...ਸਾਡਾ ਵੀ ਦੇਖ ਜੇਰਾ

...ਸਾਡਾ ਵੀ ਦੇਖ ਜੇਰਾ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੁਰਾੜੀ ਜਾਣ ਦੀ ਸਲਾਹ ਨੂੰ ਠੁਕਰਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ ਵਿਚ ਧਰਨਾ ਦੇਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਗੱਲਬਾਤ ਬਿਨਾਂ ਸ਼ਰਤ ਤੋਂ ਹੋਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਰਿਆਣੇ ਤੋਂ ਦਿੱਲੀ ਜਾਂਦੀਆਂ ਸੜਕਾਂ ਦੀਆਂ ਹੱਦਾਂ ’ਤੇ ਬੈਠੇ ਹੋਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਪੁਲੀਸ ਨੇ ਉਤਰਾਖੰਡ ਤੋਂ ਆਏ ਕਿਸਾਨਾਂ ਨੂੰ ਜੰਤਰ ਮੰਤਰ ਬਾਰਡਰ ’ਤੇ ਲੈ ਜਾਣ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਬੁਰਾੜੀ ਲੈ ਗਏ। ਸਵਾਲ ਇਹ ਉੱਠਦਾ ਹੈ ਕਿ ਜਦ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਨੂੰ ਜੰਤਰ ਮੰਤਰ ਅਤੇ ਰਾਮਲੀਲਾ ਮੈਦਾਨ ਵਿਚ ਅੰਦੋਲਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਕਿਸਾਨਾਂ ਨਾਲ ਅਜਿਹਾ ਵਰਤਾਓ ਕਿਉਂ ਕੀਤਾ ਜਾ ਰਿਹ ਹੈ। ਕੇਂਦਰ ਅਤੇ ਹਰਿਆਣਾ ਸਰਕਾਰਾਂ ਦਾ ਅੰਦੋਲਨ ਪ੍ਰਤੀ ਰਵੱਈਆ ਬਹੁਤ ਨਾਕਾਰਾਤਮਕ ਹੈ। ਹਰਿਆਣਾ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਦੂਨੀ ਅਤੇ ਹੋਰ ਕਿਸਾਨ ਕਾਰਕੁਨਾਂ ਵਿਰੁੱਧ ਕੇਸ ਦਰਜ ਕੀਤੇ ਹਨ। ਹਰਿਆਣੇ ਦੇ ਭਾਜਪਾ ਆਗੂਆਂ ਦਾ ਇਹ ਪ੍ਰਚਾਰ ਕਿ ਜੇ ਕੋਵਿਡ-19 ਵਧਿਆ ਤਾਂ ਇਸ ਲਈ  ਪੰਜਾਬ ਵਾਲੇ ਜ਼ਿੰਮੇਵਾਰ ਹੋਣਗੇ, ਬਿਲਕੁਲ ਗ਼ਲਤ ਤੇ ਫੁੱਟ ਪਾਉਣ ਵਾਲਾ ਹੈ ਜਦੋਂ ਕਿ ਉਨ੍ਹਾਂ ਦੇ ਆਪਣੇ ਆਗੂ ਜਿਨ੍ਹਾਂ ਵਿਚ ਅਮਿਤ ਸ਼ਾਹ, ਜੇਪੀ ਨੱਢਾ, ਅਦਿਤਿਆ ਨਾਥ ਯੋਗੀ ਅਤੇ ਹੋਰ ਸ਼ਾਮਿਲ ਹਨ, ਨੇ ਹੈਦਰਾਬਾਦ ਵਿਚ ਨਗਰ ਪਾਲਿਕਾ ਚੋਣਾਂ ਵਿਚ ਵੱਡੀਆਂ ਰੈਲੀਆਂ ਕੀਤੀਆਂ ਹਨ।

ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਲਗਾਤਾਰ ਇਹ ਪ੍ਰਚਾਰ ਕਰ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਅਤੇ ਕੰਟਰੈਕਟ ਖੇਤੀ ਬਾਰੇ ਬਣਾਏ ਗਏ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਹਨ। ਅਜਿਹਾ ਪ੍ਰਚਾਰ ਗੱਲਬਾਤ ਕਰਨ ਦੇ ਸੱਦੇ ਦੀ ਭਾਵਨਾ ਦੇ ਵਿਰੁੱਧ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ 18ਵੀਂ ‘ਮਨ ਕੀ ਬਾਤ’ ਵਿਚ ਫਿਰ ਇਨ੍ਹਾਂ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦਾ ਨਾਂ ਦਿੰਦਿਆਂ ਇਹ ਗੱਲ ਦੁਹਰਾਈ ਹੈ ਕਿ ਇਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਲਈ ‘ਨਵੀਆਂ ਸੰਭਾਵਨਾਵਾਂ ਦੇ ਦੁਆਰ’ ਖੋਲ੍ਹੇ ਹਨ ਪਰ ਕਿਸਾਨਾਂ ਅਨੁਸਾਰ ਉਨ੍ਹਾਂ ਨੇ ਕਦੇ ਵੀ ਅਜਿਹੇ ‘ਸੁਧਾਰਾਂ’ ਦੀ ਮੰਗ ਨਹੀਂ ਕੀਤੀ। ‘ਮਨ ਕੀ ਬਾਤ’ ਵਿਚ ਕੀਤਾ ਗਿਆ ਇਹ ਦਾਅਵਾ ਕਿ ਸੰਸਦ ਵਿਚ ਇਨ੍ਹਾਂ ਕਾਨੂੰਨਾਂ ’ਤੇ ਵੱਡੀ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਵੀ ਸਹੀ ਨਹੀਂ ਹੈ ਸਗੋਂ ਤੱਥ ਇਹ ਦੱਸਦੇ ਹਨ ਕਿ ਵਿਰੋਧੀ ਪਾਰਟੀਆਂ ਨੇ ਲਗਾਤਾਰ ਇਹ ਮੰਗ ਕੀਤੀ ਸੀ ਕਿ ਇਹ ਕਾਨੂੰਨ ਜਲਦਬਾਜ਼ੀ ਵਿਚ ਪਾਸ ਨਾ ਕੀਤੇ ਜਾਣ ਅਤੇ ਜਨਤਕ ਰਾਇ ਲੈਣ ਲਈ ਸੰਸਦ ਦੀ ਚੋਣਵੀਂ (ਸਿਲੈਕਟ) ਕਮੇਟੀ ਕੋਲ ਭੇਜ ਦਿੱਤੇ ਜਾਣ ਪਰ ਕੇਂਦਰ ਸਰਕਾਰ ਨੇ ਇਹ ਮੰਗ ਮੰਨਣ ਤੋਂ ਨਾ ਸਿਰਫ਼ ਨਾਂਹ ਕੀਤੀ। ਕਾਨੂੰਨਾਂ ਨੂੰ ਰਾਜ ਸਭਾ ਵਿਚ ਹੜਬੜੀ ਵਿਚ ਪਾਸ ਕਰਾਇਆ ਗਿਆ। ਇਹ ਪ੍ਰਸ਼ਨ ਵੀ ਪੁੱਛਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਇਨ੍ਹਾਂ ਕਾਨੂੰਨਾਂ ਬਾਰੇ ਸਮਝ ਉੱਤੇ ਸ਼ੱਕ ਕਰਦਿਆਂ ਵਾਰ ਵਾਰ ਇਹ ਕਿਉਂ ਕਹਿ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਆਗੂ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਹਨ। ਅਜਿਹੇ ਬਿਆਨ ਗੱਲਬਾਤ ਦੀ ਜ਼ਮੀਨ ਤਿਆਰ ਕਰਨ ਨੂੰ ਮੁਸ਼ਕਿਲ ਬਣਾਉਂਦੇ ਹਨ। 

