ਕਤਲਾਂ ਦਾ ਸਿਲਸਿਲਾ
ਪੰਜਾਬ ਵਿੱਚ ਦਿਨ-ਦਿਹਾੜੇ ਹੋਏ ਲੜੀਵਾਰ ਕਤਲਾਂ ਕਾਰਨ ਨਵਾਂ ਸਾਲ ਉਦਾਸੀ ਵਾਲਾ ਚੜ੍ਹਿਆ ਹੈ। ਚਾਹੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਬਕਾ ਕਬੱਡੀ ਖਿਡਾਰੀ ਦਾ ਕਤਲ ਹੋਵੇ ਜਾਂ ਫਿਰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ਵਿੱਚ ਇੱਕ ਸਰਪੰਚ ਨੂੰ ਸ਼ਰ੍ਹੇਆਮ ਗੋਲੀਆਂ ਮਾਰਨ ਦੀ ਘਟਨਾ, ਇਹ...
ਪੰਜਾਬ ਵਿੱਚ ਦਿਨ-ਦਿਹਾੜੇ ਹੋਏ ਲੜੀਵਾਰ ਕਤਲਾਂ ਕਾਰਨ ਨਵਾਂ ਸਾਲ ਉਦਾਸੀ ਵਾਲਾ ਚੜ੍ਹਿਆ ਹੈ। ਚਾਹੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਬਕਾ ਕਬੱਡੀ ਖਿਡਾਰੀ ਦਾ ਕਤਲ ਹੋਵੇ ਜਾਂ ਫਿਰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ਵਿੱਚ ਇੱਕ ਸਰਪੰਚ ਨੂੰ ਸ਼ਰ੍ਹੇਆਮ ਗੋਲੀਆਂ ਮਾਰਨ ਦੀ ਘਟਨਾ, ਇਹ ਪ੍ਰਤੱਖ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਭੈਅ ਨਹੀਂ। ਇਹ ਘਟਨਾਵਾਂ ਇੱਕ ਡੂੰਘੇ ਵਿਗਾੜ ਵੱਲ ਇਸ਼ਾਰਾ ਕਰਦੀਆਂ ਹਨ: ਗੈਂਗਾਂ ਦਾ ਮਜ਼ਬੂਤ ਨੈੱਟਵਰਕ, ਹਥਿਆਰਾਂ ਤੱਕ ਸੁਖਾਲੀ ਪਹੁੰਚ ਅਤੇ ਪ੍ਰਤੱਖ ਤੌਰ ’ਤੇ ਦਬਾਅ ਹੇਠ ਕੰਮ ਕਰਦੇ ਪੁਲੀਸ ਬਲ। ਇਸ ਲਈ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ ਜਦੋਂਕਿ ਸਰਕਾਰ ਵਿਰੋਧੀ ਪਾਰਟੀਆਂ ’ਤੇ ਇਹ ਸਭ ਸਮੱਸਿਆਵਾਂ ਵਿਰਾਸਤ ’ਚ ਛੱਡ ਕੇ ਜਾਣ ਦੇ ਦੋਸ਼ ਲਗਾ ਰਹੀ ਹੈ। ਇੱਕ-ਦੂਜੇ ’ਤੇ ਕੀਤੀ ਜਾ ਰਹੀ ਇਸ ਸਿਆਸੀ ਚਿੱਕੜ ਉਛਾਲੀ ਨਾਲ ਪੰਜਾਬ ਦੇ ਵਸਨੀਕ ਸੁਰੱਖਿਅਤ ਮਹਿਸੂਸ ਨਹੀਂ ਕਰਨ ਲੱਗਣਗੇ। ਉੱਚ ਪੁਲੀਸ ਅਧਿਕਾਰੀ ਇਸ ਤੱਥ ’ਤੇ ਜ਼ੋਰ ਦਿੰਦੇ ਹਨ ਕਿ ਪੰਜਾਬ ਵਿੱਚ ਅਪਰਾਧ ਦਰ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਘੱਟ ਹੈ, ਪਰ ਇਸ ਸਬੰਧੀ ਧਾਰਨਾ ਦੀ ਅਹਿਮੀਅਤ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਜਦੋਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਕਤਲ ਹੋ ਜਾਣ ਤਾਂ ਲੋਕ ਅੰਕੜਿਆਂ ’ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਦੇ।
