ਖ਼ਾਸ ਮਹਿਮਾਨ, ਨਿੱਘੀ ਮਿਲਣੀ
ਵਿਰੋਧੀ ਪਾਰਟੀਆਂ ’ਤੇ ਅਜਿਹੀ ਟੀਕਾ-ਟਿੱਪਣੀ ਮਗਰੋਂ ਆਪਣੀ ਪਾਰਟੀ ਬਾਰੇ ਜਾਖਡ਼ ਦਾ ਵਿਸ਼ਲੇਸ਼ਣ ਹੈ ਕਿ ਉਹ ਪੰਜਾਬ ’ਚ ਟਿਕਣ ਲਈ ਆ ਰਹੀ ਹੈ। ਅਜਿਹੀ ਸੂਰਤ ਵਿੱਚ ਦੇਸ਼ ਦੇ ਵੱਡੇ ਉਦਯੋਗਪਤੀ ਤੇ ਉੱਘੇ ਸਿਆਸਤਦਾਨ ਦੀ ਇਸ ਮੁਲਾਕਾਤ ਦੇ ਕਈ ਸਿਆਸੀ ਮਾਅਨੇ ਤਾਂ ਕੱਢੇ ਹੀ ਜਾਣਗੇ। ਖ਼ੈਰ, ਪੰਜਾਬ ’ਚ ਸਿਆਸੀ ਮੰਚ ਸਜਣ ਲੱਗਾ ਹੈ ਅਤੇ ਪਾਰਟੀਆਂ ਨੇ ਵੀ ਸਿਆਸੀ ਜ਼ਰਬਾਂ-ਤਕਸੀਮਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਪੰਜਾਬੀਆਂ ਬਾਰੇ ਇੱਕ ਸੱਚ ਇਹ ਵੀ ਹੈ ਕਿ ਇਹ ਸਿਆਸੀ ਗਣਿਤ ਦੇ ਔਖੇ ਸਵਾਲਾਂ ਨੂੰ ਹੱਲ ਕਰਨਾ ਬਾਖ਼ੂਬੀ ਜਾਣਦੇ ਹਨ।
ਪੰਜਾਬ ਵਿੱਚ ਚੋਣ ਵਰ੍ਹੇ ਦਾ ਸੂਰਜ ਚੜ੍ਹ ਚੁੱਕਿਆ ਹੈ ਅਤੇ ਸਿਆਸੀ ਕਿਰਦਾਰ ਆਪੋ-ਆਪਣੀਆਂ ਭੂਮਿਕਾਵਾਂ ਤੇ ਮੰਚਾਂ ਦੀ ਤਲਾਸ਼ ਵਿੱਚ ਜੁਟ ਗਏ ਹਨ, ਜਿਸ ਨੂੰ ਸੂਬੇ ਦੇ ਵੋਟਰ ਨੀਝ ਲਾ ਕੇ ਦੇਖ ਤੇ ਘੋਖ ਰਹੇ ਹਨ।
ਸਾਰੀਆਂ ਸਿਆਸੀ ਧਿਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਿਆਸੀ ਪਾਰਟੀਆਂ ’ਚ ਤੋੜ-ਵਿਛੋੜਿਆਂ ਅਤੇ ਨਵੀਆਂ ਸਾਂਝਾਂ ਦਾ ਸਿਲਸਿਲਾ ਵੀ ਰਫ਼ਤਾਰ ਫੜਨ ਲੱਗਿਆ ਹੈ। ਇੱਕ-ਦੂਜੇ ਵਿਰੁੱਧ ਬਿਆਨਾਂ ਦੀ ਧਾਰ ਤਿੱਖੀ ਹੋ ਗਈ ਹੈ। ਇਸ ਸਭ ਕਾਸੇ ਦਰਮਿਆਨ ਇਸੇ ਵੀਰਵਾਰ ਸਵੇਰੇ ਪੌਣ ਦਸ ਵਜੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਉਨ੍ਹਾਂ ਦੇ ਸਿਸਵਾਂ ਫਾਰਮ ਹਾਊਸ ’ਤੇ ਆਏ ਕਿਸੇ ਆਮ ਮਹਿਮਾਨ ਦੀ ਨਹੀਂ, ਸਗੋਂ ਭਾਰਤ ਦੇ ਦੂਜੇ ਨੰਬਰ ਦੇ ਅਮੀਰ ਉਦਯੋਗਪਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੀ ਪਤਨੀ ਪ੍ਰੀਤੀ ਅਡਾਨੀ ਦੀ ਸੀ। ਇਹ ਤਸਵੀਰ ਖਾਣਾ ਖਾਣ ਮਗਰੋਂ ਖਿਚਵਾਈ ਜਾਪਦੀ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਸਤਿਕਾਰਤ ਮਹਿਮਾਨਾਂ ਵਿਚਾਲੇ ਖੜ੍ਹੇ ਖ਼ੁੁਸ਼ ਰੌਂਅ ਦਿਖਾਈ ਦੇ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਪੰਜਾਬ ਸੂਬੇ ਦੇ ਸਿਰਕੱਢ ਸਿਆਸੀ ਆਗੂ ਹਨ, ਜਿੱਥੋਂ ਦੇ ਕਿਸਾਨਾਂ ਨੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰਦਿਆਂ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ 2020 ਤੋਂ ਲੈ ਕੇ ਦਸੰਬਰ 2021 ਤੱਕ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਹਰਵਾਰ ਮੋਰਚਾ ਲਾਈ ਰੱਖਿਆ ਸੀ। ਕਿਸਾਨਾਂ ਨੇ ਦੋਸ਼ ਲਗਾਏ ਸਨ ਕਿ ਇਨ੍ਹਾਂ ਕਾਨੂੰਨਾਂ ਦਾ ਮਕਸਦ ਕਿਸਾਨਾਂ ਦੀ ਜ਼ਮੀਨ ਹਥਿਆ ਕੇ ਕੁਝ ਉਦਯੋਗਪਤੀਆਂ ਦੇ ਹਵਾਲੇ ਕਰਨਾ ਹੈ। ਉਨ੍ਹਾਂ ਉਦਯੋਗਪਤੀਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਰਾਤ ਦਾ ਖਾਣਾ ਖਾਣ ਆਏ ਇਸ ਉਦਯੋਗਪਤੀ ਦਾ ਨਾਂ ਵੀ ਸ਼ਾਮਿਲ ਸੀ। ਕਿਸਾਨਾਂ ਨੇ ਸਿਰਫ਼ ਦਿੱਲੀ ਦੇ ਬਾਹਰਵਾਰ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਹੀ ਮੋਰਚਾ ਨਹੀਂ ਸੀ ਲਾਇਆ ਸਗੋਂ ਉਨ੍ਹਾਂ ਮੋਗਾ ਜ਼ਿਲ੍ਹੇ ਨੇੜਲੇ ਪਿੰਡ ਡਗਰੂ ਵਿੱਚ ਇਸ ਉਦਯੋਗਪਤੀ ਦੇ ਸਾਇਲੋ ਮੂਹਰੇ ਵੀ ਲਗਾਤਾਰ ਧਰਨਾ ਦੇ ਕੇ ਸਾਰਾ ਕੰਮਕਾਜ ਠੱਪ ਕਰਵਾ ਦਿੱਤਾ ਸੀ।
ਗੌਤਮ ਅਡਾਨੀ ਅਤੇ ਉਨ੍ਹਾਂ ਦੀ ਪਤਨੀ ਦੀ ਫੇਰੀ ਦਾ ਮਕਸਦ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਸ਼ਾਹੀ ਪਕਵਾਨ ਖਾਣਾ ਤਾਂ ਨਹੀਂ ਹੋਵੇਗਾ! ਦੋਵੇਂ ਜੀਅ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਦੌਰੇ ’ਤੇ ਸਨ। ਉਨ੍ਹਾਂ ਖ਼ੁਦ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਦੋਵੇਂ ਰਾਤ ਨੂੰ ਮੁੜਦੇ ਹੋਏ ਖਾਣਾ ਖਾਣ ਲਈ ਉਨ੍ਹਾਂ ਦੇ ਘਰ ਰੁਕਣਗੇ। ਇਹ ਨਹੀਂ ਕਿ ਮੇਜ਼ਬਾਨ ਨੇ ਉਨ੍ਹਾਂ ਨੂੰ ਸਿਰਫ਼ ਘਰ ਦੀ ਪੱਕੀ ਰੋਟੀ ਹੀ ਖੁਆਈ ਅਤੇ ਖ਼ਾਮੋਸ਼ੀ ਨਾਲ ਅਲਵਿਦਾ ਕਹਿੰਦਿਆਂ ਘਰੋਂ ਤੋਰ ਦਿੱਤਾ, ਸਗੋਂ ਉਨ੍ਹਾਂ ਅਡਾਨੀ ਜੋੜੇ ਦੀ ਮੇਜ਼ਬਾਨੀ ਦੀ ਖ਼ੁਸ਼ੀ ਜਨਤਕ ਤੌਰ ’ਤੇ ਸਭ ਨਾਲ ਸਾਂਝੀ ਕੀਤੀ ਅਤੇ ਇਸ ਜੋੜੇ ਦੇ ਮਾਣ-ਸਤਿਕਾਰ ਵਿੱਚ ਇੱਕ ਖ਼ੂਬਸੂਰਤ ਜਿਹੀ ਟਿੱਪਣੀ ਲਿਖ ਕੇ ਪੰਜਾਬੀਆਂ ਦੀ ਮਹਿਮਾਨ-ਨਿਵਾਜ਼ੀ ਅਤੇ ਇੱਕ ਚੰਗੇ ਮੇਜ਼ਬਾਨ ਵਾਲੀ ਜ਼ਿੰਮੇਵਾਰੀ ਵੀ ਨਿਭਾਈ। ਉਨ੍ਹਾਂ ਲਿਖਿਆ, ‘‘ਉਹ (ਅਡਾਨੀ) ਦੇਸ਼ ਲਈ ਜੋ ਕਰ ਰਹੇ ਹਨ, ਉਹ ਮੈਨੂੰ ਹੈਰਾਨ ਕਰਦਾ ਹੈ ਅਤੇ ਮੈਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ। ਭਾਰਤ ਨੂੰ ਉਨ੍ਹਾਂ ਵਰਗੇ ਲੋਕਾਂ ਦੀ ਲੋੜ ਹੈ।’’
ਕੈਪਟਨ ਹੋਰਾਂ ਦੇ ਹੈਰਾਨ ਹੋਣ ਵਾਲੀ ਗੱਲ ਸਮਝ ਨਹੀਂ ਪੈਂਦੀ। ਭਾਰਤ ਦੇ ਅਮੀਰ ਲੋਕਾਂ ਵਿੱਚ ਗੌਤਮ ਅਡਾਨੀ ਇਸ ਵੇਲੇ ਦੂਜੇ ਪਾਏਦਾਨ ’ਤੇ ਹਨ। ਫੋਰਬਜ਼ ਵੱਲੋਂ ਜਾਰੀ ਸੂਚੀ ਮੁਤਾਬਿਕ ਸਤੰਬਰ 2022 ਵਿੱਚ ਤਾਂ ਉਹ ਦੁਨੀਆ ਭਰ ਦੇ ਅਮੀਰ ਲੋਕਾਂ ਦੀ ਫਹਿਰਿਸਤ ਵਿੱਚ ਦੂਜੇ ਨੰਬਰ ’ਤੇ ਜਾ ਪੁੱਜੇ ਸਨ। ਇਸ ਤੋਂ ਇਲਾਵਾ ਭਾਰਤ ਦੇ ਜਿਨ੍ਹਾਂ ਇੱਕ ਫ਼ੀਸਦੀ ਲੋਕਾਂ ਕੋਲ ਦੇਸ਼ ਦੀ 40 ਫ਼ੀਸਦੀ ਦੌਲਤ ਹੈ, ਉਸ ਵਿੱਚ ਤਾਂ ਫਿਰ ਕੈਪਟਨ ਹੋਰਾਂ ਦੇ ਇਸ ਮਹਿਮਾਨ ਦਾ ਨਾਂ ਸ਼ਾਮਿਲ ਹੋਣਾ ਹੀ ਹੋਇਆ। ਬੇਸ਼ੱਕ, ਘਰ ਆਏ ਮਹਿਮਾਨ ਦਾ ਸਤਿਕਾਰ ਕਰਨਾ ਅਤੇ ਉਸ ਦੀ ਬਿਹਤਰੀ ਲਈ ਕਾਮਨਾ ਕਰਨਾ ਕਿਸੇ ਵੀ ਚੰਗੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਪਰ ਲੋੜ ਤਾਂ ਪੰਜਾਬੀਆਂ ਦਾ ਭਵਿੱਖ ਸੁਨਹਿਰਾ ਬਣਾਉਣ ਦੀ ਹੈ ਜਿਨ੍ਹਾਂ ਸਿਰ ਪ੍ਰਤੀ ਵਿਅਕਤੀ 1.23 ਲੱਖ ਤੋਂ 1.33 ਲੱਖ ਰੁਪਏ ਦਾ ਕਰਜ਼ਾ ਹੈ। ਓਦਾਂ ਵੀ ਉਦਯੋਗਪਤੀਆਂ ਦੇ ਸੁਨਹਿਰੇ ਭਵਿੱਖ ਦੀ ਜਦੋਂ ਕਾਮਨਾ ਕੀਤੀ ਜਾਂਦੀ ਹੈ ਤਾਂ ਸਾਦੇ ਜਿਹੇ ਲਫ਼ਜ਼ਾਂ ’ਚ ਜਿਹੜੀ ਗੱਲ ਸਮਝ ਪੈਂਦੀ ਹੈ ਕਿ ਉਨ੍ਹਾਂ ਕੋਲ ਲੱਗੇ ਦੌਲਤਾਂ ਦੇ ਅੰਬਾਰ ’ਚ ਹੋਰ ਵਾਧਾ ਹੋਵੇ। ਅਜਿਹੇ ਉਦਯੋਗਪਤੀਆਂ ਦੀ ਦੌਲਤ ਜਦੋਂ ਲਗਾਤਾਰ ਵਧਦੀ ਹੈ ਤਾਂ ਦੌਲਤ ਦੇਸ਼ ਦੇ ਮਹਿਜ਼ ਕੁਝ ਲੋਕਾਂ ਕੋਲ ਇਕੱਠੀ ਹੁੰਦੀ ਜਾਂਦੀ ਹੈ ਅਤੇ ਗ਼ਰੀਬਾਂ ਨੂੰ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੇਸ਼ ਦੇ ਸੁਨਹਿਰੀ ਭਵਿੱਖ ਲਈ ਭਾਰਤ ਵਿੱਚ ਅਡਾਨੀ ਵਰਗੇ ਹੋਰ ਲੋਕਾਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਉਦਯੋਗ ਜਗਤ ਅਤੇ ਸੱਤਾ-ਸਿਆਸਤ ਦੇ ਨੇੜਲੇ ਰਿਸ਼ਤਿਆਂ ਤੋਂ ਕੌਣ ਵਾਕਫ਼ ਨਹੀਂ? ਦੋਹਾਂ ਨੂੰ ਇੱਕ-ਦੂਜੇ ਦੇ ਸਹਾਰੇ ਦੀ ਲੋੜ ਰਹਿੰਦੀ ਹੈ। ਜਦੋਂ ਵੀ ਕੋਈ ਉਦਯੋਗਪਤੀ ਕਿਸੇ ਸਿਆਸੀ ਆਗੂ ਨੂੰ ਮਿਲਣ ਜਾਂਦਾ ਹੈ ਤਾਂ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਜਾਂਦੀਆਂ ਹਨ।
ਸੂਤਰਾਂ ਦੇ ਹਵਾਲੇ ਨਾਲ ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ ਕਿ ਇਸ ਮਿਲਣੀ ਦੌਰਾਨ ਪੰਜਾਬ ਦੇ ਸਿਆਸੀ ਹਾਲਾਤ ਅਤੇ ਕੌਮੀ ਮੁੱਦਿਆਂ ਬਾਰੇ ਵੀ ਚਰਚਾ ਹੋਈ। ਪੰਜਾਬ ਦੇ ਸਿਆਸੀ ਹਾਲਾਤ ਦੀ ਚਰਚਾ ਦੀ ਗੱਲ ਨੇ ਸੂਬੇ ਵਿੱਚ ਕਈਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਘਰ ਆਏ ਮਹਿਮਾਨ ਦੇ ਕੌਮੀ ਸਿਆਸਤ ਵਿਚਲੇ ਅਸਰ-ਰਸੂਖ ਅਤੇ ਦਬਦਬੇ ਤੋਂ ਸਭ ਵਾਕਫ਼ ਨੇ। ਇਸ ਉਦਯੋਗਪਤੀ ਦਾ ਮਕਸਦ ਭਾਵੇਂ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰ ਦੀ ਰੋਟੀ ਖਾਣਾ ਹੀ ਹੋਵੇ ਪਰ ਚੋਣਾਂ ਵਾਲਾ ਸਾਲ ਹੋਣ ਕਾਰਨ ਸਾਰੇ ਇਸ ਨੂੰ ਪੰਜਾਬ ਦੀ ਸਿਆਸਤ ਨਾਲ ਜੋੜ ਕੇ ਵੱਖੋ-ਵੱਖਰੇ ਮਾਅਨੇ ਕੱਢ ਰਹੇ ਹਨ। ਓਦਾਂ ਕਿਸੇ ਉਦਯੋਗਪਤੀ ਦਾ ਕਿਸੇ ਸਿਆਸਤਦਾਨ ਦੇ ਘਰ ਅਚਾਨਕ ਰੋਟੀ ਖਾਣ ਲਈ ਆਉਣਾ ਏਡੀ ਕੋਈ ਸਿੱਧ-ਪੱਧਰੀ ਜਿਹੀ ਗੱਲ ਵੀ ਨਹੀਂ ਹੁੰਦੀ। ਇਹੋ ਜਿਹੀ ਰੋਟੀ ਦੀ ਹਰ ਬੁਰਕੀ ’ਚ ਸਿਆਸਤ ਦੀਆਂ ਕਈ ਪਰਤਾਂ ਛੁਪੀਆਂ ਹੁੰਦੀਆਂ ਹਨ। ਜਿਉਂ ਜਿਉਂ ਚੋਣਾਂ ਨੇੜੇ ਆਉਂਦੀਆਂ ਹਨ, ਹੌਲੀ ਹੌਲੀ ਇਹ ਪਰਤਾਂ ਵੀ ਉੱਘੜ ਕੇ ਸਾਹਮਣੇ ਆਉਣ ਲੱਗਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਭਾਜਪਾ ਨੇ ਪੰਜਾਬ ਦੀ ਸਿਆਸਤ ’ਤੇ ਨਜ਼ਰ ਟਿਕਾਈ ਹੋਈ ਹੈ। ਓਦਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿਚਲੇ ਵੱਖ ਵੱਖ ਸਮਾਗਮਾਂ ਵਿੱਚ ਬਹੁਤ ਸਰਗਰਮੀ ਨਾਲ ਸ਼ਾਮਿਲ ਹੋ ਰਹੇ ਹਨ। ਪੰਜਾਬੀਆਂ ਨਾਲ ਸਾਂਝ ਅਤੇ ਅਪਣੱਤ ਦਿਖਾਉਂਦਿਆਂ ਉਹ ਇਨ੍ਹਾਂ ਸਮਾਗਮਾਂ ਵਿੱਚ ਬਾਕਾਇਦਾ ਪੱਗ ਬੰਨ੍ਹ ਕੇ ਆਉਂਦੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਹਫ਼ਤੇ ਪਹਿਲਾਂ ਮੋਗਾ ਵਿੱਚ ਹੋਈ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਗੱਲ ਰੱਦ ਕਰਦਿਆਂ ਇਹ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਭਾਜਪਾ ਹੁਣ ‘ਵੱਡੇ ਭਰਾ’ ਦੀ ਭੂਮਿਕਾ ਨਿਭਾਏਗੀ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਅਮਿਤ ਸ਼ਾਹ ਦੀ ਇਸ ਟਿੱਪਣੀ ਨਾਲ ਸਹਿਮਤ ਹੁੰਦਿਆਂ ਕਹਿਣਾ ਹੈ ਕਿ ਉਨ੍ਹਾਂ ਤਾਂ ਇਹੀ ਗੱਲ 2023 ਵਿੱਚ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਆਖੀ ਸੀ। ‘ਆਪ’ ਦੇ ਆਗੂ ਰਾਘਵ ਚੱਢਾ ਦੇ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਦਾ ਦਾਅਵਾ ਹੈ ਕਿ ‘ਆਪ’ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਪਣੀ ਪਾਰਟੀ ਦੇ ਸੰਦਰਭ ’ਚ ਜਾਖੜ ਦਾ ਕਹਿਣਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅਜਿਹਾ ਆਗੂ ਚੁਣੇਗਾ ਜੋ ਉਨ੍ਹਾਂ ਦਾ ‘ਆਪਣਾ’ ਹੋਵੇਗਾ। ਉਨ੍ਹਾਂ ਦੀ ‘ਆਪਣੇ ਆਗੂ’ ਤੋਂ ਮੁਰਾਦ ਯਕੀਨਨ ਭਾਜਪਾ ਆਗੂ ਹੀ ਹੋਵੇਗਾ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੇ ਹਾਮੀ ਰਹੇ ਜਾਖੜ ਨੂੰ ਹੁਣ ਛੇਤੀ ਹੀ ਭਾਜਪਾ ਦੇ ਸੂਬੇ ’ਚ ਮੋਹਰੀ ਹੋਣ ਦੀ ਆਸ ਹੈ। ਸੂਬੇ ’ਚ ਕਿਸੇ ਵੇਲੇ ਭਾਜਪਾ ਦੇ ‘ਵੱਡੇ ਭਰਾ’ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੀਆਂ ਇਹ ਗੱਲਾਂ ਨਾਖੁਸ਼ਗਵਾਰ ਤਾਂ ਗੁਜ਼ਰਦੀਆਂ ਹੀ ਹੋਣਗੀਆਂ। ਭਾਜਪਾ ਦੇ ਮੋਹਰੀ ਰਹਿਣ ’ਚ ਜਿੱਥੇ ਕਾਂਗਰਸ ਨਾਲ ਮੁਕਾਬਲਾ ਹੋਣ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਲਗਦੈ ‘ਕਾਂਗਰਸ ਪਾਰਟੀ ਦਾ ਤਾਂ ਬਰਨਾਲਾ ’ਚ ਉਸ ਦੇ ਨੇਤਾ ਰਾਹੁਲ ਗਾਂਧੀ ਨੇ ਹੀ ਜਨਤਕ ਤੌਰ ’ਤੇ ਮਜ਼ਾਕ ਉਡਾਇਆ ਹੈ’। ਵਿਰੋਧੀ ਪਾਰਟੀਆਂ ’ਤੇ ਅਜਿਹੀ ਟੀਕਾ-ਟਿੱਪਣੀ ਮਗਰੋਂ ਆਪਣੀ ਪਾਰਟੀ ਬਾਰੇ ਜਾਖੜ ਦਾ ਵਿਸ਼ਲੇਸ਼ਣ ਹੈ ਕਿ ਉਹ ਪੰਜਾਬ ’ਚ ਟਿਕਣ ਲਈ ਆ ਰਹੀ ਹੈ। ਅਜਿਹੀ ਸੂਰਤ ਵਿੱਚ ਦੇਸ਼ ਦੇ ਵੱਡੇ ਉਦਯੋਗਪਤੀ ਤੇ ਉੱਘੇ ਸਿਆਸਤਦਾਨ ਦੀ ਇਸ ਮੁਲਾਕਾਤ ਦੇ ਕਈ ਸਿਆਸੀ ਮਾਅਨੇ ਤਾਂ ਕੱਢੇ ਹੀ ਜਾਣਗੇ।
ਖ਼ੈਰ, ਹਕੀਕਤ ਚਾਹੇ ਕੁਝ ਵੀ ਹੋਵੇ, ਪੰਜਾਬ ’ਚ ਸਿਆਸੀ ਮੰਚ ਸਜਣ ਲੱਗਾ ਹੈ ਅਤੇ ਪਾਰਟੀਆਂ ਨੇ ਵੀ ਸਿਆਸੀ ਜ਼ਰਬਾਂ-ਤਕਸੀਮਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਪੰਜਾਬੀਆਂ ਬਾਰੇ ਇੱਕ ਸੱਚ ਇਹ ਵੀ ਹੈ ਕਿ ਇਹ ਸਿਆਸੀ ਗਣਿਤ ਦੇ ਔਖੇ ਸਵਾਲਾਂ ਨੂੰ ਹੱਲ ਕਰਨਾ ਬਾਖ਼ੂਬੀ ਜਾਣਦੇ ਹਨ।

