DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੌਸਮੀ ਬਿਮਾਰੀਆਂ

ਹਿਮਾਚਲ ਪ੍ਰਦੇਸ਼ ਵਿੱਚ ਹਰ ਸਾਲ ਮੌਨਸੂਨ ਦੌਰਾਨ ਸੜਕਾਂ ਦਾ ਪਾਣੀ ’ਚ ਡੁੱਬਣਾ, ਪਹਾੜ ਖਿਸਕਣਾ (ਲੈਂਡ ਸਲਾਈਡ) ਅਤੇ ਪਿੰਡਾਂ ਦਾ ਮੁੱਖ ਮਾਰਗ ਨਾਲੋਂ ਟੁੱਟ ਜਾਣਾ ਆਮ ਜਿਹੀਆਂ ਗੱਲਾਂ ਬਣ ਗਈਆਂ ਹਨ। ਪਰ ਇਸ ਦੇ ਨਾਲ ਹੀ ਇੱਕ ਹੋਰ ਸੰਕਟ (ਜੋ ਭਾਵੇਂ...

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਵਿੱਚ ਹਰ ਸਾਲ ਮੌਨਸੂਨ ਦੌਰਾਨ ਸੜਕਾਂ ਦਾ ਪਾਣੀ ’ਚ ਡੁੱਬਣਾ, ਪਹਾੜ ਖਿਸਕਣਾ (ਲੈਂਡ ਸਲਾਈਡ) ਅਤੇ ਪਿੰਡਾਂ ਦਾ ਮੁੱਖ ਮਾਰਗ ਨਾਲੋਂ ਟੁੱਟ ਜਾਣਾ ਆਮ ਜਿਹੀਆਂ ਗੱਲਾਂ ਬਣ ਗਈਆਂ ਹਨ। ਪਰ ਇਸ ਦੇ ਨਾਲ ਹੀ ਇੱਕ ਹੋਰ ਸੰਕਟ (ਜੋ ਭਾਵੇਂ ਚੁੱਪਚਾਪ ਆਉਂਦਾ ਹੈ ਪਰ ਓਨਾ ਹੀ ਖ਼ਤਰਨਾਕ ਹੁੰਦਾ ਹੈ) ਅਕਸਰ ਅਣਗੌਲਿਆ ਰਹਿ ਜਾਂਦਾ ਹੈ ਤੇ ਉਹ ਹੈ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਸਾਰਾ। ਤਾਜ਼ਾ ਮਿਸਾਲ ਕੁੱਲੂ ਦੀ ਹੈ, ਜਿੱਥੇ ਪੀਲੀਆ ਫੈਲਣ ਕਾਰਨ ਬੱਚਿਆਂ ਅਤੇ ਨੌਜਵਾਨਾਂ ਸਮੇਤ ਘੱਟੋ-ਘੱਟ 38 ਲੋਕ ਬਿਮਾਰ ਹੋ ਗਏ ਹਨ। ਇਸ ਤੋਂ ਇਲਾਵਾ ਸ਼ਿਮਲਾ ਵਿੱਚ ਪੀਲੀਏ, ਦਸਤ, ਹੈਜ਼ੇ ਅਤੇ ਟਾਈਫਾਈਡ ਨੂੰ ਲੈ ਕੇ ਜਾਰੀ ਕੀਤੀ ਗਈ ਸਿਹਤ ਚੇਤਾਵਨੀ ਨੂੰ ਮਹਿਜ਼ ਮੌਸਮੀ ਪ੍ਰੇਸ਼ਾਨੀ ਨਹੀਂ ਸਗੋਂ ਜਨਤਕ ਸਿਹਤ ਲਈ ਇੱਕ ਫ਼ੌਰੀ ਅਤੇ ਗੰਭੀਰ ਖ਼ਤਰਾ ਸਮਝਣਾ ਚਾਹੀਦਾ ਹੈ। ਭਾਰੀ ਮੀਂਹ ਨੇ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਸੜਕਾਂ, ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪਹਾੜ ਖਿਸਕਣ ਅਤੇ ਪਾਣੀ ਦੀਆਂ ਪਾਈਪਲਾਈਨਾਂ ਟੁੱਟਣ ਕਾਰਨ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਰਲਣ ਦਾ ਡਰ ਕਈ ਗੁਣਾਂ ਵਧ ਜਾਂਦਾ ਹੈ। ਇਸ ਤੋਂ ਇਲਾਵਾ ਪਾਣੀ ਵਿੱਚ ਗੰਦਗੀ ਅਤੇ ਮਿੱਟੀ ਵਧਣ ਨਾਲ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟਾਂ ਦੀ ਕਾਰਗੁਜ਼ਾਰੀ ਵੀ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਬਿਮਾਰੀ ਫੈਲਾਉਣ ਵਾਲੇ ਕਿਟਾਣੂਆਂ ਨੂੰ ਵਧਣ-ਫੁੱਲਣ ਲਈ ਅਨੁਕੂਲ ਮਾਹੌਲ ਮਿਲ ਜਾਂਦਾ ਹੈ। ਅਜਿਹੇ ਨਾਜ਼ੁਕ ਹਾਲਾਤ ਵਿੱਚ ਮਾਸੂਮ ਬੱਚੇ, ਬਜ਼ੁਰਗ ਅਤੇ ਦੂਰ-ਦੁਰਾਡੇ ਪਹਾੜੀ ਪਿੰਡਾਂ ਵਿੱਚ ਵੱਸਦੇ ਲੋਕ ਇਸ ਮਾਰ ਦਾ ਸਭ ਤੋਂ ਵੱਡਾ ਸ਼ਿਕਾਰ ਬਣਦੇ ਹਨ।

ਪ੍ਰਸ਼ਾਸਨ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਨ, ਪਾਈਪਲਾਈਨਾਂ ਦਾ ਮੁਆਇਨਾ ਕਰਨ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਵਰਤਣ ਦੀ ਸਲਾਹ ਦੇਣ ਦਾ ਸਹੀ ਕਦਮ ਚੁੱਕਿਆ ਹੈ। ਪਰ ਇਹ ਉਪਰਾਲੇ ਲੰਬੇ ਸਮੇਂ ਲਈ ਪਾਣੀ ਦੇ ਮਜ਼ਬੂਤ ਅਤੇ ਟਿਕਾਊ ਬੁਨਿਆਦੀ ਢਾਂਚੇ ਵਿੱਚ ਵੱਡੇ ਨਿਵੇਸ਼ ਦਾ ਬਦਲ ਨਹੀਂ ਹੋ ਸਕਦੇ। ਹਿਮਾਚਲ ਪਹਿਲਾਂ ਵੀ ਪਾਣੀ ਦੇ ਗੰਧਲੇ ਹੋਣ ਦੀਆਂ ਗੰਭੀਰ ਘਟਨਾਵਾਂ ਦੇਖ ਚੁੱਕਾ ਹੈ ਅਤੇ ਹਰ ਵਾਰ ਅਜਿਹਾ ਮੁੜ ਵਾਪਰਨਾ ਸਾਡੀ ਪੁਰਾਣੀ ਹੋ ਚੁੱਕੀ ਪਾਣੀ ਵੰਡ ਪ੍ਰਣਾਲੀ, ਨਾਕਾਫ਼ੀ ਸੀਵਰੇਜ ਪ੍ਰਬੰਧਨ ਅਤੇ ਸਮੇਂ ਸਿਰ ਮੁਰੰਮਤ ਨਾ ਹੋਣ ਦੇ ਭਾਰੀ ਖ਼ਮਿਆਜ਼ੇ ਨੂੰ ਉਜਾਗਰ ਕਰਦਾ ਹੈ। ਬਿਮਾਰੀ ਹੋਣ ਤੋਂ ਬਾਅਦ ਜਾਨਾਂ ਖ਼ਤਰੇ ਵਿੱਚ ਪੈਣ ’ਤੇ ਇਲਾਜ ਕਰਵਾਉਣ ਨਾਲੋਂ ਇਸ ਨੂੰ ਪਹਿਲਾਂ ਹੀ ਰੋਕਣਾ ਕਿਤੇ ਵੱਧ ਸਸਤਾ ਅਤੇ ਮਨੁੱਖੀ ਪੱਖੋਂ ਵੱਡਾ ਹਿਤਕਾਰੀ ਕਦਮ ਹੈ।

Advertisement

ਇਹ ਚੁਣੌਤੀ ਸਿਰਫ਼ ਹਸਪਤਾਲਾਂ ਤੱਕ ਹੀ ਸੀਮਤ ਨਹੀਂ ਹੈ। ਸਾਫ਼ ਪੀਣ ਵਾਲਾ ਪਾਣੀ, ਸਾਫ਼-ਸਫ਼ਾਈ, ਪੌਸ਼ਟਿਕ ਖ਼ੁਰਾਕ ਅਤੇ ਲੋਕਾਂ ਵਿੱਚ ਜਾਗਰੂਕਤਾ, ਇਹ ਸਾਰੇ ਸਿਹਤ ਸੰਭਾਲ ਦੇ ਅਨਿੱਖੜਵੇਂ ਅੰਗ ਹਨ। ਸਥਾਨਕ ਸਰਕਾਰਾਂ, ਪਾਣੀ ਦੀ ਸਪਲਾਈ ਕਰਨ ਵਾਲੇ ਅਦਾਰੇ, ਆਫ਼ਤ ਪ੍ਰਬੰਧਨ ਏਜੰਸੀਆਂ ਅਤੇ ਸਿਹਤ ਵਿਭਾਗ ਨੂੰ ਇੱਕ-ਦੂਜੇ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ, ਖ਼ਾਸਕਰ ਬਰਸਾਤ ਦੇ ਦਿਨਾਂ ਵਿੱਚ ਜਦੋਂ ਪਾਣੀ ਦੀ ਸਪਲਾਈ ਵਿੱਚ ਹਰ ਇੱਕ ਵਿਘਨ ਜਨਤਕ ਸਿਹਤ ਲਈ ਇੱਕ ਵੱਡੀ ਐਮਰਜੈਂਸੀ ਬਣ ਸਕਦਾ ਹੈ। ਆਮ ਨਾਗਰਿਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਕੁੱਝ ਸਾਵਧਾਨੀਆਂ ਜਿਵੇਂ ਪਾਣੀ ਉਬਾਲ ਕੇ ਪੀਣਾ, ਹੱਥਾਂ ਦੀ ਸਫ਼ਾਈ ਰੱਖਣਾ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣਾ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

Advertisement

Advertisement
×