ਰਾਸ਼ਟਰੀ ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਪੰਜਾਬ ਦਾ ਸੰਕਟ ਹੋਰ ਵੀ ਗੰਭੀਰ ਹੈ। ਡੀ ਜੀ ਪੀ ਦਾ ਦਾਅਵਾ ਹੈ ਕਿ ਪਾਕਿਸਤਾਨ ਦੀ ਆਈ ਐੱਸ ਆਈ ਲੁਕਵੇਂ ਤਰੀਕੇ ਨਾਲ ਡਰੋਨਾਂ ਰਾਹੀਂ ਹਥਿਆਰ, ਗੋਲਾ-ਸਿੱਕਾ ਅਤੇ ਨਸ਼ੀਲੇ ਪਦਾਰਥ ਭੇਜ ਕੇ ਸਾਡੇ ਲਈ ਖ਼ਤਰਾ ਸਹੇੜ ਰਹੀ ਹੈ। ਇਹ ਸਥਿਤੀ ਪੰਜਾਬ ਲਈ ਫ਼ਿਕਰਮੰਦੀ ਵਾਲੀ ਹੈ ਕਿਉਂਕਿ ਇਸ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਅਤਿਵਾਦ ਝੱਲਿਆ ਹੈ। ਫਿਰ ਵੀ ਇਕੱਲੇ ਬਾਹਰੀ ਖ਼ਤਰੇ ਇਸ ਭਿਆਨਕ ਸਥਿਤੀ ਦਾ ਕਾਰਨ ਨਹੀਂ। ਨੌਜਵਾਨਾਂ ’ਚ ਵਿਆਪਕ ਬੇਰੁਜ਼ਗਾਰੀ, ਬੰਦੂਕ ਸੱਭਿਆਚਾਰ ਨੂੰ ਵਡਿਆਉਣਾ ਅਤੇ ਛੇਤੀ ਪੈਸੇ ਕਮਾਉਣ ਦਾ ਲਾਲਚ ਸਥਾਨਕ ਜਾਂ ਖੇਤਰੀ ਗੈਂਗਾਂ ਦੇ ਉਭਾਰ ਦੇ ਕਾਰਨ ਹਨ। ਕੱਟੜਪੰਥੀਆਂ ਦਾ ਮੁੜ ਉਭਾਰ ਇੱਕ ਹੋਰ ਗੰਭੀਰ ਕਾਰਕ ਹੈ। ਹਾਲਾਂਕਿ ਪੁਲੀਸ ਨੇ ਕੁਝ ਕਾਮਯਾਬੀ ਹਾਸਲ ਕੀਤੀ ਹੈ ਪਰ ਪੁਲੀਸ ਬਲਾਂ ’ਚ ਦਰਜਾਬੰਦੀ, ਬਹੁਤ ਜ਼ਿਆਦਾ ਕੰਮ ਦੇ ਬੋਝ ਹੇਠ ਦੱਬਿਆ ਫੀਲਡ ਸਟਾਫ ਅਤੇ ਸਿਆਸੀ ਦਖਲਅੰਦਾਜ਼ੀ ਕਾਰਨ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸੂਬੇ ਦੀ ਪੁਲੀਸ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਜੂਝ ਰਹੀ ਹੈ।
ਸੂਬਾਈ ਸਰਕਾਰ ਨੂੰ ਅਮਨ ਕਾਨੂੰਨ ਦੀ ਕਾਇਮੀ ਯਕੀਨੀ ਬਣਾਉਣੀ ਚਾਹੀਦੀ ਹੈ। ਪੁਲੀਸ ਸੁਧਾਰ, ਕੇਂਦਰੀ ਏਜੰਸੀਆਂ ਨਾਲ ਬਿਹਤਰ ਤਾਲਮੇਲ, ਹਥਿਆਰਾਂ ਤੱਕ ਸੁਖਾਲੀ ਪਹੁੰਚ ਘਟਾਉਣ, ਰੁਜ਼ਗਾਰ ਤੇ ਹੁਨਰਾਂ ਵਿੱਚ ਵਧੇਰੇ ਨਿਵੇਸ਼ ਅਤੇ ਉਦਾਸੀਨ ਨੌਜਵਾਨਾਂ ਦੇ ਮਨਾਂ ਨੂੰ ਜਿੱਤਣ ਲਈ ਨੀਤੀਗਤ ਪਹਿਲਕਦਮੀ ਵਾਲੀ ਬਹੁ-ਨੁਕਾਤੀ ਰਣਨੀਤੀ ਸਮੇਂ ਦੀ ਲੋੜ ਹੈ। ਪੰਜਾਬ ਆਪਣੀ ਬਹੁਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਨੂੰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਤਿਵਾਦੀਆਂ ਦੇ ਘਾਤਕ ਗੱਠਜੋੜ ਦੀ ਸ਼ਿਕਾਰ ਨਹੀਂ ਹੋਣ ਦੇ ਸਕਦਾ।

