ਸੋਸ਼ਲ ਮੀਡੀਆ ਦੇ ਨਿਯਮ
ਸੋਸ਼ਲ ਮੀਡੀਆ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕਰਨ ਨਾਲ ਡੀਪਫੇਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਰਾਹੀਂ ਤਿਆਰ ਕੀਤੀ ਗਈ ਸਮੱਗਰੀ ਸਬੰਧੀ ਡਿਜੀਟਲ ਕੰਪਨੀਆਂ ਅਤੇ ਪਲੈਟਫਾਰਮਾਂ ਦੀ ਜ਼ਿੰਮੇਵਾਰੀ ਵਧ ਜਾਵੇਗੀ। ਏ ਆਈ ਬੋਟ ਰਾਹੀਂ ਤਿਆਰ ਕੀਤੀਆਂ ਗਈਆਂ ਇਤਰਾਜ਼ਯੋਗ ਤਸਵੀਰਾਂ...
ਸੋਸ਼ਲ ਮੀਡੀਆ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕਰਨ ਨਾਲ ਡੀਪਫੇਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਰਾਹੀਂ ਤਿਆਰ ਕੀਤੀ ਗਈ ਸਮੱਗਰੀ ਸਬੰਧੀ ਡਿਜੀਟਲ ਕੰਪਨੀਆਂ ਅਤੇ ਪਲੈਟਫਾਰਮਾਂ ਦੀ ਜ਼ਿੰਮੇਵਾਰੀ ਵਧ ਜਾਵੇਗੀ। ਏ ਆਈ ਬੋਟ ਰਾਹੀਂ ਤਿਆਰ ਕੀਤੀਆਂ ਗਈਆਂ ਇਤਰਾਜ਼ਯੋਗ ਤਸਵੀਰਾਂ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਇਸ ਕਾਨੂੰਨ ਵਿੱਚ ਹਾਲ ਹੀ ਵਿੱਚ ਬਦਲਾਅ ਕੀਤੇ ਗਏ ਹਨ। ਵੀਹ ਫਰਵਰੀ ਤੋਂ ਬਾਅਦ ਏ ਆਈ ਰਾਹੀਂ ਤਿਆਰ ਕੀਤੀ ਸਮੱਗਰੀ ’ਤੇ ਪੱਕਾ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ। ਪ੍ਰਮੁੱਖ ਪਲੈਟਫਾਰਮਾਂ ਨੂੰ ਵਰਤੋਂਕਾਰਾਂ ਤੋਂ ਇਹ ਹਲਫ਼ਨਾਮਾ ਵੀ ਲੈਣਾ ਪਵੇਗਾ ਕਿ ਉਨ੍ਹਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਏ ਆਈ ਨਾਲ ਤਿਆਰ ਕੀਤੀ ਗਈ ਹੈ ਜਾਂ ਨਹੀਂ। ਇਸ ਦੇ ਨਾਲ ਹੀ ਕਿਸੇ ਵੀ ਗ਼ੈਰ-ਕਾਨੂੰਨੀ ਜਾਂ ਗੁੰਮਰਾਹਕੁਨ ਏ ਆਈ ਸਮੱਗਰੀ ਨੂੰ ਤਿੰਨ ਘੰਟਿਆਂ ਦੇ ਅੰਦਰ ਅੰਦਰ ਹਟਾਉਣਾ ਜਾਂ ਬਲੌਕ ਕਰਨਾ ਵੀ ਲਾਜ਼ਮੀ ਹੋਵੇਗਾ। ਇਹ ਸਮਾਂ-ਸੀਮਾ ਪਹਿਲਾਂ 36 ਘੰਟੇ ਦੀ ਸੀ। ਇਹ ਸਹੀ ਦਿਸ਼ਾ ਵਿੱਚ ਪੁੱਟਿਆ ਗਿਆ ਕਦਮ ਹੈ।
