ਪਰਾਲੀ, ਪ੍ਰਦੂਸ਼ਣ ਅਤੇ ਪੰਜਾਬ
ਪੰਜਾਬ ਵਿੱਚ ਪਰਾਲੀ ਦੇ ਨਿਬੇੜੇ ਲਈ ਖ਼ਰਚ ਕੀਤੇ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਹੁਣ ਵੀ 10 ਰੁਪਏ ਦੀ ਮਾਚਿਸ ਦੀ ਡੱਬੀ ਅੱਗੇ ਹਾਰ ਰਹੇ ਹਨ। ਪਰਾਲੀ ਨੂੰ ਅੱਗ ਲੱਗਣ ਦੀ ਇਸ ਮੁੜ-ਮੁੜ ਵਾਪਰਦੀ ਸਮੱਸਿਆ ਦਾ ਕੌੜਾ ਸੱਚ ਇਹ ਹੈ ਕਿ...
ਪੰਜਾਬ ਵਿੱਚ ਪਰਾਲੀ ਦੇ ਨਿਬੇੜੇ ਲਈ ਖ਼ਰਚ ਕੀਤੇ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਹੁਣ ਵੀ 10 ਰੁਪਏ ਦੀ ਮਾਚਿਸ ਦੀ ਡੱਬੀ ਅੱਗੇ ਹਾਰ ਰਹੇ ਹਨ। ਪਰਾਲੀ ਨੂੰ ਅੱਗ ਲੱਗਣ ਦੀ ਇਸ ਮੁੜ-ਮੁੜ ਵਾਪਰਦੀ ਸਮੱਸਿਆ ਦਾ ਕੌੜਾ ਸੱਚ ਇਹ ਹੈ ਕਿ ਰਹਿੰਦ-ਖੂੰਹਦ ਨੂੰ ਵਿਗਿਆਨਕ ਤਰੀਕੇ ਨਾਲ ਨਿਬੇੜਨ ਨਾਲੋਂ ਇਸ ਨੂੰ ਸਾੜਨਾ ਵਧੇਰੇ ਸਸਤਾ, ਤੇਜ਼ ਅਤੇ ਸੁਵਿਧਾਜਨਕ ਹੈ। ਜਦੋਂ ਤੱਕ ਇਹ ਆਰਥਿਕ ਸਮੀਕਰਨ ਨਹੀਂ ਬਦਲਦਾ, ਕੇਵਲ ਸਬਸਿਡੀਆਂ ਅਤੇ ਸਜ਼ਾਵਾਂ ਦੇਣ ਨਾਲ ਸੀਮਤ ਨਤੀਜੇ ਹੀ ਮਿਲਣਗੇ। ਪੰਜਾਬ ਵਿੱਚ 15 ਸਤੰਬਰ ਤੋਂ 24 ਅਕਤੂਬਰ ਦਰਮਿਆਨ ਪਰਾਲੀ ਸਾੜਨ ਦੀਆਂ 574 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 561 ਸੀ। ਤਰਨ ਤਾਰਨ ਵਿੱਚ 270 ਅਤੇ ਅੰਮ੍ਰਿਤਸਰ ਵਿੱਚ 144 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਇਸ ਮਾਮਲੇ ਵਿੱਚ ਖ਼ਾਸ ਧਿਆਨ ਦੇ ਕੇ ਹੰਭਲਾ ਮਾਰਨ ਦੀ ਲੋੜ ਨੂੰ ਦਰਸਾਉਂਦੀਆਂ ਹਨ। ਝੋਨੇ ਦੀ ਵਾਢੀ ਦਾ ਸੀਜ਼ਨ ਅਜੇ ਜਾਰੀ ਹੈ।
ਸੂਬਾ ਸਰਕਾਰ ਨੇ ਇਸ ਵਾਰ ਪਰਾਲੀ ਦੇ ਪ੍ਰਬੰਧਨ ਲਈ 576 ਕਰੋੜ ਰੁਪਏ ਰੱਖੇ ਹਨ ਅਤੇ ਕਰੀਬ 21,155 ਸਬਸਿਡੀ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਫਿਰ ਵੀ, ਕਿਸਾਨਾਂ ਨੂੰ ਮਸ਼ੀਨਾਂ ਚਲਾਉਣ ਦਾ ਖ਼ਰਚਾ, ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਵਿਚਕਾਰ ਬਹੁਤ ਘੱਟ ਸਮਾਂ ਮਿਲਣਾ ਅਤੇ ਲੋੜ ਵੇਲੇ ਮਸ਼ੀਨਰੀ ਤੱਕ ਪਹੁੰਚ ਨਾ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਾਲੀ ਦੇ ਵਿਗਿਆਨਕ ਨਿਬੇੜੇ ’ਤੇ 2,000 ਤੋਂ 2,500 ਰੁਪਏ ਪ੍ਰਤੀ ਏਕੜ ਤੱਕ ਖ਼ਰਚਾ ਆ ਸਕਦਾ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨਾਂ ਲਈ ਪਰਾਲੀ ਨੂੰ ਅੱਗ ਲਗਾਉਣਾ ਹੀ ਸੌਖਾ ਰਾਹ ਬਚਦਾ ਹੈ। ਸਖ਼ਤੀ ਵੀ ਵਧਾ ਦਿੱਤੀ ਗਈ ਹੈ, ਜਿਸ ਤਹਿਤ 113 ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਹਨ, ਜ਼ਮੀਨ ਦੇ ਰਿਕਾਰਡ ਵਿੱਚ 205 ਲਾਲ ਇੰਦਰਾਜ (ਰੈੱਡ ਐਂਟਰੀਆਂ) ਕੀਤੇ ਗਏ ਹਨ ਅਤੇ 11.4 ਲੱਖ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਅਜਿਹੀ ਕਾਰਵਾਈ ਜ਼ਰੂਰੀ ਹੈ ਕਿਉਂਕਿ ਪਰਾਲੀ ਨੂੰ ਅੱਗ ਲੱਗਣ ਨਾਲ ਸਮਾਜ ਨੂੰ ਪ੍ਰਦੂਸ਼ਣ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਹਾਲਾਂਕਿ, ਜੁਰਮਾਨੇ, ਵਿਹਾਰਕ ਹੱਲਾਂ ਦਾ ਬਦਲ ਨਹੀਂ ਹੋ ਸਕਦੇ। ਨਾ ਹੀ ਸ਼ੁੱਧ ਹਵਾ ਦੀ ਸਾਰੀ ਜ਼ਿੰਮੇਵਾਰੀ ਇਕੱਲੇ ਕਿਸਾਨਾਂ ’ਤੇ ਪਾਈ ਜਾਣੀ ਚਾਹੀਦੀ ਹੈ।
ਸਾਡੀ ਸਭ ਤੋਂ ਪਹਿਲੀ ਤਰਜੀਹ ਪਰਾਲੀ ਦੇ ਪ੍ਰਬੰਧਨ ਨੂੰ ਸਸਤਾ ਅਤੇ ਆਸਾਨ ਬਣਾਉਣ ਦੀ ਹੋਣੀ ਚਾਹੀਦੀ ਹੈ। ਪਰਾਲੀ ਨੂੰ ਇਕੱਠਾ ਕਰਨ ਅਤੇ ਢੋਣ ਲਈ ਜ਼ਰੂਰੀ ਮਸ਼ੀਨਾਂ (ਬੇਲਰਾਂ) ਦੀ ਘਾਟ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਬਾਇਓਮਾਸ ਪਾਵਰ ਪਲਾਂਟਾਂ, ਇੱਟਾਂ ਦੇ ਭੱਠਿਆਂ ਅਤੇ ਹੋਰ ਉਦਯੋਗਾਂ ਨਾਲ ਜੋੜਨ ਵਾਲੇ ਭਰੋਸੇਯੋਗ ਬਾਜ਼ਾਰ ਖੇਤੀ ਰਹਿੰਦ-ਖੂੰਹਦ ਨੂੰ ਆਰਥਿਕ ਸਰੋਤ ਵਿੱਚ ਬਦਲ ਸਕਦੇ ਹਨ। ਅੱਗ ਲਾਏ ਬਿਨਾਂ ਪਰਾਲੀ ਦਾ ਪ੍ਰਬੰਧਨ ਕਰਨ ਵਾਲਿਆਂ ਨੂੰ ਉਤਸ਼ਾਹਿਤ (ਇਨਸੈਂਟਿਵ) ਦੇਣ ਬਾਰੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਫਲਤਾ ਦਾ ਪੈਮਾਨਾ ਖ਼ਰਚ ਕੀਤੇ ਗਏ ਪੈਸੇ ਜਾਂ ਵੰਡੀਆਂ ਗਈਆਂ ਮਸ਼ੀਨਾਂ ਨਹੀਂ, ਸਗੋਂ ਬਿਨਾਂ ਅੱਗ ਲਾਏ ਸਾਫ਼ ਕੀਤੇ ਗਏ ਖੇਤ ਹੋਣੇ ਚਾਹੀਦੇ ਹਨ। ਪੰਜਾਬ ਨੂੰ ਕੇਂਦਰ ਸਰਕਾਰ, ਸੂਬਾ ਸਰਕਾਰ, ਉਦਯੋਗਾਂ ਅਤੇ ਕਿਸਾਨਾਂ ਦੇ ਸਾਂਝੇ ਹੰਭਲੇ ਦੀ ਲੋੜ ਹੈ। ਪਰਾਲੀ ਦਾ ਟਿਕਾਊ ਹੱਲ ਵੀ ਓਨਾ ਹੀ ਸੁਵਿਧਾਜਨਕ ਹੋਣਾ ਚਾਹੀਦਾ ਹੈ, ਜਿੰਨੀ ਸੌਖੀ ਮਾਚਿਸ ਦੀ ਤੀਲੀ ਬਾਲਣੀ ਹੈ।

