ਤਣਾਅਪੂਰਨ ਹਾਲਤ

ਤਣਾਅਪੂਰਨ ਹਾਲਤ

ਰੂਸ ਤੇ ਯੂਕਰੇਨ ਦੀ ਸਰਹੱਦ ’ਤੇ ਸਥਿਤੀ ਤਣਾਅਪੂਰਨ ਹੈ। ਵੱਖ ਵੱਖ ਅੰਦਾਜ਼ਿਆਂ ਮੁਤਾਬਿਕ ਰੂਸ ਨੇ ਯੂਕਰੇਨ ਦੀ ਸਰਹੱਦ ’ਤੇ ਲਗਭਗ ਇਕ ਲੱਖ ਫ਼ੌਜੀ ਇਕੱਠੇ ਕਰ ਲਏ ਹਨ ਤੇ ਆਉਣ ਵਾਲੇ ਦਿਨਾਂ ’ਚ ਇਹ ਗਿਣਤੀ ਵਧ ਸਕਦੀ ਹੈ। ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਅਨੁਸਾਰ ਰੂਸ ਯੂਕਰੇਨ ’ਤੇ ਹਮਲਾ ਕਰਨ ਵਾਲਾ ਹੈ ਜਦੋਂਕਿ ਰੂਸ ਨੇ ਇਸ ਨੂੰ ਗ਼ਲਤ ਦੱਸਿਆ ਹੈ। ਰੂਸ ਨੇ 2014 ’ਚ ਯੂਕਰੇਨ ਦੇ ਇਕ ਹਿੱਸੇ ਕਰੀਮੀਆ ’ਤੇ ਕਬਜ਼ਾ ਕਰ ਲਿਆ ਸੀ। ਰੂਸ ਨੂੰ ਡਰ ਹੈ ਕਿ ਯੂਕਰੇਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO-ਨਾਟੋ) ਵਿਚ ਸ਼ਾਮਿਲ ਹੋ ਸਕਦਾ ਹੈ ਅਤੇ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਨਾਟੋ ਦੀਆਂ ਫ਼ੌਜਾਂ ਯੂਕਰੇਨ ਵਿਚ ਤਾਇਨਾਤ ਕੀਤੀਆਂ ਜਾਣਗੀਆਂ। ਨਾਟੋ ਅਮਰੀਕਾ ਦੀ ਅਗਵਾਈ ਵਿਚ ਬਣਿਆ ਫ਼ੌਜੀ ਸੰਗਠਨ ਹੈ ਜਿਸ ਵਿਚ ਅਮਰੀਕਾ, ਕੈਨੇਡਾ ਅਤੇ ਯੂਰੋਪੀਅਨ ਦੇਸ਼ ਸ਼ਾਮਿਲ ਹਨ।

