DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਿਣਾਉਣੀਆਂ ਕਾਰਵਾਈਆਂ ’ਤੇ ਚੁੱਪ

ਕੀ ਸੰਕੇਤ ਅਤੇ ਤਸਵੀਰਾਂ ਮਾਅਨੇ ਰੱਖਦੀਆਂ ਹਨ? ਹਾਂ, ਜ਼ਰੂਰ ਮਾਅਨੇ ਰੱਖਦੀਆਂ ਹਨ। ਕੀ ਸ਼ਬਦ ਮਾਅਨੇ ਰੱਖਦੇ ਹਨ? ਬਿਲਕੁਲ ਮਾਅਨੇ ਰੱਖਦੇ ਹਨ। ਦਿੱਲੀ ਦੀ ਇੱਕ ਚਰਚ ਵਿੱਚ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਸ਼ਾਮਿਲ ਹੋਣਾ ਯਕੀਨਨ ਫ਼ਿਰਕੂ...

  • fb
  • twitter
  • whatsapp
  • whatsapp
Advertisement

ਕੀ ਸੰਕੇਤ ਅਤੇ ਤਸਵੀਰਾਂ ਮਾਅਨੇ ਰੱਖਦੀਆਂ ਹਨ? ਹਾਂ, ਜ਼ਰੂਰ ਮਾਅਨੇ ਰੱਖਦੀਆਂ ਹਨ। ਕੀ ਸ਼ਬਦ ਮਾਅਨੇ ਰੱਖਦੇ ਹਨ? ਬਿਲਕੁਲ ਮਾਅਨੇ ਰੱਖਦੇ ਹਨ। ਦਿੱਲੀ ਦੀ ਇੱਕ ਚਰਚ ਵਿੱਚ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਸ਼ਾਮਿਲ ਹੋਣਾ ਯਕੀਨਨ ਫ਼ਿਰਕੂ ਇਕਸੁਰਤਾ ਤੇ ਸਦਭਾਵਨਾ ਦਾ ਭਰੋਸਾ ਦੇਣ ਵਾਲਾ ਸੰਦੇਸ਼ ਸੀ ਪਰ ਇਸ ਦੇ ਬਾਵਜੂਦ ਘੱਟਗਿਣਤੀਆਂ ’ਤੇ ਹਮਲਿਆਂ ਦੀ ਸਿਖਰਲੇ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਦੇ ਮੂੰਹੋਂ ਨਿੰਦਾ ਦੀ ਘਾਟ ਰੜਕਦੀ ਹੈ। ਕ੍ਰਿਸਮਸ ਮੌਕੇ ਭੰਨ-ਤੋੜ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਵਾਲੇ ਗੁੰਡਿਆਂ ਨੂੰ ਕਾਨੂੰਨ ਤੋੜਨ ਵਾਲੇ ਹੋਰ ਵਿਅਕਤੀਆਂ ਦੀ ਤਰ੍ਹਾਂ ਹੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਧਰਮ ਦੇ ਨਾਮ ’ਤੇ ਗੁੰਡਾਗਰਦੀ ਤੇ ਭੰਨ-ਤੋੜ ਕਰਨ ਅਤੇ ਕਾਨੂੰਨ ਤੋੜਨ ਵਾਲਿਆਂ ਦੇ ਢੀਠਤਾ ਭਰੇ ਕਾਰਿਆਂ ਬਾਰੇ ਧਾਰੀ ਗਈ ਚੁੱਪ ਪ੍ਰੇਸ਼ਾਨ ਕਰਦੀ ਹੈ। ਇਹ ਬਹੁਤ ਫ਼ਿਕਰਮੰਦੀ ਵਾਲੀ ਗੱਲ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਨਿੰਦਣਯੋਗ ਘਟਨਾਵਾਂ ਦੇਸ਼ ’ਚ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਮੌਕੇ ਵਾਪਰੀਆਂ।

