ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਹੇ ਡੇਢ ਦਰਜਨ ਤੋਂ ਵੱਧ ਸਲਾਹਕਾਰਾਂ ਅਤੇ ਖ਼ਾਸ ਤੌਰ ’ਤੇ ਲਾਏ ਗਏ ਅਫ਼ਸਰਾਂ (ਓਐੱਸਡੀਜ਼) ਦੀ ਸੁਰੱਖਿਆ ਵਾਪਸ ਲੈਣ ਕਾਰਨ ਇਸ ਮੁੱਦੇ ਉੱਤੇ ਨਵੀਂ ਚਰਚਾ ਲਈ ਰਾਹ ਖੁੱਲ੍ਹਿਆ ਹੈ। ਪੰਜਾਬ ਵਿਚ ਖਾੜਕੂਵਾਦ ਦੇ ਦੌਰ ਸਮੇਂ ਪੈਦਾ ਹੋਏ ਹਾਲਾਤ ਦੇ ਅਸਰ ਕਈ ਖੇਤਰਾਂ ਵਿਚ ਅਜੇ ਵੀ ਨਜ਼ਰ ਆਉਂਦੇ ਹਨ। ਵਿਸ਼ੇਸ਼ ਹਾਲਾਤ ਵਿਚ ਵਾਧੂ ਪੁਲੀਸ ਜ਼ਿਲ੍ਹੇ ਬਣਾਏ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਖ਼ਤਰਾ ਹੋਣ ਕਰਕੇ ਪੁਲੀਸ ਸੁਰੱਖਿਆ ਦਿੱਤੀ ਜਾਂਦੀ ਰਹੀ। ਉਸ ਸਮੇਂ ਸਿਆਸੀ ਆਗੂਆਂ ਤੇ ਵਿਧਾਇਕਾਂ ਨੂੰ ਸੁਰੱਖਿਆ ਵਾਹਨਾਂ ਵਜੋਂ ਜਿਪਸੀਆਂ ਦੇਣ ਦਾ ਰੁਝਾਨ ਬਣਿਆ। 90ਵਿਆਂ ਦੇ ਅੱਧ ਤੋਂ ਪਿੱਛੋਂ ਭਾਵੇਂ ਖਾੜਕੂਵਾਦ ਦੇ ਖਾਤਮੇ ਦੇ ਮੁੱਦੇ ’ਤੇ ਸਿਆਸਤ ਹੁੰਦੀ ਰਹੀ ਪਰ ਉਸ ਸਮੇਂ ਦੇ ਬਹੁਤ ਸਾਰੇ ਫ਼ੈਸਲੇ ਅਜੇ ਤੱਕ ਲਾਗੂ ਹਨ। ਮਿਸਾਲ ਵਜੋਂ ਵਿਧਾਇਕਾਂ ਦੇ ਸੁਰੱਖਿਆ ਵਾਹਨ ਹੁਣ ਇਨੋਵਾ ਗੱਡੀਆਂ ਵਿਚ ਤਬਦੀਲ ਹੋ ਗਏ ਹਨ।
ਪੰਜਾਬ ਵਿਚ ਸੈਂਕੜੇ ਸਿਆਸੀ ਆਗੂਆਂ, ਅਫ਼ਸਰਾਂ, ਸਮਾਜਿਕ ਕਾਰਕੁਨਾਂ, ਧਾਰਿਮਕ ਆਗੂਆਂ, ਸਨਅਤਕਾਰਾਂ, ਵੱਡੇ ਵਪਾਰੀਆਂ ਸਮੇਤ ਬਹੁਤ ਸਾਰੇ ਸ਼ੋਅਬਿਆਂ ਨਾਲ ਜੁੜੇ ਲੋਕਾਂ ਨੇ ਪੁਲੀਸ ਸੁਰੱਖਿਆ ਲਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਓਐੱਸਡੀਜ਼ ਕੋਲ ਪੰਜ ਸੌ ਦੇ ਕਰੀਬ ਪੁਲੀਸ ਮੁਲਾਜ਼ਮ ਸੁਰੱਖਿਆ ਵਜੋਂ ਤਾਇਨਾਤ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਾਲ ਸੁਰੱਖਿਆ ਦੇ ਤੌਰ ਉੱਤੇ ਲੱਗੇ ਕਰਮਚਾਰੀਆਂ ਵਿਚ ਕਟੌਤੀ ਕਰਨ ਦਾ ਹੁਕਮ ਦਿੱਤਾ ਹੈ। ਸੁਰੱਖਿਆ ਲਈ ਕਰਮਚਾਰੀ ਨਾਲ ਹੋਣਾ ਹੁਣ ਸਮਾਜਿਕ ਰੁਤਬਾ ਬਣ ਗਿਆ ਹੈ। ਇਸੇ ਕਰਕੇ ਬਹੁਤ ਸਾਰੇ ਵਿਅਕਤੀ ਕੋਈ ਖ਼ਤਰਾ ਨਾ ਹੋਣ ਦੇ ਬਾਵਜੂਦ ਸੁਰੱਖਿਆ ਮੁਲਾਜ਼ਮ ਲੈਣ ਲਈ ਸਿਫ਼ਾਰਿਸ਼ਾਂ ਕਰਵਾਉਂਦੇ ਹਨ। ਇਹ ਸਿਆਸਤ ਤੇ ਸਮਾਜਿਕ ਜੀਵਨ ਵਿਚ ਆ ਰਹੀ ਨੈਤਿਕ ਗਿਰਾਵਟ ਦਾ ਚਿੰਨ੍ਹ ਹੈ।
ਕਈ ਵਾਰ ਕੋਸ਼ਿਸ਼ ਹੋਈ ਕਿ ਸੁਰੱਖਿਆ ਲੈਣ ਵਾਲਿਆਂ ਨੂੰ ਅਦਾਇਗੀ ਦੇ ਆਧਾਰ ’ਤੇ ਸੁਰੱਖਿਆ ਕਰਮੀ ਮੁਹੱਈਆ ਕਰਵਾਏ ਜਾਣ। 2014 ’ਚ ਪੰਜਾਬ ਪੁਲੀਸ ਨੇ ਕਈ ਸਨਅਤਕਾਰਾਂ ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਨੋਟਿਸ ਭੇਜਿਆ ਕਿ ਜੇ ਉਨ੍ਹਾਂ ਨੇ ਸੁਰੱਖਿਆ ਜਾਰੀ ਰੱਖਣੀ ਹੈ ਤਾਂ ਦਸੰਬਰ 2014 ਤੱਕ ਪੈਸਾ ਜਮ੍ਹਾਂ ਕਰਵਾ ਦੇਣ। ਇਹ ਤੱਥ ਦਿੱਤਾ ਗਿਆ ਸੀ ਕਿ ਨਿੱਜੀ ਸੁਰੱਖਿਆ ਵਿਚ ਲੱਗੇ ਮੁਲਾਜ਼ਮਾਂ ਉੱਤੇ ਪੰਜਾਬ ਸਰਕਾਰ ਨੂੰ 25 ਕਰੋੜ ਰੁਪਏ ਮਹੀਨਾ ਖ਼ਰਚ ਕਰਨਾ ਪੈਂਦਾ ਹੈ। ਸੁਰੱਖਿਆ ਮਿਲਣ ਨੂੰ ਸਮਾਜਿਕ ਰੁਤਬੇ ਨਾਲ ਜੁੜਨ ਕਾਰਨ ਕਈ ਵਾਰ ਇਸ ਪ੍ਰਬੰਧ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ। ਨਿੱਜੀ ਸੁਰੱਖਿਆ ਉੱਤੇ ਇੰਨੀ ਵੱਡੀ ਗਿਣਤੀ ਵਿਚ ਮੁਲਾਜ਼ਮ ਲੱਗਣ ਨਾਲ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਉੱਤੇ ਅਸਰ ਪੈਣਾ ਸੁਭਾਵਿਕ ਹੈ। ਇਸ ਸਭ ਕਾਸੇ ਦਾ ਭਾਰ ਸੂਬੇ ਦੇ ਆਮ ਲੋਕ ਚੁੱਕਦੇ ਹਨ। ਜੇਕਰ ਕਿਸੇ ਨੂੰ ਸੁਰੱਖਿਆ ਦੀ ਲੋੜ ਹੋਵੇ ਤਾਂ ਸਾਰੇ ਸਬੰਧਿਤ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਲੋੜ ਅਨੁਸਾਰ ਦਿੱਤੀ ਜਾ ਸਕਦੀ ਹੈ। ਸੁਰੱਖਿਆ ਨੂੰ ਰੁਤਬੇ ਦਾ ਚਿੰਨ੍ਹ ਬਣਾਉਣ ਦੇ ਰੁਝਾਨ ਨੂੰ ਸਮਾਪਤ ਕੀਤਾ ਜਾਣਾ ਜ਼ਰੂਰੀ ਹੈ।