DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਨ ਭੰਡਾਰਨ ਦਾ ਗੰਭੀਰ ਸੰਕਟ

ਪੰਜਾਬ ਸਿਰ ਮੰਡਰਾ ਰਿਹਾ ਅੰਨ ਭੰਡਾਰਨ ਦਾ ਸੰਕਟ ਕੋਈ ਬੰਪਰ ਫ਼ਸਲ ਹੋਣ ਕਰਕੇ ਨਹੀਂ ਆਇਆ ਸਗੋਂ ਇਹ ਇੱਕ ਅਜਿਹੀ ਖ਼ਰੀਦ ਪ੍ਰਣਾਲੀ ਦਾ ਨਤੀਜਾ ਹੈ, ਜੋ ਬਦਲਦੀ ਹਕੀਕਤ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਅਸਫ਼ਲ ਰਹੀ ਹੈ। ਸੂਬੇ ਦੇ ਗੋਦਾਮ ਪਹਿਲਾਂ...

  • fb
  • twitter
  • whatsapp
  • whatsapp
Advertisement

ਪੰਜਾਬ ਸਿਰ ਮੰਡਰਾ ਰਿਹਾ ਅੰਨ ਭੰਡਾਰਨ ਦਾ ਸੰਕਟ ਕੋਈ ਬੰਪਰ ਫ਼ਸਲ ਹੋਣ ਕਰਕੇ ਨਹੀਂ ਆਇਆ ਸਗੋਂ ਇਹ ਇੱਕ ਅਜਿਹੀ ਖ਼ਰੀਦ ਪ੍ਰਣਾਲੀ ਦਾ ਨਤੀਜਾ ਹੈ, ਜੋ ਬਦਲਦੀ ਹਕੀਕਤ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਅਸਫ਼ਲ ਰਹੀ ਹੈ। ਸੂਬੇ ਦੇ ਗੋਦਾਮ ਪਹਿਲਾਂ ਹੀ ਪਿਛਲੇ ਸੀਜ਼ਨਾਂ ਦੇ ਝੋਨੇ ਨਾਲ ਨੱਕੋ-ਨੱਕ ਭਰੇ ਪਏ ਹਨ ਅਤੇ ਹੁਣ ਪੰਜਾਬ ਝੋਨੇ ਦੇ ਇੱਕ ਹੋਰ ਖ਼ਰੀਦ ਸੀਜ਼ਨ ਲਈ ਤਿਆਰ ਹੋ ਰਿਹਾ ਹੈ ਜਦੋਂਕਿ ਨਵੀਂ ਫ਼ਸਲ ਸਾਂਭਣ ਲਈ ਗੋਦਾਮਾਂ ਵਿੱਚ ਰਤਾ ਵੀ ਥਾਂ ਨਹੀਂ ਹੈ। ਜੇਕਰ ਪੁਰਾਣੇ ਅਨਾਜ ਨੂੰ ਤੁਰੰਤ ਇੱਥੋਂ ਬਾਹਰ ਨਾ ਕੱਢਿਆ ਗਿਆ ਤਾਂ ਖ਼ਰੀਦ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ, ਕਿਸਾਨਾਂ ਦੀ ਅਦਾਇਗੀ ਵਿੱਚ ਦੇਰੀ ਹੋ ਸਕਦੀ ਹੈ ਅਤੇ ਪੂਰਾ ਸਪਲਾਈ ਲੜੀ ਪ੍ਰਬੰਧ ਲੀਹੋਂ ਲੱਥ ਸਕਦਾ ਹੈ। ਇਹ ਬੜੀ ਅਜੀਬ ਤੇ ਦੁਖਦਾਈ ਗੱਲ ਹੈ। ਪੰਜਾਬ ਨੂੰ ਲੰਮੇ ਸਮੇਂ ਤੋਂ ਦੇਸ਼ ਦਾ ‘ਅੰਨ ਭੰਡਾਰ’ ਕਿਹਾ ਜਾਂਦਾ ਰਿਹਾ ਹੈ, ਜਿਸ ਨੇ ਹਮੇਸ਼ਾ ਘੱਟੋ-ਘੱਟ ਸਮਰਥਨ ਮੁੱਲ ਦੇ ਆਸਰੇ ਕੇਂਦਰੀ ਪੂਲ ਵਿੱਚ ਕਣਕ ਤੇ ਝੋਨੇ ਦੇ ਅੰਬਾਰ ਲਾਏ ਹਨ। ਪਰ ਅਫ਼ਸੋਸ, ਜਿਸ ਪ੍ਰਬੰਧ ਨੇ ਫ਼ਸਲ ਦੀ ਪੈਦਾਵਾਰ ਵਧਾਉਣ ਲਈ ਉਤਸ਼ਾਹਿਤ ਕੀਤਾ, ਉਹ ਭੰਡਾਰਨ, ਢੋਆ-ਢੁਆਈ ਅਤੇ ਵੰਡ ਪ੍ਰਣਾਲੀ ਦਾ ਆਧੁਨਿਕੀਕਰਨ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ। ਇਸ ਵੇਲੇ ਸਭ ਤੋਂ ਵੱਡਾ ਅੜਿੱਕਾ ਭਾਰਤੀ ਖੁਰਾਕ ਨਿਗਮ ਵੱਲੋਂ ਅਨਾਜ ਦੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਲਿਫਟਿੰਗ ਕਰਕੇ ਬਣਿਆ ਹੋਇਆ ਹੈ। ਹੁਣ ਜਦੋਂ ਦੇਸ਼ ਦੇ ਹੋਰ ਸੂਬੇ ਵੀ ਝੋਨੇ ਦੀ ਪੈਦਾਵਾਰ ਵਿੱਚ ਆਤਮ-ਨਿਰਭਰ ਹੋ ਰਹੇ ਹਨ, ਪੰਜਾਬ ਦਾ ਅਨਾਜ ਸਮਰੱਥਾ ਤੋਂ ਵੱਧ ਭਰੇ ਗੋਦਾਮਾਂ ਵਿੱਚ ਹੀ ਪਿਆ ਹੋਇਆ ਹੈ। ਇਸ ਨਾਲ ਨਾ ਸਿਰਫ਼ ਭੰਡਾਰਨ ਦਾ ਖ਼ਰਚਾ ਵਧ ਰਿਹਾ ਹੈ ਸਗੋਂ ਅਨਾਜ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਪਲ-ਪਲ ਵਧਦਾ ਜਾ ਰਿਹਾ ਹੈ।

ਹਰ ਸਾਲ ਖੜ੍ਹਾ ਹੋਣ ਵਾਲਾ ਇਹ ਸੰਕਟ ਸਾਡੀਆਂ ਸਰਕਾਰੀ ਨੀਤੀਆਂ ਦੇ ਵੱਡੇ ਨੁਕਸ ਨੂੰ ਜੱਗ ਜ਼ਾਹਰ ਕਰਦਾ ਹੈ। ਅੱਜ ਦੇਸ਼ ਵਿੱਚ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ, ਵੱਖ-ਵੱਖ ਸੂਬਿਆਂ ਵਿੱਚ ਫ਼ਸਲਾਂ ਦੀ ਪੈਦਾਵਾਰ ਅਤੇ ਢੋਆ-ਢੁਆਈ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਫਿਰ ਵੀ ਸਰਕਾਰ ਪੁਰਾਣੇ ਤਰੀਕੇ ਨਾਲ ਹੀ ਅੰਨ ਦੇ ਅੰਬਾਰ ਲਾਉਣ ਵਿੱਚ ਲੱਗੀ ਹੋਈ ਹੈ। ਗੋਦਾਮਾਂ ਵਿੱਚ ਆਰਜ਼ੀ ਤੌਰ ’ਤੇ ਥਾਂ ਬਣਾ ਲੈਣੀ ਜਾਂ ਮਾਲ ਗੱਡੀਆਂ ਦੇ ਫੇਰੇ ਵਧਾਉਣ ਵਰਗੇ ਆਰਜ਼ੀ ਪ੍ਰਬੰਧ ਕੁਝ ਸਮੇਂ ਲਈ ਤਾਂ ਸੰਕਟ ਟਾਲ ਸਕਦੇ ਹਨ, ਪਰ ਇਹ ਪੱਕਾ ਇਲਾਜ ਨਹੀਂ ਹਨ। ਅਸਲ ਹੱਲ ਆਧੁਨਿਕ ਸਾਇਲੋ ਬਣਾਉਣ, ਅਨਾਜ ਦੀ ਤੇਜ਼ ਨਿਕਾਸੀ, ਸਟਾਕ ਦੇ ਸਹੀ ਪ੍ਰਬੰਧਨ ਅਤੇ ਫ਼ਸਲੀ ਵਿਭਿੰਨਤਾ ਵਿੱਚ ਹੈ। ਪੰਜਾਬ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇਸ ਪੁਰਾਣੇ ਖ਼ਰੀਦ ਮਾਡਲ ਦਾ ਨੁਕਸਾਨ ਵੀ ਝੱਲੇ ਅਤੇ ਦੇਸ਼ ਦੇ ਅੰਨ ਭੰਡਾਰ ਦਾ ਬੋਝ ਵੀ ਸਦਾ ਲਈ ਆਪਣੇ ਸਿਰ ਚੁੱਕੀ ਰੱਖੇ। ਨੱਕੋ-ਨੱਕ ਭਰੇ ਗੋਦਾਮ ਇੱਕ ਚਿਤਾਵਨੀ ਹਨ। ਜੇਕਰ ਬੁਨਿਆਦੀ ਸੁਧਾਰ ਨਾ ਕੀਤੇ ਗਏ ਤਾਂ ਇਹ ਸੰਕਟ ਹਰ ਸਾਲ ਭਾਰਤੀ ਖੇਤੀ ਦੀ ਇਸ ਵੱਡੀ ਸਫ਼ਲਤਾ ਨੂੰ ਢਾਹ ਲਾਉਂਦਾ ਰਹੇਗਾ।

Advertisement

Advertisement

Advertisement
×