DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰਾਂਸ ਨਾਲ ਰਣਨੀਤਕ ਭਾਈਵਾਲੀ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਭਾਰਤ ਯਾਤਰਾ, ਜਿਸ ਵਿੱਚ ਮੁੰਬਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਨਵੀਂ ਦਿੱਲੀ ਵਿੱਚ ‘ਏ ਆਈ ਇੰਪੈਕਟ’ ਸੰਮੇਲਨ ਵਿੱਚ ਸ਼ਮੂਲੀਅਤ ਸ਼ਾਮਲ ਹੈ, ਭਾਰਤ-ਫਰਾਂਸ ਦੀ ਰਣਨੀਤਕ ਭਾਈਵਾਲੀ ਦੀ ਵਧ ਰਹੀ ਗਹਿਰਾਈ...

  • fb
  • twitter
  • whatsapp
  • whatsapp
Advertisement

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਭਾਰਤ ਯਾਤਰਾ, ਜਿਸ ਵਿੱਚ ਮੁੰਬਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਨਵੀਂ ਦਿੱਲੀ ਵਿੱਚ ‘ਏ ਆਈ ਇੰਪੈਕਟ’ ਸੰਮੇਲਨ ਵਿੱਚ ਸ਼ਮੂਲੀਅਤ ਸ਼ਾਮਲ ਹੈ, ਭਾਰਤ-ਫਰਾਂਸ ਦੀ ਰਣਨੀਤਕ ਭਾਈਵਾਲੀ ਦੀ ਵਧ ਰਹੀ ਗਹਿਰਾਈ ਨੂੰ ਦਰਸਾਉਂਦੀ ਹੈ। ਇੱਕ

ਅਜਿਹੀ ਦੁਨੀਆ ਜਿਸ ’ਚ ਗੱਠਜੋੜ ਅਸਥਿਰ ਹਨ ਤੇ ਸਪਲਾਈ ਲੜੀਆਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਭਰੋਸੇਮੰਦ ਭਾਈਵਾਲਾਂ ਵਿਚਕਾਰ ਨਿਰੰਤਰਤਾ ਰਣਨੀਤਕ ਮਹੱਤਵ ਰੱਖਦੀ ਹੈ। ਇਹ ਵਧਦੀ ਭੂ-ਸਿਆਸੀ ਵੰਡ ਦੇ ਵਿਚਕਾਰ ਦੋ ਪ੍ਰਭਾਵਸ਼ਾਲੀ ਮੁਲਕਾਂ ਵੱਲੋਂ ਆਲਮੀ ਨਿਯਮਾਂ ਨੂੰ ਘੜਨ ਦੇ ਸਾਂਝੇ ਇਰਾਦੇ ਨੂੰ ਵੀ ਦਰਸਾਉਂਦਾ ਹੈ। ਇਹ ਸਬੰਧ ਰੱਖਿਆ ਤਕਨਾਲੋਜੀ ਅਤੇ ਰਣਨੀਤਕ ਖ਼ੁਦਮੁਖਤਿਆਰੀ ਵਿੱਚ ਮਜ਼ਬੂਤੀ ਨਾਲ ਜੁੜੇ ਹੋਏ ਹਨ। ਰਾਫਾਲ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰਨ ਤੋਂ ਲੈ ਕੇ ਸਕੌਰਪੀਨ ਪਣਡੁੱਬੀਆਂ ’ਤੇ ਸਹਿਯੋਗ ਤੱਕ ਇਹ ਸਬੰਧ ਇੱਕ ਸਰਲ ਲੈਣ-ਦੇਣ ਵਾਲੇ ਢਾਂਚੇ ਤੋਂ ਅੱਗੇ ਵਧ ਕੇ ਸਹਿ-ਵਿਕਾਸ ਅਤੇ ਤਕਨੀਕ ਦੇ ਤਬਾਦਲੇ ਵੱਲ ਵਧੇ ਹਨ। ਫਰਾਂਸ ਨੇ ਭਾਰਤ ਦੀ ਰਣਨੀਤਕ ਆਜ਼ਾਦੀ ਦਾ ਸਤਿਕਾਰ ਕੀਤਾ ਹੈ ਅਤੇ ਪ੍ਰਤੱਖ ਸਿਆਸੀ ਸ਼ਰਤਾਂ ਤੋਂ ਬਿਨਾਂ ਉੱਨਤ ਸਮਰੱਥਾਵਾਂ ਦੀ ਪੇਸ਼ਕਸ਼ ਕੀਤੀ ਹੈ। ਮੈਕਰੌਂ ਦੇ ਦੌਰੇ ਤੋਂ ਪਹਿਲਾਂ ਭਾਰਤ ਨੇ ਹੋਰ ਰਾਫਾਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨੂੰ ਪ੍ਰਵਾਨਗੀ ਦਿੱਤੀ ਹੈ। ਭੂ-ਸਿਆਸੀ ਉਥਲ-ਪੁਥਲ ਦੇ ਦੌਰ ਵਿੱਚ ਅਜਿਹੀ ਭਰੋਸੇਯੋਗਤਾ ਬਹੁਤ ਮਾਅਨੇ ਰੱਖਦੀ ਹੈ।

