ਵਿਦਿਆਰਥੀ ਖ਼ੁਦਕੁਸ਼ੀਆਂ
ਦੋ ਮਹੀਨਿਆਂ ਵਿੱਚ ਚਾਰ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਨੇ ਕੁਰੂਕਸ਼ੇਤਰ ਦੇ ਨੈਸ਼ਨਲ ਇੰਸਟੀਚਿਊਟ ਔਫ ਟੈਕਨਾਲੋਜੀ (ਐੱਨ ਆਈ ਟੀ) ਨੂੰ ਦਹਿਲਾ ਦਿੱਤਾ ਹੈ ਅਤੇ ਇਸ ਨਾਲ ਦੇਸ਼ ਦੇ ਸਿੱਖਿਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੰਸਥਾ ਨੇ...
ਦੋ ਮਹੀਨਿਆਂ ਵਿੱਚ ਚਾਰ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਨੇ ਕੁਰੂਕਸ਼ੇਤਰ ਦੇ ਨੈਸ਼ਨਲ ਇੰਸਟੀਚਿਊਟ ਔਫ ਟੈਕਨਾਲੋਜੀ (ਐੱਨ ਆਈ ਟੀ) ਨੂੰ ਦਹਿਲਾ ਦਿੱਤਾ ਹੈ ਅਤੇ ਇਸ ਨਾਲ ਦੇਸ਼ ਦੇ ਸਿੱਖਿਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੰਸਥਾ ਨੇ ਇਸ ਸਬੰਧ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ ਹੈ, ਜਦੋਂਕਿ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਨੇ ਕੇਂਦਰੀ ਸਿੱਖਿਆ ਮੰਤਰੀ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਐੱਨ ਆਈ ਟੀ ਨੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਂਚ ਕਰਨ ਲਈ ਵੱਖਰੀਆਂ ਕਮੇਟੀਆਂ ਵੀ ਬਣਾਈਆਂ ਹਨ। ਹਾਲਾਂਕਿ ਇਨ੍ਹਾਂ ਜਵਾਬੀ ਕਾਰਵਾਈਆਂ ਨਾਲ ਪਹਿਲਾਂ ਤੋਂ ਕੀਤੀਆਂ ਗਈਆਂ ਤਿਆਰੀਆਂ ਦੀ ਘਾਟ ਸਾਹਮਣੇ ਆਈ ਹੈ। ਹੋਸਟਲ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਘਰ ਜਾਣ ਦਾ ਹੁਕਮ ਦੇਣ ਨਾਲ ਹਾਲ ਦੀ ਘੜੀ ਤਣਾਅ ਘਟ ਸਕਦਾ ਹੈ, ਪਰ ਇਸ ਨਾਲ ਸਮੱਸਿਆ ਦੀ ਜੜ੍ਹ ਖ਼ਤਮ ਨਹੀਂ ਹੋਵੇਗੀ। ਕੈਂਪਸ ਵਿੱਚ ਫੈਲੀ ਅਸ਼ਾਂਤੀ ਨੇ ਵਿਦਿਆਰਥੀਆਂ ਅਤੇ ਐੱਨ ਆਈ ਟੀ ਅਧਿਕਾਰੀਆਂ ਵਿਚਾਲੇ ਡੂੰਘੇ ਮਤਭੇਦ ਉਜਾਗਰ ਕੀਤੇ ਹਨ। ਢੁੱਕਵੀਂ ਮਨੋਵਿਗਿਆਨਕ ਮਦਦ ਨਾ ਮਿਲਣਾ ਅਤੇ ਸ਼ਿਕਾਇਤਾਂ ਦੇ ਹੱਲ ਲਈ ਕਾਰਗਰ ਪ੍ਰਬੰਧ ਨਾ ਹੋਣਾ ਵਿਵਸਥਾ ਵਿਚਲੀਆਂ ਖ਼ਾਮੀਆਂ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਦੀ ਸੁਤੰਤਰ ਜਾਂਚ ਕੀਤੇ ਜਾਣ ਦੀ ਲੋੜ ਹੈ।