25 ਦਸੰਬਰ ਨੂੰ ਲਖਨਊ ਵਿੱਚ ਅਟਲ ਬਿਹਾਰੀ ਵਾਜਪਾਈ, ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨਦਿਆਲ ਉਪਾਧਿਆਏ ਦੀਆਂ 65 ਫੁੱਟ ਉੱਚੀਆਂ ਕਾਂਸੀ ਦੀਆਂ ਮੂਰਤੀਆਂ ਵਾਲੇ ਰਾਸ਼ਟਰੀ ਯਾਦਗਾਰੀ ਕੰਪਲੈਕਸ ‘ਰਾਸ਼ਟਰੀ ਪ੍ਰੇਰਨਾ ਸਥਲ’ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਨੂੰ ਸਵੈ-ਮਾਣ, ਏਕਤਾ ਅਤੇ ਸੇਵਾ ਵੱਲ ਲਿਜਾਣ ਵਾਲੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ। ਭਾਜਪਾ ਨੇ ਦੇਸ਼ ਦੀ ਰਾਜਧਾਨੀ ’ਚ ਸਥਿਤ ਆਪਣੇ ਮੁੱਖ ਦਫ਼ਤਰ ਵਿੱਚ ਵਾਜਪਾਈ ਦੇ ਜੀਵਨ ਅਤੇ ਯੋਗਦਾਨ ਬਾਰੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਦਿੱਲੀ ਸਰਕਾਰ ਨੇ ਸਬਸਿਡੀ ਵਾਲੀਆਂ ਅਟਲ ਕੰਟੀਨਾਂ ਦੀ ਸ਼ੁਰੂਆਤ ਕੀਤੀ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਅਜਿਹੇ ਖੁਸ਼ਾਮਦ ਭਰੇ ਢੰਗ ਨਾਲ ਯਾਦ ਕੀਤੇ ਜਾਣਾ ਸ਼ਾਇਦ ਪਸੰਦ ਕਰਦੇ ਜਾਂ ਨਾ, ਪਰ ਉਹ ਅਜਿਹੇ ਨਫ਼ਰਤ ਭਰੇ, ਭੜਕਾਊ ਅਤੇ ਤਰਕਹੀਣ ਵਿਹਾਰ ਨੂੰ ਆਮ ਬਣਾਉਣਾ ਯਕੀਕਨ ਨਾਪਸੰਦ ਕਰਦੇ ਜੋ ਬਹੁਗਿਣਤੀਵਾਦ ਨੂੰ ਦਰਸਾਉਂਦਾ ਅਤੇ ਉਤਸ਼ਾਹਿਤ ਕਰਦਾ ਹੈ। ਅਜਿਹਾ ਗੁੰਡਾਗਰਦੀ ਵਾਲਾ ਵਿਹਾਰ ਨਾ ਕੇਵਲ ਦੇਸ਼ ਦੀ ਏਕਤਾ ਨੂੰ ਠੇਸ ਪਹੁੰਚਾਉਂਦਾ ਹੈ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਦੇਸ਼ ਦੀ ਸਾਖ਼ ਨੂੰ ਖੋਰਾ ਲਾਉਂਦਾ ਹੈ।

Advertisement

ਵਾਜਪਾਈ ਨੇ ਜਨਤਕ ਜੀਵਨ ਵਿੱਚ ਉੱਚੇ ਮਿਆਰ ਸਥਾਪਤ ਕਰਦਿਆਂ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਭਾਰਤ ਦਾ ਸਮਾਵੇਸ਼ੀ ਚਰਿੱਤਰ ਕਾਇਮ ਰੱਖਣਾ ਯਕੀਨੀ ਬਣਾਇਆ। ਬਦਮਾਸ਼ਾਂ ਦੀ ਇੱਕ ਛੋਟੀ ਜਿਹੀ ਟੋਲੀ ਨੂੰ ਮਨਮਰਜ਼ੀ ਕਰਨ ਅਤੇ ਭਾਰਤ ਦੇ ਇਸ ਖ਼ਾਸੇ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਜਿਹੀਆਂ ਘਿਣਾਉਣੀਆਂ ਕਾਰਵਾਈਆਂ ਦਾ ਵਿਰੋਧ ਨਾ ਕਰਨਾ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।

Advertisement

Advertisement
×