ਵੰਦੇ ਮਾਤਰਮ ਦਾ ਗਾਇਨ
‘ਵੰਦੇ ਮਾਤਰਮ’ ਨੂੰ ਲਾਜ਼ਮੀ ਤੌਰ ’ਤੇ ਗਾਉਣ ਦੇ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਦਖ਼ਲ ਨੇ ਇੱਕ ਵਾਰ ਫਿਰ ਸੰਵਿਧਾਨ ਦੀ ਧਾਰਾ 25 ਵੱਲੋਂ ਦਿੱਤੇ ਗਏ ਅੰਤਹਕਰਨ ਦੀ ਆਜ਼ਾਦੀ ਦੇ ਅਧਿਕਾਰ ਨੂੰ ਚਰਚਾ ਵਿੱਚ ਲਿਆਂਦਾ ਹੈ। ਕਰਨਾਟਕੀ ਗਾਇਕ ਟੀ ਐੱਮ ਕ੍ਰਿਸ਼ਨਾ...
‘ਵੰਦੇ ਮਾਤਰਮ’ ਨੂੰ ਲਾਜ਼ਮੀ ਤੌਰ ’ਤੇ ਗਾਉਣ ਦੇ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਦਖ਼ਲ ਨੇ ਇੱਕ ਵਾਰ ਫਿਰ ਸੰਵਿਧਾਨ ਦੀ ਧਾਰਾ 25 ਵੱਲੋਂ ਦਿੱਤੇ ਗਏ ਅੰਤਹਕਰਨ ਦੀ ਆਜ਼ਾਦੀ ਦੇ ਅਧਿਕਾਰ ਨੂੰ ਚਰਚਾ ਵਿੱਚ ਲਿਆਂਦਾ ਹੈ। ਕਰਨਾਟਕੀ ਗਾਇਕ ਟੀ ਐੱਮ ਕ੍ਰਿਸ਼ਨਾ ਵੱਲੋਂ ਕੌਮੀ ਗੀਤ ਗਾਉਣ ਸਬੰਧੀ ਸੋਧੇ ਹੋਏ ਕਾਨੂੰਨ ਨੂੰ ਦਿੱਤੀ ਗਈ ਚੁਣੌਤੀ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਖਿਆ ਹੈ ਕਿ ਜਿਹੜਾ ਵਿਅਕਤੀ ਆਪਣੇ ਅੰਤਹਕਰਨ ਦੀ ਆਵਾਜ਼ ਦੇ ਆਧਾਰ ਉੱਤੇ ਸਤਿਕਾਰ ਸਹਿਤ ਇਸ ਨੂੰ ਗਾਉਣ ਤੋਂ ਇਨਕਾਰ ਕਰਦਾ ਹੈ, ਉਸ ’ਤੇ ਅਪਰਾਧਿਕ ਮੁਕੱਦਮਾ ਨਾ ਚਲਾਇਆ ਜਾਵੇ। ਸੁਪਰੀਮ ਕੋਰਟ ਨੇ 1986 ਦੇ ਆਪਣੇ ‘ਬਿਜੌਏ ਇਮੈਨੁਅਲ ਬਨਾਮ ਕੇਰਲਾ ਰਾਜ’ ਦੇ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ ਨੇ ਉਨ੍ਹਾਂ ਸਕੂਲੀ ਬੱਚਿਆਂ ਦੀ ਰੱਖਿਆ ਕੀਤੀ ਸੀ ਜਿਨ੍ਹਾਂ ਨੇ ਧਾਰਮਿਕ ਕਾਰਨਾਂ ਕਰਕੇ ਕੌਮੀ ਤਰਾਨਾ ਗਾਏ ਜਾਣ ਵਕਤ ਸਤਿਕਾਰ ਨਾਲ ਖੜ੍ਹੇ ਹੋਣ ਦੇ ਬਾਵਜੂਦ ਇਸ ਨੂੰ ਗਾਉਣ ਤੋਂ ਨਾਂਹ ਕਰ ਦਿੱਤੀ ਸੀ।
ਇਹ ਪੁਰਾਣਾ ਫ਼ੈਸਲਾ ਇਸ ਲਈ ਅਹਿਮ ਹੈ ਕਿਉਂਕਿ ਮੌਜੂਦਾ ਵਿਵਾਦ ਅਸਲ ਵਿੱਚ ਇਸ ਬਾਰੇ ਨਹੀਂ ਹੈ ਕਿ ‘ਵੰਦੇ ਮਾਤਰਮ’ ਸਤਿਕਾਰ ਦਾ ਹੱਕਦਾਰ ਹੈ ਜਾਂ ਨਹੀਂ ਕਿਉਂਕਿ ਭਾਰਤ ਦੇ ਇਤਿਹਾਸ ਵਿੱਚ ਇਸ ਦਾ ਸਥਾਨ ਪਹਿਲਾਂ ਹੀ ਪੱਕਾ ਹੈ। ਅਦਾਲਤ ਇਹ ਤੈਅ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਕਿ ਕੌਮੀ ਗੀਤ ਦਾ ਕਿਹੜਾ ਰੂਪ ਜਾਂ ਕਿੰਨੇ ਬੰਦ ਹੋਣੇ ਚਾਹੀਦੇ ਹਨ। ਇਹ ਕੰਮ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦਾ ਹੈ। ਸੰਵਿਧਾਨਕ ਸਵਾਲ ਭਾਵੇਂ ਛੋਟਾ ਹੈ, ਪਰ ਬਹੁਤ ਬੁਨਿਆਦੀ ਪ੍ਰਸ਼ਨ ਹੈ ਕਿ ਸਟੇਟ ਕਿਸੇ ਵਿਅਕਤੀ ਨੂੰ ਦੇਸ਼ ਭਗਤੀ ਦਿਖਾਉਣ ਲਈ ਕਿੱਥੋਂ ਤੱਕ ਮਜਬੂਰ ਕਰ ਸਕਦੀ ਹੈ? ਸ਼ਾਮਿਲ ਹੋਣ ਤੋਂ ਇਨਕਾਰ ਕਰਨ ਅਤੇ ਕਿਸੇ ਸਮਾਗਮ ਵਿੱਚ ਵਿਘਨ ਪਾਉਣ ਵਿੱਚ ਨਿਖੇੜਾ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਨਾਗਰਿਕ ਜਾਣਬੁੱਝ ਕੇ ਦੂਜਿਆਂ ਨੂੰ ਗਾਉਣ ਤੋਂ ਰੋਕਦਾ ਹੈ, ਉਸ ਦਾ ਵਿਹਾਰ ਉਸ ਵਿਅਕਤੀ ਨਾਲੋਂ ਬਿਲਕੁਲ ਵੱਖਰਾ ਹੈ ਜੋ ਸਿਰਫ਼ ਗਾਉਣ ਤੋਂ ਨਾਂਹ ਕਰਦਾ ਹੈ। ਖ਼ਾਸ ਕਰਕੇ ਜਦੋਂ ਸਜ਼ਾਵਾਂ ਦੀ ਗੱਲ ਹੋਵੇ ਤਾਂ ਫ਼ੌਜਦਾਰੀ ਕਾਨੂੰਨ ਨੂੰ ਇਸ ਨਿਖੇੜੇ ਨੂੰ ਸਪੱਸ਼ਟ ਤੌਰ ’ਤੇ ਸਮਝਣਾ ਚਾਹੀਦਾ ਹੈ। ਨਾਗਰਿਕਾਂ ਨੂੰ ਸਪੱਸ਼ਟ ਤੌਰ ’ਤੇ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵਿਹਾਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਬੰਦਾਂ ਜਾਂ ਪੈਰਿਆਂ ਦੀ ਗਿਣਤੀ, ਸਰਕਾਰੀ ਤੌਰ ’ਤੇ ਗਾਉਣ ਦੇ ਤਰੀਕੇ ਜਾਂ ਉਚਿਤ ਨਿਯਮਾਂ ਬਾਰੇ ਮਤਭੇਦ ਨੂੰ ਮਨਮਾਨੀ ਕਾਰਵਾਈ ਦਾ ਬਹਾਨਾ ਨਹੀਂ ਬਣਾਇਆ ਜਾਣਾ ਚਾਹੀਦਾ।
ਰਾਸ਼ਟਰੀ ਚਿੰਨ੍ਹਾਂ ਤੇ ਪ੍ਰਤੀਕਾਂ ਦੀ ਅਸਲ ਤਾਕਤ ਲੋਕਾਂ ਵੱਲੋਂ ਇਨ੍ਹਾਂ ਦੇ ਆਪਮੁਹਾਰੇ ਅਤੇ ਸਾਂਝੇ ਸਤਿਕਾਰ ਵਿੱਚ ਹੁੰਦੀ ਹੈ, ਜਿਸ ਨੂੰ ਕਦੇ ਵੀ ਜ਼ਬਰਦਸਤੀ ਜਾਂ ਡਰਾ-ਧਮਕਾ ਕੇ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਜਿਹੜੀ ਜਮਹੂਰੀਅਤ ਆਪਣੀ ਰਾਸ਼ਟਰੀ ਪਛਾਣ ਅਤੇ ਤਾਕਤ ਪ੍ਰਤੀ ਪੂਰਾ ਆਤਮ-ਵਿਸ਼ਵਾਸ ਰੱਖਦੀ ਹੈ, ਉਸ ਦੇ ਦਾਇਰੇ ਵਿੱਚ ਸਮੂਹਿਕ ਦੇਸ਼ ਭਗਤੀ ਦੇ ਪ੍ਰਗਟਾਵੇ ਦੇ ਨਾਲ-ਨਾਲ ਹਰ ਨਾਗਰਿਕ ਦੇ ਵਿਅਕਤੀਗਤ ਅੰਤਹਕਰਨ ਦੀ ਆਜ਼ਾਦੀ ਲਈ ਵੀ ਪੂਰੀ ਥਾਂ ਹੋਣੀ ਚਾਹੀਦੀ ਹੈ।

