ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : The Tribune India

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਧਰਮ ਸਮਾਜ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੁਨੀਆ ਦੇ ਸਭ ਧਰਮਾਂ ਨੇ ਵੱਖ ਵੱਖ ਸਮਾਜਾਂ ਵਿਚ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਹਾਲਾਤ ’ਤੇ ਵੱਡੇ ਅਸਰ ਪਾਏ ਅਤੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਵਿਚ ਮੱਧ-ਕਾਲੀਨ ਸਮਿਆਂ ਵਿਚ ਸਿੱਖ ਧਰਮ ਨੇ ਪੰਜਾਬ ਦੇ ਸਮਾਜ ਨੂੰ ਜਮਹੂਰੀ ਅਤੇ ਕ੍ਰਾਂਤੀਕਾਰੀ ਨੁਹਾਰ ਦੇਣ ਦਾ ਵਡਮੁੱਲਾ ਕਾਰਜ ਕੀਤਾ। ਪੰਜਾਬ ਦੇ ਦਲਿਤ, ਕਿਸਾਨ, ਕਾਰੀਗਰ ਅਤੇ ਹੋਰ ਸ਼੍ਰੇਣੀਆਂ ਦੇ ਲੋਕ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਜਥੇਬੰਦ ਹੋਏ। ਖ਼ਾਲਸੇ ਦੀ ਸਥਾਪਨਾ ਨਾਲ ਪੰਜਾਬ ਦੀ ਨਾਬਰੀ ਦੀ ਰਵਾਇਤ ਹੋਰ ਮਜ਼ਬੂਤ ਹੋਈ ਅਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਥਾਪਿਤ ਹੋਈ ਸਰਕਾਰ ਨੇ ਜਾਗੀਰਦਾਰੀ ਪ੍ਰਥਾ ਨੂੰ ਖ਼ਤਮ ਕਰਨ ਦਾ ਕਾਰਜ ਆਰੰਭਿਆ। ਸਿੱਖ ਗੁਰੂਆਂ ਦੁਆਰਾ ਬਣਾਏ ਗੁਰਦੁਆਰੇ ਪੰਜਾਬ ਦੇ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਬਣੇ ਅਤੇ ਸਿੱਖ ਧਰਮ ਦੇ ਫੈਲਣ ਨਾਲ ਪਿੰਡ ਪਿੰਡ ਗੁਰਦੁਆਰੇ ਬਣੇ। ਬਹੁਤ ਸਾਰੇ ਗੁਰਦੁਆਰੇ ਸਿੱਖ ਗੁਰੂਆਂ ਅਤੇ ਬਾਅਦ ਵਿਚ ਹੋਏ ਸੰਘਰਸ਼ਾਂ, ਘੱਲੂਘਾਰਿਆਂ, ਬਾਹਰਲੇ ਹਮਲਾਵਰਾਂ ਅਤੇ ਸਥਾਨਕ ਹਾਕਮਾਂ ਵਿਰੁੱਧ ਹੋਈਆਂ ਲੜਾਈਆਂ ਨਾਲ ਸਬੰਧਿਤ ਹੋਣ ਕਾਰਨ ਇਤਿਹਾਸਕ ਹਨ। ਬਹੁਤ ਦੇਰ ਤਕ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲਿਆਂ, ਉਦਾਸੀ ਸੰਤਾਂ ਅਤੇ ਕਈ ਹੋਰ ਸੰਪਰਦਾਵਾਂ ਨਾਲ ਸਬੰਧਿਤ ਪੁਜਾਰੀਆਂ ਕੋਲ ਰਿਹਾ। ਸਮਾਂ ਬੀਤਣ ਨਾਲ ਇਸ ਪ੍ਰਬੰਧ ਵਿਚ ਕਮਜ਼ੋਰੀਆਂ ਆਈਆਂ ਅਤੇ ਕਈ ਪੁਜਾਰੀ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਮਾਲਕ ਸਮਝਣ ਲੱਗ ਪਏ। ਅੰਗਰੇਜ਼ ਸਰਕਾਰ ਵੀ ਉਨ੍ਹਾਂ ਮਹੰਤਾਂ ਅਤੇ ਪੁਜਾਰੀਆਂ ਦੀ ਹਮਾਇਤ ਕਰਦੀ ਸੀ।

15 ਨਵੰਬਰ 1920 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਅਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ’ਚ ਆਇਆ। ਦੋਹਾਂ ਸੰਸਥਾਵਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਅਤੇ ਵੱਖ ਵੱਖ ਗੁਰਦੁਆਰਿਆਂ ਨੂੰ ਮਹੰਤਾਂ ਤੇ ਪੁਜਾਰੀਆਂ ਦੇ ਸ਼ਿਕੰਜੇ ’ਚੋਂ ਛੁਡਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਗੁਰਦੁਆਰਾ ਸੁਧਾਰ ਲਹਿਰ ਦਾ ਖ਼ਾਸਾ ਬਸਤੀਵਾਦੀ-ਵਿਰੋਧੀ ਸੀ। ਤਰਨ ਤਾਰਨ ਸਾਹਿਬ, ਨਨਕਾਣਾ ਸਾਹਿਬ, ਗੁਰੂ ਕਾ ਬਾਗ, ਜੈਤੋ ਦੇ ਮੋਰਚੇ ਤੇ ਹੋਰ ਮੋਰਚਿਆਂ ਵਿਚ ਕੁਰਬਾਨੀਆਂ ਦੀ ਦਾਸਤਾਨ ਲਾਸਾਨੀ ਹੈ। ਇਹ ਮੋਰਚੇ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚਲਾਏ ਗਏ। ਸੈਂਕੜੇ ਸਿੱਖ ਆਗੂ ਤੇ ਅਕਾਲੀ ਕਾਰਕੁਨਾਂ ਨੇ ਜੇਲ੍ਹਾਂ ਕੱਟੀਆਂ ਤੇ ਸ਼ਹੀਦੀਆਂ ਦਿੱਤੀਆਂ। ਜਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇਖ਼ਾਨੇ ਦੀਆਂ ਚਾਬੀਆਂ ਨਾਲ ਸਬੰਧਿਤ ਚਾਬੀਆਂ ਦੇ ਮੋਰਚੇ ’ਚ ਅੰਗਰੇਜ਼ ਸਰਕਾਰ ਨੇ ਚਾਬੀਆਂ ਵਾਪਸ ਬਾਬਾ ਖੜਕ ਸਿੰਘ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਤਾਂ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦੀ ਤਾਰ ਦਿੱਤੀ, ‘‘ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁਨ ਲੜਾਈ ਜਿੱਤੀ ਗਈ, ਵਧਾਈਆਂ।’’ 1925 ਵਿਚ ਗੁਰਦੁਆਰਾ ਐਕਟ ਹੋਂਦ ਵਿਚ ਆਇਆ। ਇਤਿਹਾਸਕਾਰ ਜੇਐੱਸ ਗਰੇਵਾਲ ਅਨੁਸਾਰ ਅੰਗਰੇਜ਼ ਅਫ਼ਸਰਸ਼ਾਹ, ਜੋ ਕੋਮਾ (Komma) ਦੇ ਕਲਮੀ ਨਾਂ ਹੇਠ ਲਿਖਦਾ ਸੀ, ਦਾ ਮੱਤ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਤੋਂ ਅੰਗਰੇਜ਼ ਸਰਕਾਰ ਦੀ ਵਿਰੋਧੀ ਸੀ। ਗਿਆਨੀ ਨਾਹਰ ਸਿੰਘ ਅਨੁਸਾਰ ਸਾਰੀ ਅਕਾਲੀ ਲਹਿਰ ਵਿਚ 40 ਹਜ਼ਾਰ ਸਿੱਖ ਗ੍ਰਿਫ਼ਤਾਰ ਅਤੇ ਲਗਭਗ ਪੰਜ ਸੌ ਸਿੱਖ ਸ਼ਹੀਦ ਹੋਏ। ਇਸ ਲਹਿਰ ਦਾ ਪ੍ਰਚਾਰ ਕਰਨ ਵਿਚ ‘ਅਕਾਲੀ’ ਅਖ਼ਬਾਰ ਨੇ ਪ੍ਰਮੁੱਖ ਭੂਮਿਕਾ ਨਿਭਾਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸਿੱਖਿਆ, ਸਾਹਿਤ ਤੇ ਸਿਹਤ ਦੇ ਖੇਤਰ ’ਚ ਵਡਮੁੱਲਾ ਕਾਰਜ ਕੀਤਾ ਹੈ। ਇਹ ਕਮੇਟੀ ਮਹਾਨ ਘੋਲਾਂ ਕਾਰਨ ਹੋਂਦ ’ਚ ਆਈ। ਇਸ ਦੇ ਸਿਰ ਵੱਡੀਆਂ ਜ਼ਿੰਮੇਵਾਰੀਆਂ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਕਮੇਟੀ ਦੇ ਜਮਹੂਰੀ ਕਿਰਦਾਰ ਨੂੰ ਕਾਇਮ ਰੱਖਣ ਅਤੇ ਸਿੱਖ ਧਰਮ ਦੇ ਸਮਾਜਿਕ ਸਮਤਾ, ਏਕਤਾ ਤੇ ਬਰਾਬਰੀ ਦੇ ਟੀਚਿਆਂ ਨੂੰ ਅੱਗੇ ਵਧਾਉਣ ’ਚ ਹੈ। ਸਿੱਖ ਗੁਰੂਆਂ ਨੇ ਜਾਤ-ਪਾਤ, ਵਰਣ-ਆਸ਼ਰਮ, ਕਰਮ-ਕਾਂਡ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਿਸ ਨੇ ਪੰਜਾਬੀ ਸਮਾਜ ’ਚ ਸਮਾਜਿਕ ਬਰਾਬਰੀ ਤੇ ਜਮਹੂਰੀਅਤ ਦੀ ਰੂਹ ਫੂਕੀ। ਪੰਜਾਬ ਅੱਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਅਤੇ ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਡੀ ਲੋਕ-ਪੱਖੀ ਭੂਮਿਕਾ ਨਿਭਾ ਸਕਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All