ਭਾਰਤ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਲੰਮੇ ਅਰਸੇ ਤੋਂ ਜਮਾਤ ਦੇ ਅੰਦਰ ਅਤੇ ਬਾਹਰ, ਦੋਵੇਂ ਥਾਵਾਂ ’ਤੇ ਲੋੜ ਤੋਂ ਵੱਧ ਦਬਾਅ ਪਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਲਗਪਗ ਤਿੰਨ ਸਾਲ ਪਹਿਲਾਂ ਸਿੱਖਿਆ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਸੀ ਕਿ 2018 ਤੋਂ 2023 ਦਰਮਿਆਨ ਉੱਚ ਸਿੱਖਿਆ ਸੰਸਥਾਵਾਂ ਵਿੱਚ ਖ਼ੁਦਕੁਸ਼ੀ ਕਾਰਨ 98 ਵਿਦਿਆਰਥੀਆਂ ਦੀ ਮੌਤ ਹੋਈ। ਸਭ ਤੋਂ ਵੱਧ ਮੌਤਾਂ ਆਈ ਆਈ ਟੀ ਵਿੱਚ ਹੋਈਆਂ, ਜਿਸ ਮਗਰੋਂ ਐੱਨ ਆਈ ਟੀ ਅਤੇ ਕੇਂਦਰੀ ਯੂਨੀਵਰਸਿਟੀਆਂ ਆਉਂਦੀਆਂ ਹਨ।
ਇਹ ਪ੍ਰੇਸ਼ਾਨ ਕਰ ਦੇਣ ਵਾਲੀਆਂ ਘਟਨਾਵਾਂ ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਦੇਸ਼ ਵਿਆਪੀ ਢਾਂਚੇ ਦੀ ਫੌਰੀ ਲੋੜ ਨੂੰ ਉਜਾਗਰ ਕਰਦੀਆਂ ਹਨ, ਜਿਸ ਵਿੱਚ ਸਿਰਫ਼ ਕਾਉਂਸਲਿੰਗ ਹੀ ਨਹੀਂ, ਸਗੋਂ ਮੁੱਢਲੀ ਚਿਤਾਵਨੀ ਪ੍ਰਣਾਲੀ, ਪੀਅਰ ਸਪੋਰਟ ਨੈੱਟਵਰਕ ਅਤੇ ਫੈਕਲਟੀ ਮੈਂਬਰਾਂ ਨੂੰ ਜਾਗਰੂਕ ਕਰਨਾ ਵੀ ਸ਼ਾਮਿਲ ਹੋਵੇ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਰੋਸਾ ਬਹਾਲ ਹੋਣਾ ਬਹੁਤ ਜ਼ਰੂਰੀ ਹੈ। ਸਵਾਲ ਇਹ ਨਹੀਂ ਹੈ ਕਿ ਸਿੱਖਿਆ ਸੰਸਥਾਵਾਂ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਸਾਹਮਣਾ ਕਰ ਸਕਦੀਆਂ ਹਨ ਜਾਂ ਨਹੀਂ, ਸਗੋਂ ਸਵਾਲ ਇਹ ਹੈ ਕਿ ਕੀ ਉਹ ਇਨ੍ਹਾਂ ਘਟਨਾਵਾਂ ਨੂੰ ਰੋਕ ਸਕਦੀਆਂ ਹਨ? ਐੱਨ ਆਈ ਟੀ ਦੀ ਜਾਂਚ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਸ ਦੇ ਨਤੀਜੇ ਹਾਦਸੇ ਤੋਂ ਬਾਅਦ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਥਾਂ ਪਹਿਲਾਂ ਤੋਂ ਮਾਹੌਲ ਨੂੰ ਸੁਰੱਖਿਅਤ ਬਣਾਉਣ ਵੱਲ ਸੇਧਿਤ ਹੋਣੇ ਚਾਹੀਦੇ ਹਨ। ਜਿਨ੍ਹਾਂ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਸੀ, ਉਨ੍ਹਾਂ ਦੀ ਜ਼ਿੰਦਗੀ ਖ਼ਤਮ ਹੋਣਾ ਦੇਸ਼ ਲਈ ਨਮੋਸ਼ੀ ਵਾਲੀ ਗੱਲ ਹੈ। ਦੇਸ਼ ਤਣਾਅ ਦੀ ਵੇਦੀ ਵਿੱਚ ਨੌਜਵਾਨਾਂ ਦੀ ਬਲੀ ਨਹੀਂ ਦੇ ਸਕਦਾ।

