੰ ਆਪਣੇ ਅੰਦਰਲੇ ਖ਼ੌਫ਼ਨਾਕ ਨਫ਼ਰਤੀ ਚਿਹਰੇ ਦੀ ਸ਼ਨਾਖਤ ਕਰਦੀ ਕੋਈ ਵੀ ਨਵੀਂ ਯਾਦਗਾਰ ਭਵਿੱਖ ਵਿੱਚ ਉਸਾਰਨ ਦੀ ਲੋਡ਼ ਨਾ ਪਵੇ।
ਜਦੋਂ ਦੁਨੀਆ ਭਰ ’ਚ ਚਾਰੋਂ ਪਾਸੇ ਨਫ਼ਰਤਾਂ ਅਤੇ ਜੰਗਾਂ-ਯੁੱਧਾਂ ਦੀਆਂ ਗੱਲਾਂ ਹੋ ਰਹੀਆਂ ਹੋਣ, ਹੱਦਾਂ ਸਰਹੱਦਾਂ ਤੇ ਧਰਮ ਨੂੰ ਲੈ ਕੇ ਝਗੜੇ ਅਤੇ ਟਕਰਾਅ ਹੋ ਰਹੇ ਹੋਣ, ਨੇਤਾਵਾਂ ’ਚ ਮਨੁੱਖਤਾ ਦੀ ਭਲਾਈ ਦੀ ਥਾਂ ਧੌਂਸਵਾਦੀ ਰਵੱਈਆ ਹਾਵੀ ਹੋਵੇ, ਉਦੋਂ ਇਨ੍ਹਾਂ ਸਾਰੀਆਂ ਨਫ਼ਰਤੀ ਗੱਲਾਂ ਦੇ ਵਾਵਰੋਲੇ ’ਚ ਕਿਸੇ ਪਲ ਜਦੋਂ ਕਿਤਿਓਂ ਮੁਹੱਬਤ ਦੀ ਗੱਲ ਫਿਜ਼ਾ ’ਚ ਸੁਣਾਈ ਦੇਵੇ ਤਾਂ ਲੱਗਦੈ ਜਿਵੇਂ ਰੇਗਿਸਤਾਨ ਦੀ ਵਗਦੀ ਤੱਤੀ ਲੂ ਵਿੱਚ ਕੋਈ ਠੰਢੀ ਹਵਾ ਦਾ ਬੁੱਲਾ ਤੁਹਾਨੂੰ ਛੂਹ ਗਿਆ ਹੋਵੇ।
ਇਸ ਵਾਰ ਮੁਹੱਬਤ ਦੇ ਦਿਹਾੜੇ ਮਤਲਬ ਵੈਲੇਨਟਾਈਨ’ਜ਼ ਡੇਅ (14 ਫਰਵਰੀ) ਮੌਕੇ ਲੰਡਨ ਦੇ ਨੈਸ਼ਨਲ ਆਰਕਾਈਵਜ਼ ਵਿੱਚ ਖ਼ਤਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ, ਜਿਸ ਨੂੰ ‘ਲਵ ਲੈਟਰਜ਼’ (ਮੁਹੱਬਤ ਦੇ ਖ਼ਤ) ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿੱਚ ਪੰਜ ਸਦੀਆਂ ਤੱਕ ਦੇ ਮੁਹੱਬਤ ਦੇ ਖ਼ਤ ਸ਼ਾਮਿਲ ਕੀਤੇ ਜਾਣਗੇ, ਜਿਨ੍ਹਾਂ ਤੋਂ ਇਜ਼ਹਾਰ-ਏ-ਮੁਹੱਬਤ ਦੇ ਵੱਖ-ਵੱਖ ਸਦੀਆਂ ਦੇ ਅੰਦਾਜ਼ ਦੀ ਝਲਕ ਵੀ ਮਿਲੇਗੀ। ਖ਼ਤਾਂ ਦੀ ਇਸ ਪ੍ਰਦਰਸ਼ਨੀ ਵਿੱਚ ਬਰਤਾਨਵੀ ਸਮਾਜ ਦੀਆਂ ਮੁਹੱਬਤ ਦੀਆਂ ਪ੍ਰਸਿੱਧ ਦਾਸਤਾਨਾਂ ਨਾਲ ਜੁੜੇ ਦਸਤਾਵੇਜ਼ ਅਤੇ ਰਾਜੇ ਰਾਣੀਆਂ, ਉੱਘੀਆਂ ਹਸਤੀਆਂ ਅਤੇ ਸਿਆਸਤਦਾਨਾਂ ਤੋਂ ਲੈ ਕੇ ਫ਼ੌਜੀਆਂ ਤੱਕ ਦੇ ਮੁਹੱਬਤੀ ਖ਼ਤ ਵੀ ਪ੍ਰਦਰਸ਼ਿਤ ਕੀਤੇ ਜਾਣਗੇ।
