ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਟੇਸ਼ਨ
ਭਾਰਤੀ ਰੇਲਵੇ ਨੇ ਸਟੇਸ਼ਨਾਂ ਦੀ ਕਾਇਆ-ਕਲਪ ਉੱਤੇ ਭਾਰੀ ਨਿਵੇਸ਼ ਕੀਤਾ ਹੈ ਪਰ ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੀ ਤਾਜ਼ਾ ਆਡਿਟ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਇਹ ਸਟੇਸ਼ਨ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ...
ਭਾਰਤੀ ਰੇਲਵੇ ਨੇ ਸਟੇਸ਼ਨਾਂ ਦੀ ਕਾਇਆ-ਕਲਪ ਉੱਤੇ ਭਾਰੀ ਨਿਵੇਸ਼ ਕੀਤਾ ਹੈ ਪਰ ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੀ ਤਾਜ਼ਾ ਆਡਿਟ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਇਹ ਸਟੇਸ਼ਨ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਸਾਬਤ ਹੋ ਰਹੇ ਹਨ। ਇਹ ਖ਼ੁਲਾਸੇ ਉਸ ਨੈੱਟਵਰਕ ਉੱਤੇ ਸੁਰੱਖਿਆ, ਸਾਫ਼-ਸਫ਼ਾਈ ਅਤੇ ਸੇਵਾਵਾਂ ਦੀ ਉਪਲਬਧਤਾ ਵਿੱਚ ਪ੍ਰਣਾਲੀਗਤ ਖ਼ਾਮੀਆਂ ਨੂੰ ਬੇਪਰਦ ਕਰਦੇ ਹਨ, ਜੋ 5,908 ਸਟੇਸ਼ਨਾਂ ਅਤੇ 7,424 ਤੋਂ ਵੱਧ ਰੋਜ਼ਾਨਾ ਯਾਤਰੀ ਰੇਲਗੱਡੀਆਂ ਰਾਹੀਂ ਸਾਲਾਨਾ 292.4 ਕਰੋੜ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਸਾਰੇ 16 ਰੇਲਵੇ ਜ਼ੋਨਾਂ ਦੇ 512 ਸਟੇਸ਼ਨਾਂ ਉੱਤੇ ਕੀਤੇ ਗਏ ਆਡਿਟ ਤੋਂ ਪਤਾ ਲੱਗਾ ਹੈ ਕਿ ਰੇਲਵੇ ਬੋਰਡ ਵੱਲੋਂ ਅਗਸਤ 2018 ਤੱਕ ਲਾਜ਼ਮੀ ਤੌਰ ’ਤੇ ਪਾਲਣਾ ਕਰਨ ਦੇ ਨਿਰਦੇਸ਼ਾਂ ਦੇ ਬਾਵਜੂਦ 458 ਸਟੇਸ਼ਨਾਂ (89 ਫ਼ੀਸਦੀ) ਵਿੱਚ ਇੱਕ ਜਾਂ ਇੱਕ ਤੋਂ ਵੱਧ ਲਾਜ਼ਮੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਮਹਿਜ਼ 54 ਸਟੇਸ਼ਨ ਹੀ ਨਿਰਧਾਰਤ ਮਿਆਰਾਂ ਉੱਤੇ ਖ਼ਰੇ ਉਤਰੇ ਹਨ। ਇੱਥੋਂ ਤੱਕ ਕਿ ਨਵੀਂ ਦਿੱਲੀ, ਹਾਵੜਾ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਵਰਗੇ ਪ੍ਰਮੁੱਖ ਐੱਨ ਐੱਸ ਜੀ-1 ਸਟੇਸ਼ਨ ਵੀ ਇਸ ਤੋਂ ਬਚੇ ਨਹੀਂ ਹਨ।
ਸਭ ਤੋਂ ਚਿੰਤਾਜਨਕ ਖ਼ੁਲਾਸਾ ਜਨਤਕ ਸਿਹਤ ਨਾਲ ਜੁੜਿਆ ਹੋਇਆ ਹੈ। ਸਾਲ 2022-23 ਦੌਰਾਨ 49 ਅਤੇ 2023-24 ਦੌਰਾਨ 56 ਸਟੇਸ਼ਨਾਂ ਉੱਤੇ ਪਲੇਟਫ਼ਾਰਮਾਂ ਦੇ ਨਲਕਿਆਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨੇ ਕੌਲੀਫਾਰਮ ਬੈਕਟੀਰੀਆ (ਜਿਸ ਵਿੱਚ ਈ. ਕੋਲਾਈ ਵੀ ਸ਼ਾਮਲ ਹੈ) ਨਾਲ ਦੂਸ਼ਿਤ ਪਾਏ ਗਏ। ਇੱਕ ਸਾਲ 135 ਅਤੇ ਅਗਲੇ ਸਾਲ 139 ਸਟੇਸ਼ਨਾਂ ਉੱਤੇ ਕਲੋਰੀਨ ਦੀ ਮਾਤਰਾ ਨਿਰਧਾਰਤ ਹੱਦ ਤੋਂ ਬਾਹਰ ਸੀ, ਜਦਕਿ 479 ਸਟੇਸ਼ਨ ਪਾਣੀ ਦੀ ਗੁਣਵੱਤਾ ਨਾਲ ਜੁੜੇ ਸਾਰੇ ਲਾਜ਼ਮੀ ਮਾਪਦੰਡਾਂ ਦੀ ਜਾਂਚ ਵਿੱਚ ਅਸਫਲ ਰਹੇ। ਆਡਿਟ ਨੇ ਯਾਤਰੀ ਸਹੂਲਤਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਣਦੇਖੀ ਨੂੰ ਵੀ ਬੇਪਰਦ ਕੀਤਾ ਹੈ। ਇਸ ਘਾਟ ਤਹਿਤ 42 ਫ਼ੀਸਦੀ ਸਟੇਸ਼ਨਾਂ ਉੱਤੇ ਪੱਖੇ, 40 ਫ਼ੀਸਦੀ ਉੱਤੇ ਵਾਟਰ ਕੂਲਰ, 27 ਫ਼ੀਸਦੀ ਉੱਤੇ ਪੀਣ ਵਾਲੇ ਪਾਣੀ ਦੇ ਨਲਕੇ, 22 ਫ਼ੀਸਦੀ ਉੱਤੇ ਪਖਾਨੇ, 15 ਫ਼ੀਸਦੀ ਉੱਤੇ ਬੈਠਣ ਲਈ ਬੈਂਚ ਅਤੇ 13 ਫ਼ੀਸਦੀ ਸਟੇਸ਼ਨਾਂ ਉੱਤੇ ਪਲੇਟਫ਼ਾਰਮ ਸ਼ੈਲਟਰਾਂ ਦੀ ਘਾਟ ਪਾਈ ਗਈ। ਦਿਵਿਆਂਗਾਂ ਲਈ ਪ੍ਰਬੰਧ ਵੀ ਨਾਕਾਫ਼ੀ ਰਹੇ, ਜਿੱਥੇ ਰੈਂਪਾਂ, ਛੋਹ ਕੇ ਰਾਹ ਦੱਸਣ ਵਾਲੇ ਰਸਤਿਆਂ (ਟੈਕਟਾਈਲ ਪਾਥਵੇਅ) ਅਤੇ ਦਿਵਿਆਂਗ-ਅਨੁਕੂਲ ਪਖਾਨਿਆਂ ਵਿੱਚ ਕਮੀਆਂ ਸਾਹਮਣੇ ਆਈਆਂ, ਜਦਕਿ ਸਹੂਲਤਾਂ ਦੇ 395 ਪ੍ਰੋਜੈਕਟਾਂ ਵਿੱਚੋਂ 59 ਫ਼ੀਸਦੀ ਪ੍ਰੋਜੈਕਟਾਂ ਨੂੰ ਮੁਕੰਮਲ ਹੋਣ ਵਿੱਚ ਚਾਰ ਸਾਲ ਤੱਕ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ।
ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਸਲਾ ਸਿਰਫ਼ ਫ਼ੰਡਾਂ ਦੀ ਘਾਟ ਦਾ ਨਹੀਂ ਹੈ। ਯਾਤਰੀ ਸਹੂਲਤਾਂ ਲਈ ਰੱਖਿਆ ਗਿਆ 36 ਤੋਂ 44 ਫ਼ੀਸਦੀ ਬਜਟ ਲਗਾਤਾਰ ਪੰਜ ਸਾਲਾਂ ਤੱਕ ਖ਼ਰਚ ਹੀ ਨਹੀਂ ਹੋ ਸਕਿਆ। ਨਵੇਂ ਅਤੇ ਸ਼ਾਨਦਾਰ ਸਟੇਸ਼ਨ ਬਣਾਉਣ ਤੋਂ ਪਹਿਲਾਂ ਰੇਲਵੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਯਾਤਰੀ ਨੂੰ ਸਾਫ਼ ਪਾਣੀ, ਸਾਫ਼-ਸੁਥਰੇ ਪਖਾਨੇ ਅਤੇ ਬੈਠਣ ਲਈ ਵਧੀਆ ਥਾਂ ਮਿਲ ਸਕੇ।