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀ ਹਿੰਮਤ ਤੇ ਜ਼ੇਰੇ ਦਾ ਇਮਤਿਹਾਨ ਲੈਣਾ ਚਾਹੁੰਦੀ ਹੈ ਅਤੇ ਉਨ੍ਹਾਂ ਅਨੁਸਾਰ ਉਹ ਇਸ ਇਮਤਿਹਾਨ ਲਈ ਤਿਆਰ ਹਨ। ਉਹ ਲੰਮੀ ਲੜਾਈ ਦੀ ਤਿਆਰੀ ਕਰ ਕੇ ਆਏ ਹਨ। ਕਈ ਵਰ੍ਹੇ ਪਹਿਲਾਂ  ਪੰਜਾਬੀ ਸ਼ਾਇਰ ਜਗਤਾਰ ਨੇ ਲਿਖਿਆ ਸੀ, ‘‘ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ/ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।’’ ਬਹੁਤੀਆਂ ਸਲੀਬਾਂ ਮਨੁੱਖ ਦੇ ਆਪਣੇ ਅੰਦਰਲੇ ਡਰ ਅਤੇ ਸ਼ੱਕ-ਸ਼ੁਬਹਿਆਂ ਦੀਆਂ ਹੁੰਦੀਆਂ ਹਨ; ਹਨੇਰਾ ਸੰਘਰਸ਼ ਦੀ ਰਾਹ ’ਤੇ ਪੈਰ ਰੱਖਣ ਤੋਂ ਹੁੰਦੀ ਹਿਚਕਚਾਹਟ ਦਾ ਹਨੇਰਾ ਹੁੰਦਾ ਹੈ। ਬੰਦੇ ਨੇ ਉਨ੍ਹਾਂ ਹਨੇਰਿਆਂ ’ਚੋਂ ਨਿਕਲ ਕੇ ਸੰਘਰਸ਼ ਦੀ ਰਾਹ ’ਤੇ ਪੈਣਾ ਹੁੰਦਾ ਹੈ; ਦੇਸ਼ ਦੇ ਕਿਸਾਨ ਉਸ ਰਾਹ ’ਤੇ ਆਪਣੀ ਮਾਣ-ਮੱਤੀ ਤੋਰ ਨਾਲ ਤੁਰ ਰਹੇ ਹਨ। 

ਪ੍ਰਧਾਨ ਮੰਤਰੀ ਦੇ ਸ਼ਬਦਾਂ ਨੂੰ ਕਿਸਾਨਾਂ ਦੇ ਪੱਖ ਤੋਂ ਵਰਤਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਇਨ੍ਹਾਂ ਕਾਨੂੰਨਾਂ ਨੇ ਨਹੀਂ ਸਗੋਂ ਕਿਸਾਨ ਸੰਘਰਸ਼ ਨੇ ਖੋਲ੍ਹੇ ਹਨ। ਕਿਸਾਨਾਂ ਦੁਆਰਾ ਸ਼ਾਹਰਾਹਾਂ ਦਾ ਰੋਕੇ ਜਾਣਾ ਭੌਤਿਕ ਤੌਰ ’ਤੇ ਤਾਂ ਰਾਹਾਂ ਨੂੰ ਰੋਕਦਾ ਹੈ ਪਰ ਇਹ ਮਨਾਂ ਤੇ ਦਿਮਾਗਾਂ ’ਤੇ ਲੱਗੇ ਜਿੰਦਰੇ ਤੋੜਦਾ ਅਤੇ ਜਮਹੂਰੀਅਤ ਦੀਆਂ ਨਵੀਆਂ ਰਾਹਾਂ ਖੋਲ੍ਹਦਾ ਹੈ। ਭਾਰਤ ਸ਼ਬਦ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਹਿੰਦੋਸਤਾਨ ਸ਼ਬਦ ਦੇ ਅਰਥ ਬਹੁਤ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਏ ਸਨ ਜਿਨ੍ਹਾਂ ਬਾਬਰ ਦੇ ਹਮਲੇ ਵਿਰੁੱਧ ‘‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ’’ ਦੇ ਸ਼ਬਦ ਬੋਲ ਕੇ ਲੋਕਾਂ ਵਿਚ ਚੇਤਨਾ ਪੈਦਾ ਕੀਤੀ ਸੀ। ਗ਼ਦਰੀ ਕਵੀਆਂ ਨੇ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਪੰਜਾਬੀਆਂ ਨੂੰ ਉਸ ਵੇਲੇ ਦੇ ਭਾਰਤ ਦਾ ਹਾਲ ਦੱਸਿਆ ਸੀ, ‘‘ਉੱਠ ਭਾਰਤ ਨਾ ਸਮਾਂ ਤੇਰੇ ਸੌਣ ਵਾਲਾ, ਜਾਲ ਬੇਈਮਾਨ ਨੇ ਚੁਫ਼ੇਰੇ ਤੇਰੇ ਪਾ ਲਿਆ’’ ਤੇ ਇਕ ਹੋਰ ਗ਼ਦਰੀ ਕਵੀ ਨੇ ਕਿਹਾ ਸੀ, ‘‘ਖੋਲ੍ਹੋ ਅੱਖੀਆਂ ਤੁਸੀਂ ਕਿਉਂ ਚੁੱਪ ਬੈਠੇ, ਭਾਰਤ ਵਰਸ਼ ਦੀ ਹੋ ਔਲਾਦ ਸਿੰਘੋ।’’ ਇਕ ਹੋਰ ਗ਼ਦਰੀ ਕਵੀ ਏਦਾਂ ਕੂਕਿਆ ਸੀ, ‘‘ਭਾਰਤ ਬੱਚੀਆਂ ਭੁੱਖੀਆਂ ਜੇਲ੍ਹ ਅੰਦਰ, ਬੱਚੇ ਲਾਡਲੇ ਬਾਹਰੋਂ ਕੂਕਦੇ ਨੇ।’’ ਧਰਮ ਦੇ ਨਾਂ ’ਤੇ ਫੁੱਟ ਪਾਉਣ ਵਾਲਿਆਂ ਵਿਰੁੱਧ ਗ਼ਦਰੀ ਕਵੀ ਨੇ ਆਪਣਾ ਵਿਰੋਧ ਦੇਸ਼ ਦੇ ਨਾਂ ’ਤੇ ਏਦਾਂ ਦਰਜ ਕੀਤਾ ਸੀ, ‘‘ਹੀਰਾ ਹਿੰਦ ਉਨ੍ਹਾਂ ਖ਼ਾਕ ਕੀਤਾ, ਰੌਲੇ ਅੱਤ ਦੇ ਵੇਦ ਕੁਰਾਨ ਵਾਲੇ।’’ ਪੰਜਾਬੀ ਕਵੀ ਪਾਸ਼ ਨੇ 50 ਵਰ੍ਹੇ ਪਹਿਲਾਂ ਛਪੀ ਆਪਣੀ ਪਹਿਲੀ ਕਿਤਾਬ ‘ਲੋਹ ਕਥਾ’ ਦੀ ਪਹਿਲੀ ਕਵਿਤਾ ‘ਭਾਰਤ’ ਵਿਚ ਭਾਰਤ ਦੇ ਅਰਥ ਸਪੱਸ਼ਟ ਕਰਦਿਆਂ ਕਿਹਾ ਸੀ, ‘‘ਕਿ ਭਾਰਤ ਦੇ ਅਰਥ/ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ/ਸਗੋਂ ਖੇਤਾਂ ਵਿਚ ਦਾਇਰ ਹਨ/ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲਗਦੀਆਂ ਹਨ…।’’ ਦੇਸ਼ ਭਰ ਦੇ ਕਿਸਾਨਾਂ ਦਾ ਮੋਰਚਾ ਖੇਤੀ ਖੇਤਰ ਵਿਚ ਸਰਕਾਰ ਅਤੇ ਕਾਰਪੋਰੇਟ ਅਦਾਰਿਆਂ ਵੱਲੋਂ ਲਗਾਈਆਂ ਜਾ ਰਹੀਆਂ ਸੰਨ੍ਹਾਂ ਦੇ ਵਿਰੁੱਧ ਹੈ। ਸਰਕਾਰ ਨੂੰ ਕਿਸਾਨਾਂ ਨਾਲ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਕਰਨੀ ਚਾਹੀਦੀ ਹੈ। -ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All