ਲੰਡਨ ਦੇ ‘ਨੈਸ਼ਨਲ ਆਰਕਾਈਵਜ਼’ ਦੀ ਕਿਊਰੇਟਰ ਵਿਕਟੋਰੀਆ ਇਗਲੀਕੋਵਸਕੀ ਬਰੌਡ ਨੇ ਇਸ ਪ੍ਰਦਰਸ਼ਨੀ ਬਾਰੇ ਐਸੋਸੀਏਟਿਡ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਸਾਡਾ ਮਕਸਦ ਇਹ ਦੱਸਣਾ ਹੈ ਕਿ ਮੁਹੱਬਤ ਜ਼ਿੰਦਗੀ ਦਾ ਬੁਨਿਆਦੀ ਜਜ਼ਬਾ ਅਤੇ ਤੱਤ ਹੈ, ਜੋ ਹਰ ਕਿਸੇ ਦੇ ਜੀਵਨ ’ਤੇ ਅਸਰਅੰਦਾਜ਼ ਹੁੰਦਾ ਹੈ। ਇਸ ਦਾ ਅਹਿਸਾਸ ਜ਼ਿੰਦਗੀ ਨੂੰ ਖ਼ੂਬਸੂਰਤੀ ਨਾਲ ਭਰ ਦਿੰਦਾ ਹੈ।’’ ਜੰਗ ’ਤੇ ਗਏ ਫ਼ੌਜੀ ਨੂੰ ਉਸ ਦੀ ਮਹਿਬੂਬਾ ਵੱਲੋਂ ਲਿਖੇ ਖ਼ਤ ਵੀ ਇਸ ਪ੍ਰਦਰਸ਼ਨੀ ’ਚ ਸ਼ਾਮਿਲ ਕੀਤੇ ਜਾ ਰਹੇ ਹਨ। ਪ੍ਰਦਰਸ਼ਨੀ ਵਿੱਚ ਦਿਲ ਟੁੱਟਣ ਬਾਰੇ ਮੱਧਕਾਲੀ ਗੀਤ ਵੀ ਸ਼ਾਮਿਲ ਕੀਤੇ ਗਏ ਹਨ ਤਾਂ ਜੋ ਅੱਜ ਦੀਆਂ ਪੀੜ੍ਹੀਆਂ ਜਾਣ ਸਕਣ ਕਿ ਅਜਿਹੀ ਕੈਫ਼ੀਅਤ ਨੂੰ ਉਦੋਂ ਸੁਹਜ ਭਰੇ ਗੀਤਾਂ ਦੇ ਰੂਪ ’ਚ ਕਿਵੇਂ ਪੇਸ਼ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਮੁਹੱਬਤ ਦੇ ਜਜ਼ਬੇ ਨਾਲ ਜੁੜਿਆ ਇੱਕ ਅਹਿਮ ਦਸਤਾਵੇਜ਼, ਲੈਸਟਰ ਦੇ ਪਹਿਲੇ ਅਰਲ, ਰੌਬਰਟ ਡਡਲੀ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਨੂੰ ਲਿਖਿਆ ਗਿਆ ਇੱਕ ਖ਼ਤ ਵੀ ਸ਼ਾਮਲ ਹੈ। ਡਡਲੀ ਨੇ ਇਹ ਖ਼ਤ 1588 ’ਚ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਲਿਖਿਆ ਸੀ। ਮਹਾਰਾਣੀ ਐਲਿਜ਼ਾਬੈੱਥ, ਜਿਸ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਸੀ ਕਰਵਾਇਆ, ਨੂੰ ਸੰਬੋਧਿਤ ਖ਼ਤ ਵਿੱਚ ਡਡਲੀ ਨੇ ਆਪਣੇ ਆਪ ਨੂੰ ‘ਤੇਰਾ ਗ਼ਰੀਬ ਨਿਮਾਣਾ ਦਾਸ’ ਦੱਸਿਆ ਹੈ। ਕਿਹਾ ਜਾਂਦਾ ਹੈ ਕਿ ਉਸ ਦਾ ਇਹ ਖ਼ਤ ਲਗਭਗ 15 ਸਾਲਾਂ ਬਾਅਦ ਮਹਾਰਾਣੀ ਦੀ ਮੌਤ ਮਗਰੋਂ ਉਸ ਦੇ ਸਿਰ੍ਹਾਣੇ ਨੇੜਿਓਂ ਮਿਲਿਆ ਸੀ। ਇਹ ਖ਼ਤ ਹੁਣ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਹੈ।
ਮੁਹੱਬਤ ਸ਼ਬਦ ਦਾ ਘੇਰਾ ਮਹਿਜ਼ ਰੋਮਾਂਸ ਤੱਕ ਸੀਮਤ ਨਹੀਂ। ਪਰਿਵਾਰਕ ਮੋਹ-ਮੁਹੱਬਤ ਦੀਆਂ ਤੰਦਾਂ ਦਾ ਝਲਕਾਰਾ ਜੇਨ ਔਸਟਿਨ ਦੀ 1817 ਵਿੱਚ ਹੱਥ-ਲਿਖਤ ਵਸੀਅਤ ਤੋਂ ਵੀ ਮਿਲਦਾ ਹੈ, ਜਿਸ ਨੇ ਆਪਣੀ ਹਰ ਸ਼ੈਅ ਆਪਣੀ ਭੈਣ ਕੈਸੈਂਡਰਾ ਦੇ ਨਾਮ ਕਰ ਦਿੱਤੀ ਸੀ। ਲੰਡਨ ਦੇ ਉੱਘੇ ਗੈਂਗਸਟਰ ਜੌੜੇ ਭਰਾਵਾਂ ਰੈਜੀ ਕਰੇਅ ਅਤੇ ਰੌਨੀ ਕਰੇਅ ਦੇ ਪਿਤਾ ਵੱਲੋਂ 1956 ’ਚ ਲਿਖੀ ਗਈ ਚਿੱਠੀ ਮੁਹੱਬਤ ਦਾ ਇੱਕ ਹੋਰ ਨਮੂਨਾ ਹੈ, ਜਿਸ ਵਿੱਚ ਉਸ ਨੇ ਅਦਾਲਤ ਨੂੰ ਵਾਸਤਾ ਪਾਇਆ ਸੀ ਕਿ ਉਸ ਦੇ ਪੁੱਤਰਾਂ ਨਾਲ ਨਰਮੀ ਵਰਤੀ ਜਾਵੇ ਕਿਉਂਕਿ ਉਨ੍ਹਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ।
ਇਸ ਪ੍ਰਦਰਸ਼ਨੀ ’ਚ ਹਰ ਕਿਸੇ ਦੀ ਮੁਹੱਬਤ ਦੇ ਜਜ਼ਬੇ ਦੀ ਤਰਜਮਾਨੀ ਕਰਦੇ ਖ਼ਤ ਸ਼ਾਮਿਲ ਕੀਤੇ ਜਾ ਰਹੇ ਹਨ, ਭਾਵੇਂ ਉਹ ਕੋਈ ਸਾਧਾਰਨ ਇਨਸਾਨ ਹੋਵੇ ਜਾਂ ਕੋਈ ਬਾਦਸ਼ਾਹ ਜਾਂ ਮਲਿਕਾ। ਇੱਕ ਖ਼ਤ 71 ਸਾਲਾ ਬੁਣਕਰ ਡੇਨੀਅਲ ਰਸ਼ ਦਾ ਵੀ ਹੈ, ਜਿਸ ਨੇ 1851 ਵਿੱਚ ਇੱਕ ਪਟੀਸ਼ਨ ਦਾਇਰ ਕਰ ਕੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵੱਖੋ-ਵੱਖਰੇ ਥਾਈਂ ਕੰਮ ਕਰਨ ਲਈ ਭੇਜ ਕੇ ਉਨ੍ਹਾਂ ਨੂੰ ਜੁਦਾ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਪ੍ਰਦਰਸ਼ਨੀ ’ਚ ਬਾਦਸ਼ਾਹ ਐਡਵਰਡ ਅੱਠਵੇਂ ਦਾ ਸ਼ਾਹੀ ਤਖ਼ਤ ਤਿਆਗਣ ਬਾਰੇ 1936 ’ਚ ਲਿਖਿਆ ਦਸਤਾਵੇਜ਼ ਵੀ ਸ਼ਾਮਿਲ ਹੈ। ਐਡਵਰਡ ਨੇ ਅਮਰੀਕੀ ਮਹਿਲਾ ਵੈਲਿਸ ਸਿੰਪਸਨ, ਜਿਸ ਦੇ ਪਹਿਲੇ ਦੋ ਵਿਆਹ ਨਾਕਾਮ ਰਹੇ ਸਨ, ਨਾਲ ਵਿਆਹ ਕਰਵਾਉਣ ਲਈ ਬਾਦਸ਼ਾਹ ਦਾ ਰੁਤਬਾ ਤਿਆਗ ਦਿੱਤਾ ਸੀ।
ਇਨ੍ਹਾਂ ਸਾਰੇ ਵੱਖ-ਵੱਖ ਖ਼ਤਾਂ ਜਾਂ ਦਸਤਾਵੇਜ਼ਾਂ ਦਾ ਖ਼ਾਸਾ ਭਾਵੇਂ ਵੱਖੋ-ਵੱਖਰਾ ਜਾਪਦਾ ਹੈ ਪਰ ਇਨ੍ਹਾਂ ਵਿਚਲਾ ਬੁਨਿਆਦੀ ਤੱਤ ਮੁਹੱਬਤ ਹੀ ਹੈ।
ਮੁਹੱਬਤ ਦੇ ਅਜਿਹੇ ਖ਼ਤ ਸਭ ਦੇਸ਼ਾਂ, ਕੌਮਾਂ, ਜਾਤਾਂ, ਮਜ਼ਹਬਾਂ ਤੇ ਫ਼ਿਰਕਿਆਂ ਦੇ ਲੋਕ ਲਿਖਦੇ ਰਹੇ ਹਨ ਪਰ ਬਰਤਾਨਵੀ ਲੋਕ ਇਸ ਗੱਲੋਂ ਚੇਤੰਨ ਹਨ ਕਿ ਮਨੁੱਖੀ ਜੀਵਨ ਦੇ ਇਸ ਖ਼ੂਬਸੂਰਤ ਜਜ਼ਬੇ ਨੂੰ ਪ੍ਰਗਟਾਉਣ ਵਾਲੇ ਅਜਿਹੇ ਕੀਮਤੀ ਅਸਾਸੇ ਨੂੰ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਹੈ। ਇਸ ਪ੍ਰਦਰਸ਼ਨੀ ਤੋਂ ਬਾਅਦ ਨਿਰਸੰਦੇਹ ਇਸ ਗੱਲ ’ਤੇ ਵੀ ਧਿਆਨ ਦਿੱਤਾ ਜਾਵੇਗਾ ਕਿ ਸਮਾਂ ਬੀਤਣ ਨਾਲ ਮੁਹੱਬਤ ਦੇ ਇਜ਼ਹਾਰ ਦੇ ਅੰਦਾਜ਼, ਭਾਸ਼ਾ ਤੇ ਸ਼ਬਦ ਚੋਣ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਦੇ ਅਜੋਕੇ ਯੁੱਗ ਵਿੱਚ ਇਸ ਸੂਖ਼ਮ ਅਹਿਸਾਸ ਦੇ ਪ੍ਰਗਟਾਵੇ ਵਾਲੇ ਖ਼ਤਾਂ ਦੀ ਥਾਂ ਮਹਿਜ਼ ਚੰਦ ਲਫ਼ਜ਼ਾਂ ਦੇ ਮੈਸੇਜਾਂ ਨੇ ਲੈ ਲਈ ਹੈ।