ਇਸ ਹੁਕਮ ਦੀ ਗੁੰਝਲਦਾਰ ਕਾਰਜਪ੍ਰਣਾਲੀ ਦੇ ਨਾਲ ਨਾਲ ਇਸ ਸਵਾਲ ’ਤੇ ਵੀ ਬਹਿਸ ਹੋਣ ਲੱਗੀ ਹੈ ਕਿ ਔਨਲਾਈਨ ਪਈ ਸਮੱਗਰੀ ਵਿੱਚੋਂ ਕੀ ਇਤਰਾਜ਼ਯੋਗ ਹੈ ਤੇ ਕੀ ਸਵੀਕਾਰਯੋਗ, ਇਸ ਬਾਰੇ ਕੌਣ ਅਤੇ ਕਿਸ ਆਧਾਰ ’ਤੇ ਫ਼ੈਸਲਾ ਕਰੇਗਾ? ਇਸ ਦੇ ਨਾਲ ਹੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਰਾ ਲੱਗਣ ਸਬੰਧੀ ਉੱਭਰ ਰਹੇ ਤੌਖ਼ਲੇ ਵੀ ਵਾਜਬ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਜਿਉਂ ਜਿਉਂ ਡਿਜੀਟਲ ਖੇਤਰ ਵਿੱਚ ਤਰੱਕੀ ਕਰ ਰਹੀ ਹੈ, ਉਸ ਦੇ ਨਾਲ ਨਾਲ ਪ੍ਰਭਾਵਸ਼ਾਲੀ ਰੈਗੂਲੇਟਰੀ ਨਿਯੰਤਰਣ ਢਾਂਚਾ ਤਿਆਰ ਕਰਨਾ ਇੱਕ ਚੁਣੌਤੀ ਭਰਿਆ ਕੰਮ ਬਣ ਗਿਆ ਹੈ। ਖ਼ੁਦ ਏ ਆਈ ਉਦਯੋਗ ਲਈ ਵੀ ਤਿੱਖੇ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਆਪਣੇ ਤਕਨੀਕੀ ਵਿਸਥਾਰ ਦੇ ਨਾਲ ਨਾਲ ਨੈਤਿਕ ਪੈਮਾਨਿਆਂ ਨੂੰ ਬਰਕਰਾਰ ਰੱਖਣਾ ਚੁਣੌਤੀਪੂਰਨ ਕੰਮ ਹੈ। ਇੱਕ ਪ੍ਰਮੁੱਖ ਕੰਪਨੀ ਦੇ ਸੁਰੱਖਿਆ ਖੋਜਕਾਰ ਵੱਲੋਂ ਵਿਵਾਦਪੂਰਨ ਪ੍ਰਾਜੈਕਟਾਂ ਦੀ ਅੰਨ੍ਹੀ ਰਫ਼ਤਾਰ ਨਾਲ ਆਪਣੀ ਅਸਹਿਮਤੀ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦੇਣਾ ਤਕਨੀਕੀ ਤਰੱਕੀ ਦੇ ਖ਼ਤਰਿਆਂ ਵੱਲ ਇਸ਼ਾਰਾ ਕਰਦਾ ਹੈ। ਨੈਤਿਕ ਦੁਚਿੱਤੀ ਸਪੱਸ਼ਟ ਹੈ ਤੇ ਇਸ ਦਾ ਕੋਈ ਸੁਖਾਲਾ ਹੱਲ ਵੀ ਮੌਜੂਦ ਨਹੀਂ।
ਅਮਰੀਕਾ ਵਿੱਚ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋਇਆ ਹੈ, ਜਿਸ ਵਿੱਚ ਇੰਸਟਾਗ੍ਰਾਮ ਅਤੇ ਯੂਟਿਊਬ ਦੇ ਮਾਨਸਿਕ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ’ਤੇ ਲੋਕਾਂ ਨੂੰ ਲਤ ਲਾਉਣ ਵਾਲੀਆਂ ਮਸ਼ੀਨਾਂ ਬਣਨ ਦਾ ਦੋਸ਼ ਲੱਗ ਰਿਹਾ ਹੈ।
ਇੱਕ ਪ੍ਰਮੁੱਖ ਮਾਹਿਰ ਨੇ ਟਿੱਪਣੀ ਕੀਤੀ, ‘‘ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਨੌਜਵਾਨਾਂ ਤੋਂ ਜਦੋਂ ਉਨ੍ਹਾਂ ਦੇ ਉਪਕਰਨ (ਮੋਬਾਈਲ, ਟੈਬਲੈੱਟ ਆਦਿ) ਖੋਹ ਲਏ ਜਾਂਦੇ ਹਨ ਤਾਂ ਉਹ ਸਿਰਫ਼ ਮਾਨਸਿਕ ਪ੍ਰੇਸ਼ਾਨੀ ਹੀ ਨਹੀਂ ਸਗੋਂ ਸਰੀਰਕ ਤੌਰ ’ਤੇ ਵੀ ਅਣਸੁਖਾਵਾਂ ਮਹਿਸੂਸ ਕਰਦੇ ਹਨ।’’ ਤਕਨੀਕ ਦਾ ਵਧ ਰਿਹਾ ਪ੍ਰਭਾਵ ਇੰਨਾ ਚੁਣੌਤੀਪੂਰਨ ਹੈ ਕਿ ਇਹ ਟਿੱਪਣੀ ਸਾਰੀ ਦੁਨੀਆ ’ਤੇ ਹੀ ਲਾਗੂ ਹੁੰਦੀ ਹੈ।