Advertisement

​ਜਲਵਾਯੂ ਕੂਟਨੀਤੀ ਇਸ ਭਾਈਵਾਲੀ ਦੇ ਇੱਕ ਫੈਸਲਾਕੁਨ ਥੰਮ੍ਹ ਵਜੋਂ ਉੱਭਰੀ ਹੈ। ਇਸ ਦੀ ਮਿਸਾਲ ਭਾਰਤ ਅਤੇ ਫਰਾਂਸ ਵੱਲੋਂ ਸਾਂਝੇ ਤੌਰ ’ਤੇ ਸ਼ੁਰੂ ਕੀਤਾ ਗਿਆ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ਹੈ। ਇਸ ਨੇ ਦੋਵਾਂ ਦੇਸ਼ਾਂ ਨੂੰ ਨਵਿਆਉਣਯੋਗ ਊਰਜਾ ਦੇ ਪ੍ਰਸ਼ਾਸਨ ਵਿੱਚ ਏਜੰਡਾ ਤੈਅ ਕਰਨ ਵਾਲਿਆਂ ਵਜੋਂ ਸਥਾਪਤ ਕੀਤਾ ਹੈ। ਸਿਵਿਲ ਪਰਮਾਣੂ ਸਹਿਯੋਗ, ਪੁਲਾੜ ਭਾਈਵਾਲੀ ਅਤੇ ਡਿਜੀਟਲ ਕਾਢਾਂ ਇਸ ਤੋਂ ਅੱਗੇ ਵਧ ਕੇ ਭਵਿੱਖਮੁਖੀ ਵਚਨਬੱਧਤਾ ਦਾ ਸੰਕੇਤ ਦਿੰਦੇ ਹਨ। ‘ਹਿੰਦ-ਪ੍ਰਸ਼ਾਂਤ’ ਖੇਤਰ ਇਸ ਸਬੰਧ ਨੂੰ ਰਣਨੀਤਕ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਖੇਤਰ ਵਿੱਚ ਸੱਤ ਭੂ-ਖੰਡ ਹੋਣ ਕਰਕੇ ਸਮੁੰਦਰੀ ਸਥਿਰਤਾ ਪ੍ਰਤੀ ਭਾਰਤ ਤੇ ਫਰਾਂਸ ਦੀ ਵਚਨਬੱਧਤਾ ਸਾਂਝੀ ਹੈ। ਇਨ੍ਹਾਂ ਦੇ ਸੈਨਿਕ ਅਭਿਆਸ ਅਤੇ ਤਾਲਮੇਲ ਵਾਲੀਆਂ ਤਾਇਨਾਤੀਆਂ ਇੱਕ ਵਿਹਾਰਕ ਸੰਤੁਲਿਤ ਪਹੁੰਚ ’ਤੇ ਜ਼ੋਰ ਦਿੰਦੇ ਹਨ, ਜਿਸ ਦਾ ਉਦੇਸ਼ ਬਹੁ-ਧਰੁਵੀ ਵਿਵਸਥਾ ਦੀ ਰਾਖੀ ਕਰਨਾ ਹੈ।

Advertisement

​ਭਾਰਤ ਨੂੰ ਫਰਾਂਸ ਤਕਨੀਕ ਅਤੇ ਭਰੋਸੇ ਦੀ ਪੇਸ਼ਕਸ਼ ਕਰਦਾ ਹੈ; ਫਰਾਂਸ ਲਈ ਭਾਰਤ ‘ਗਲੋਬਲ ਸਾਊਥ’ ਵਿੱਚ ਵਿਸ਼ਾਲਤਾ, ਵਿਕਾਸ ਅਤੇ ਇੱਕ ਲੋਕਤੰਤਰੀ ਅਧਾਰ ਦੀ ਨੁਮਾਇੰਦਗੀ ਕਰਦਾ ਹੈ। ਅਗਲਾ ਕਦਮ ਸਾਂਝੀ ਖੋਜ ਦਾ ਵਿਸਤਾਰ ਕਰਨਾ, ਭਾਰਤ ਵਿੱਚ ਰੱਖਿਆ ਨਿਰਮਾਣ ਨੂੰ ਗਹਿਰਾ ਕਰਨਾ ਅਤੇ ਏ ਆਈ ਤੇ ਗਰੀਨ ਹਾਈਡ੍ਰੋਜਨ ਵਿੱਚ ਸਹਿਯੋਗ ਵਧਾਉਣਾ ਹੈ। ਹੁਣ ਚੁਣੌਤੀ ਸੰਮੇਲਨ ਦੇ ਪ੍ਰਭਾਵਾਂ ਨੂੰ ਸਥਾਈ ਸੰਸਥਾਗਤ ਨਤੀਜਿਆਂ ਵਿੱਚ ਬਦਲਣ ਦੀ ਹੈ, ਜੋ ਦੋਵਾਂ ਪਾਸਿਓਂ ਕੀਤੇ ਗਏ ਵੱਡੇ ਦਾਅਵਿਆਂ ਨਾਲ ਮੇਲ ਖਾਂਦੇ ਹੋਣ।

Advertisement
×