ਮੋਹ-ਮੁਹੱਬਤ ਦਾ ਰੂਪ ਕੋਈ ਵੀ ਹੋਵੇ, ਸਿੱਧੀ-ਸਾਦੀ ਜਿਹੀ ਗੱਲ ਇਹ ਹੈ ਕਿ ਪੁਰਸਕੂਨ ਜ਼ਿੰਦਗੀ ਜਿਊਣ ਲਈ ਤੁਹਾਡੇ ਅੰਦਰ ਇਸ ਜਜ਼ਬੇ ਦਾ ਅਹਿਸਾਸ ਜ਼ਰੂਰੀ ਹੈ। ਮੁਹੱਬਤ ਤੋਂ ਸੱਖਣੇ ਅਤੇ ਨਫ਼ਰਤਾਂ ਨਾਲ ਭਰੇ ਮਨੁੱਖ ਨੇ ਹਮੇਸ਼ਾ ਦੇਸ਼, ਕੌਮ, ਦੁਨੀਆ ਅਤੇ ਸਭ ਤੋਂ ਵੱਡੀ ਗੱਲ ਇਨਸਾਨੀਅਤ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਾਇਆ ਹੈ। ਨਫ਼ਰਤ ਦਾ ਜਜ਼ਬਾ ਨਾ ਤਾਂ ਤੁਹਾਨੂੰ ਖ਼ੁਦ ਨੂੰ ਅਤੇ ਨਾ ਹੀ ਦੂਜਿਆਂ ਨੂੰ ਪੁਰਸਕੂਨ ਰਹਿਣ ਦਿੰਦਾ ਹੈ।
ਜਦੋਂ ਕਦੇ ਮੁਹੱਬਤ ਦੇ ਖ਼ਤਾਂ ਨੂੰ ਸਾਂਭ ਕੇ ਰੱਖਣ ਦੀ ਗੱਲ ਹੁੰਦੀ ਹੈ ਤਾਂ ਮਨੁੱਖ ਅੰਦਰਲੇ ਨਫ਼ਰਤਾਂ ਦੇ ਜਜ਼ਬੇ ਦੀ ਤਰਜਮਾਨੀ ਕਰਦੇ ਉਨ੍ਹਾਂ ਮਿਊਜ਼ੀਅਮਾਂ ਦੀ ਯਾਦ ਵੀ ਸਹਿਜੇ ਹੀ ਆਉਂਦੀ ਹੈ, ਜਿਨ੍ਹਾਂ ਵਿੱਚ ਸਾਂਭ ਕੇ ਰੱਖੇ ਗਏ ਦਸਤਾਵੇਜ਼, ਤਸਵੀਰਾਂ ਅਤੇ ਹੋਰ ਪ੍ਰਮਾਣ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਉਂਦੇ ਹਨ ਕਿ ਜਦ ਵੀ ਮਨੁੱਖ ’ਤੇ ਇਹ ਜਜ਼ਬਾ ਭਾਰੂ ਹੋ ਜਾਂਦਾ ਹੈ ਤਾਂ ਉਸ ਦਾ ਹਸ਼ਰ ਇਨਸਾਨੀਅਤ ਦੇ ਘਾਣ ਦੇ ਰੂਪ ’ਚ ਸਾਡੇ ਸਾਹਮਣੇ ਆਉਂਦਾ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿੱਚ ਕਾਇਮ ਹੋਲੋਕਾਸਟ ਮਿਊਜ਼ੀਅਮ ਵਿਚਲੇ ਦਸਤਾਵੇਜ਼ ਤੁਹਾਨੂੰ ਇਹ ਦੱਸਦੇ ਹਨ ਕਿ ਨਾਜ਼ੀ ਸ਼ਾਸਕ ਹਿਟਲਰ ਮੰਨਦਾ ਸੀ ਕਿ ਉਸ ਦੀ ਆਰੀਆ ਨਸਲ ਹੋਰ ਸਭਨਾਂ ਤੋਂ ਉੱਤਮ ਅਤੇ ਸ਼ੁੱਧ ਹੈ। ਇਸ ਸਵੈਮਾਣ ਨੇ ਉਸ ਨੂੰ ਯਹੂਦੀਆਂ ਨੂੰ ਨਫ਼ਰਤ ਕਰਨ ਦੇ ਰਾਹ ਪਾਇਆ ਅਤੇ ਸੰਨ 1941 ਤੋਂ 1945 ਤੱਕ ਤਕਰੀਬਨ 60 ਲੱਖ ਯਹੂਦੀਆਂ ਦਾ ਬੀ-ਨਾਸ ਇਸੇ ਨਫ਼ਰਤ ਦਾ ਸਿੱਟਾ ਸੀ। ਇਸੇ ਨਫ਼ਰਤ ਤਹਿਤ ਉਸ ਨੇ ਇਨ੍ਹਾਂ ਵਿੱਚੋਂ ਤਕਰੀਬਨ ਤੀਹ ਲੱਖ ਯਹੂਦੀਆਂ ਨੂੰ ਗੈਸ ਚੈਂਬਰਾਂ ’ਚ ਅਤੇ ਹੋਰ ਇੰਨਿਆਂ ਨੂੰ ਹੀ ਸਮੂਹਿਕ ਤੌਰ ’ਤੇ ਗੋਲੀਆਂ ਮਰਵਾ ਕੇ ਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਤੜਪਾ ਤੜਪਾ ਕੇ ਮਰਵਾਇਆ। ਹੋਲੋਕਾਸਟ ਮਿਊਜ਼ੀਅਮ ਵਿੱਚ ਸਾਂਭੀਆਂ ਤਸਵੀਰਾਂ ’ਚੋਂ ਇੱਕ ਵਿੱਚ ਕਮਜ਼ੋਰ ਹੋ ਕੇ ਹੱਡੀਆਂ ਦੀ ਮੁੱਠ ਬਣੇ ਯਹੂਦੀਆਂ ਦੀਆਂ ਟੋਏ ਵਿੱਚ ਪਈਆਂ ਲਾਸ਼ਾਂ ਦੇ ਅੰਬਾਰ ਨੂੰ ਦੇਖ ਕੇ ਨੇੜੇ ਖੜ੍ਹੇ ਕੁਝ ਕੱਟੜ ਜਰਮਨ ਹੁੱਲੜਬਾਜ਼ ਮੁਸਕਰਾ ਰਹੇ ਹਨ। ਇੱਕ ਪਲ ਲਈ ਲੱਗਦਾ ਹੈ ਜਿਵੇਂ ਸ਼ੈਤਾਨ ਇਹ ਦੇਖ ਕੇ ਹੱਸ ਰਹੇ ਹੋਣ ਕਿ ਆਖ਼ਰ ਉਨ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ’ਚ ਫ਼ਤਹਿ ਹਾਸਲ ਕਰ ਹੀ ਲਈ ਹੈ।
ਇਸੇ ਤਰ੍ਹਾਂ ਹਿੰਦੋਸਤਾਨ ਦੀ ਵੰਡ ’ਤੇ ਆਧਾਰਿਤ ਅੰਮ੍ਰਿਤਸਰ ਦੇ ਦੇਸ਼ ਵੰਡ ਮਿਊਜ਼ੀਅਮ ਵਿਚਲੇ ਦਸਤਾਵੇਜ਼ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਕਿਵੇਂ ਫ਼ਿਰਕਾਪ੍ਰਸਤੀ ਨੂੰ ਉਕਸਾਉਣ ਵਾਲੀਆਂ ਤਾਕਤਾਂ ਦੇ ਬਹਿਕਾਵੇ ’ਚ ਆ ਕੇ ਅਸੀਂ ਪੰਜਾਬੀਆਂ, ਜੋ ਧੀਆਂ-ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਮੰਨਦੇ ਹਾਂ, ਨੇ ਉਨ੍ਹਾਂ ਦੀਆਂ ਇੱਜ਼ਤਾਂ ਨੂੰ ਸੜਕਾਂ ’ਤੇ ਰੋਲਿਆ ਅਤੇ ਪਤਾ ਨਹੀਂ ਕਿੰਨੇ ਹੀ ਬੇਗੁਨਾਹਾਂ ਦੇ ਖ਼ੂਨ ਨਾਲ ਆਪਣੇ ਹੱਥ ਵੀ ਰੰਗੇ। ਦੋਵਾਂ ਪਾਸਿਆਂ ਦੇ ਪੰਜਾਬਾਂ ਵਿੱਚ ਲਾਸ਼ਾਂ ਦੀਆਂ ਭਰੀਆਂ ਗੱਡੀਆਂ ਰੇਲਵੇ ਸਟੇਸ਼ਨਾਂ ’ਤੇ ਪੁੱਜਦੀਆਂ ਰਹੀਆਂ। ਉਸ ਵੇਲੇ ਸਾਡੇ ਅੰਦਰਲੀ ਨਫ਼ਰਤ ਨੇ ਤਕਰੀਬਨ ਦਸ ਲੱਖ ਲੋਕਾਂ ਦੀ ਬਲੀ ਲਈ। ਸ਼ੈਤਾਨ ਉਦੋਂ ਵੀ ਇਹ ਦੇਖ ਦੇਖ ਕੇ ਹੱਸ ਰਿਹਾ ਹੋਵੇਗਾ ਕਿ ਉਹ ਮਨੁੱਖਾਂ ਨੂੰ ਹੈਵਾਨ ਬਣਾਉਣ ’ਚ ਕਾਮਯਾਬ ਰਿਹਾ।
ਪਿਆਰ ਦੇ ਖ਼ੂਬਸੂਰਤ ਅਹਿਸਾਸ ਨਾਲ ਭਰੇ ਖ਼ਤਾਂ ਦੀ ਸੰਭਾਲ ਦੇ ਨਾਲ-ਨਾਲ ਸਾਡੇ ਅੰਦਰਲੀ ਨਫ਼ਰਤ ਕਾਰਨ ਇਨਸਾਨੀਅਤ ਦੇ ਕਤਲ ਅਤੇ ਲੱਖਾਂ ਮਨੁੱਖੀ ਜਾਨਾਂ ਜਾਣ ਦੀ ਦਾਸਤਾਨ ਨੂੰ ਸੰਭਾਲ ਕੇ ਰੱਖਣ ਵਾਲੀਆਂ ਇਹ ਯਾਦਗਾਰਾਂ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਇਨ੍ਹਾਂ ਨੂੰ ਦੇਖ ਕੇ ਆਪਣੇ ਅੰਦਰਲਾ ਸਿਆਹ ਅਕਸ ਪਛਾਣ ਸਕੀਏ ਅਤੇ ਫ਼ਿਰਕਾਪ੍ਰਸਤੀ, ਕੱਟੜਤਾ ਤੇ ਨਫ਼ਰਤਾਂ ਦੀ ਥਾਂ ਮੁਹੱਬਤ ਦੇ ਰਾਹ ਤੁਰ ਸਕੀਏ।
ਆਓ, ਸਾਰੇ ਰਲ ਕੇ ਦੁਆ ਕਰੀਏ ਕਿ ਸਾਡੇ ਅੰਦਰ ਨਫ਼ਰਤ ਦਾ ਜਜ਼ਬਾ ਮੁਹੱਬਤ ਦੇ ਜਜ਼ਬੇ ’ਤੇ ਕਦੇ ਵੀ ਭਾਰੂ ਨਾ ਪਵੇ। ਸ਼ਾਲਾ! ਅਸੀਂ ਥਾਂ ਥਾਂ ਮੁਹੱਬਤ ਦੀ ਬਾਤ ਪਾਉਂਦੀਆਂ ਯਾਦਗਾਰਾਂ ਕਾਇਮ ਕਰੀਏ ਅਤੇ ਸਾਨੂੰ ਆਪਣੇ ਅੰਦਰਲੇ ਖ਼ੌਫ਼ਨਾਕ ਨਫ਼ਰਤੀ ਚਿਹਰੇ ਦੀ ਸ਼ਨਾਖਤ ਕਰਦੀ ਕੋਈ ਵੀ ਨਵੀਂ ਯਾਦਗਾਰ ਭਵਿੱਖ ਵਿੱਚ ਉਸਾਰਨ ਦੀ ਲੋੜ ਨਾ ਪਵੇ।