ਯੂਕਰੇਨ ਅਤੇ ਰੂਸ ਵਿਚ ਇਤਿਹਾਸਕ ਸਾਂਝਾਂ ਬਹੁਤ ਪੁਰਾਣੀਆਂ ਅਤੇ ਜਟਿਲ ਹਨ। 17ਵੀਂ ਤੋਂ 19ਵੀਂ ਸਦੀ ਦੇ ਵਿਚਕਾਰ ਯੂਕਰੇਨ ਦੇ ਕਈ ਹਿੱਸੇ ਪੋਲੈਂਡ, ਲਿਥੂਆਨੀਆ ਅਤੇ ਰੂਸ ਦੀਆਂ ਬਾਦਸ਼ਾਹਤਾਂ ਦੇ ਕਬਜ਼ੇ ਹੇਠ ਰਹੇ। 19ਵੀਂ ਸਦੀ ਵਿਚ ਯੂਕਰੇਨ ਅਤੇ ਰੂਸ ਵਿਚ ਸਾਂਝ ਵੱਡੇ ਪੱਧਰ ’ਤੇ ਵਧੀ; ਯੂਕਰੇਨੀ ਰੂਸ ਵਿਚ ਅਤੇ ਰੂਸੀ ਯੂਕਰੇਨ ਵਿਚ ਵੱਸੇ। ਪਹਿਲੀ ਆਲਮੀ ਜੰਗ ਅਤੇ ਰੂਸ ਦੇ ਇਨਕਲਾਬ ਤੋਂ ਬਾਅਦ ਕਈ ਸਿਆਸੀ ਕੜਵਲਾਂ ’ਚੋਂ ਨਿਕਲਦਾ ਹੋਇਆ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਗਿਆ। ਇਸ ਦੌਰਾਨ ਯੂਕਰੇਨੀ ਰਾਸ਼ਟਰਵਾਦ ਦੀਆਂ ਭਾਵਨਾਵਾਂ ਵਧੀਆਂ। 1991 ਵਿਚ ਯੂਕਰੇਨ ਵੱਖਰੇ ਦੇਸ਼ ਵਜੋਂ ਹੋਂਦ ਵਿਚ ਆਇਆ ਅਤੇ ਵੱਡੀ ਸਿਆਸੀ ਉਥਲ ਪੁਥਲ ਵਿਚੋਂ ਗੁਜ਼ਰਿਆ। ਰੂਸ ਨੇ ਯੂਕਰੇਨ ’ਤੇ ਆਪਣਾ ਗ਼ਲਬਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਅਤੇ ਯੂਰੋਪੀਅਨ ਤਾਕਤਾਂ ਦੇ ਦਖ਼ਲ ਕਾਰਨ ਤਣਾਅ ਵਧਦਾ ਗਿਆ। ਯੂਕਰੇਨ ਦੇ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੇ ਰੂਸ ਨਾਲ ਦੋਸਤਾਨਾ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰਦਿਆਂ ਦੇਸ਼ ਦੇ ਯੂਰੋਪੀਅਨ ਯੂਨੀਅਨ ਵਿਚ ਸ਼ਾਮਿਲ ਹੋਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ। ਇਸ ਫ਼ੈਸਲੇ ਦਾ ਵਿਰੋਧ ਹੋਣ ਕਾਰਨ ਯਾਨੂਕੋਵਿਚ ਨੂੰ 2014 ਵਿਚ ਅਸਤੀਫ਼ਾ ਦੇਣਾ ਪਿਆ। 2014 ਵਿਚ ਰੂਸ ਦੁਆਰਾ ਕਰੀਮੀਆ ’ਤੇ ਕਬਜ਼ਾ ਕਰਨ ਤੋਂ ਬਾਅਦ ਫਰਾਂਸ ਨੇ 2015 ਵਿਚ ਰੂਸ ਅਤੇ ਯੂਕਰੇਨ ਵਿਚ ਸ਼ਾਂਤੀ ਸਮਝੌਤਾ ਕਰਾਇਆ ਪਰ ਰੂਸ ਦਾ ਕਹਿਣਾ ਹੈ ਕਿ ਯੂਕਰੇਨ ਉਸ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕਰਦਾ। ਯੂਕਰੇਨ ਅਨੁਸਾਰ ਰੂਸ ਯੂਕਰੇਨ ਵਿਚ ਵਿਦਰੋਹੀ ਤਾਕਤਾਂ ਦੀ ਹਮਾਇਤ ਕਰਦਾ ਆ ਰਿਹਾ ਹੈ।

2019 ’ਚ ਯੂਕਰੇਨ ਦੇ ਸੰਵਿਧਾਨ ’ਚ ਸੋਧ ਕਰ ਕੇ ਦੇਸ਼ ਦਾ ਯੂਰੋਪੀਅਨ ਯੂਨੀਅਨ ਤੇ ਨਾਟੋ ਮੈਂਬਰ ਬਣਨ ਲਈ ਰਾਹ ਪੱਧਰਾ ਕੀਤਾ ਗਿਆ। ਰੂਸ ਅਮਰੀਕਾ ਤੇ ਪੱਛਮੀ ਤਾਕਤਾਂ ਤੋਂ ਮੰਗ ਕਰਦਾ ਰਿਹਾ ਹੈ ਕਿ ਉਹ ਯੂਕਰੇਨ ਤੇ ਪੂਰਬੀ ਯੂਰੋਪ ਦੇ ਹੋਰ ਦੇਸ਼ਾਂ ’ਚ ਦਖ਼ਲ ਨਾ ਦੇਣ ਪਰ ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਆਦਿ ਦੇ ਨਾਟੋ ਦੇ ਮੈਂਬਰ ਬਣਨ ਅਤੇ ਭਵਿੱਖ ’ਚ ਯੂਕਰੇਨ ਦੇ ਵੀ ਨਾਟੋ ’ਚ ਸ਼ਾਮਿਲ ਹੋਣ ਦੀਆਂ ਸੰਭਾਵਨਾਵਾਂ ਨੇ ਤਣਾਅ ਵਧਾ ਦਿੱਤਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰੂਸ ਨੇ ਯੂਕਰੇਨ ’ਚ ਫ਼ੌਜੀ ਦਖ਼ਲ ਦਿੱਤਾ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਸਿਆਸੀ ਮਾਹਿਰਾਂ ਅਨੁਸਾਰ ਰੂਸ ਯੂਕਰੇਨ ਵਿਚ ਫ਼ੌਜਾਂ ਦਾਖ਼ਲ ਨਹੀਂ ਕਰੇਗਾ; ਉਹ ਅਮਰੀਕਾ ਅਤੇ ਨਾਟੋ ਨੂੰ ਯੂਕਰੇਨ ਵਿਚ ਆਪਣਾ ਪ੍ਰਭਾਵ ਵਧਾਉਣ ਤੋਂ ਰੋਕ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All