ਹਾਕੀ ਦਾ ਭਗਵਾਕਰਨ ?
ਹਾਕੀ ਇੰਡੀਆ ਵੱਲੋਂ ਆਉਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਨੀਲੇ ਰੰਗ ਦੀ ਰਵਾਇਤੀ ਜਰਸੀ ਨੂੰ ਬਦਲ ਕੇ ਕੇਸਰੀ ਰੰਗ ਦੀ ਨਵੀਂ ਕਿੱਟ ਪਾਉਣ ਦੇ ਫ਼ੈਸਲੇ ਨਾਲ ਖੇਡ ਅਤੇ ਰਾਜਨੀਤਕ ਹਲਕਿਆਂ ਵਿੱਚ ਭਖਵੀਂ ਬਹਿਸ ਛਿੜ ਗਈ ਹੈ। ਫੈਡਰੇਸ਼ਨ ਦਾ...
ਹਾਕੀ ਇੰਡੀਆ ਵੱਲੋਂ ਆਉਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਨੀਲੇ ਰੰਗ ਦੀ ਰਵਾਇਤੀ ਜਰਸੀ ਨੂੰ ਬਦਲ ਕੇ ਕੇਸਰੀ ਰੰਗ ਦੀ ਨਵੀਂ ਕਿੱਟ ਪਾਉਣ ਦੇ ਫ਼ੈਸਲੇ ਨਾਲ ਖੇਡ ਅਤੇ ਰਾਜਨੀਤਕ ਹਲਕਿਆਂ ਵਿੱਚ ਭਖਵੀਂ ਬਹਿਸ ਛਿੜ ਗਈ ਹੈ। ਫੈਡਰੇਸ਼ਨ ਦਾ ਦਾਅਵਾ ਹੈ ਕਿ ਨੀਲੇ ਰੰਗ ਦੇ ਟਰਫ਼ (ਮੈਦਾਨ) ਉੱਤੇ ਸਾਫ਼ ਦਿਖਾਈ ਦੇਣ ਲਈ ਇਹ ਬਦਲਾਅ ਤਕਨੀਕੀ ਤੌਰ ’ਤੇ ਜ਼ਰੂਰੀ ਸੀ ਪਰ ਕੁਝ ਪੁਰਾਣੇ ਖਿਡਾਰੀਆਂ, ਪ੍ਰਬੰਧਕਾਂ ਅਤੇ ਹਾਕੀ ਪ੍ਰਸ਼ੰਸਕਾਂ ਦੇ ਇੱਕ ਵਰਗ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਰਾਸ਼ਟਰੀ ਖੇਡ ਦੇ ਕਥਿਤ ‘ਭਗਵਾਕਰਨ’ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਲਗਪਗ ਇੱਕ ਸਦੀ ਤੋਂ ਨੀਲੀ ਜਰਸੀ ਭਾਰਤੀ ਹਾਕੀ ਦੇ ਸੁਨਹਿਰੀ ਸਫ਼ਰ (ਅੱਠ ਓਲੰਪਿਕ ਸੋਨ ਤਗ਼ਮੇ, 1975 ਦੇ ਵਿਸ਼ਵ ਕੱਪ ਦੀ ਜਿੱਤ ਅਤੇ ਹਾਲ ਹੀ ਦੇ ਸਾਲਾਂ ਵਿੱਚ ਮੁੜ ਉਭਾਰ) ਦੀ ਪ੍ਰਤੀਕ ਰਹੀ ਹੈ। ਖੇਡਾਂ ਦੀ ਪਛਾਣ ਦਹਾਕਿਆਂ ਵਿੱਚ ਬਣਦੀ ਹੈ ਅਤੇ ਰੰਗ ਅਕਸਰ ਟੀਮ ਦੇ ਵਿਰਸੇ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਜਿਵੇਂ ਬ੍ਰਾਜ਼ੀਲ ਪੀਲੇ ਅਤੇ ਅਰਜਨਟੀਨਾ ਹਲਕੇ ਨੀਲੇ ਤੇ ਚਿੱਟੇ ਰੰਗ ਨਾਲ ਜੁੜਿਆ ਹੋਇਆ ਹੈ, ਉਸੇ ਤਰ੍ਹਾਂ ਭਾਰਤੀ ਹਾਕੀ ਖਿਡਾਰੀਆਂ ਨੂੰ ਲੰਬੇ ਸਮੇਂ ਤੋਂ ‘ਮੈਨ/ਵੁਮੈਨ ਇਨ ਬਲੂ’ (ਨੀਲੀ ਜਰਸੀ ਵਾਲੇ ਖਿਡਾਰੀ) ਵਜੋਂ ਪਛਾਣਿਆ ਜਾਂਦਾ ਰਿਹਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਹਾਕੀ ਵਿੱਚ 14 ਸਾਲ ਪਹਿਲਾਂ (2012 ਦੇ ਲੰਡਨ ਓਲੰਪਿਕ ਵਿੱਚ) ਨੀਲਾ ਟਰਫ਼ ਅਪਣਾਇਆ ਗਿਆ ਸੀ, ਫਿਰ ਵੀ ਭਾਰਤ ਨੇ ਨੀਲੀ ਜਰਸੀ ਪਹਿਨ ਕੇ ਹੀ (2021 ਅਤੇ 2024 ਦੇ ਓਲੰਪਿਕ ਤਗ਼ਮਿਆਂ ਸਮੇਤ) ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ। ਇਸੇ ਤਰ੍ਹਾਂ ਪਾਕਿਸਤਾਨੀ ਟੀਮ ਨੇ ਵੀ ਹਰੇ ਰੰਗ ਦੇ ਮੈਦਾਨਾਂ ’ਤੇ ਹਰੀ ਜਰਸੀ ਪਹਿਨ ਕੇ ਵੱਡੇ ਟੂਰਨਾਮੈਂਟ ਜਿੱਤੇ ਹਨ, ਜਿਸ ਨਾਲ ਰੰਗ ਰਲਣ ਕਰਕੇ ਨਜ਼ਰ ਆਉਣ ਵਿੱਚ ਮੁਸ਼ਕਲ ਆਉਣ ਵਾਲੀ ਦਲੀਲ ਕਮਜ਼ੋਰ ਪੈ ਜਾਂਦੀ ਹੈ। ਇਸ ਫ਼ੈਸਲੇ ਤੋਂ ਪਹਿਲਾਂ ਕਈ ਮੌਜੂਦਾ ਖਿਡਾਰੀਆਂ ਨਾਲ ਸਲਾਹ ਤੱਕ ਨਹੀਂ ਕੀਤੀ ਗਈ, ਇਸ ਰਿਪੋਰਟ ਨੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵਿਵਾਦ ਇਸ ਤੋਂ ਮਾੜੇ ਸਮੇਂ ’ਤੇ ਨਹੀਂ ਸੀ ਆ ਸਕਦਾ। ਭਾਰਤੀ ਪੁਰਸ਼ ਹਾਕੀ ਟੀਮ ਲੰਮੇ ਸਮੇਂ ਬਾਅਦ, ਯਾਨੀ ਪਿਛਲੇ ਪੰਜ ਦਹਾਕਿਆਂ ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਤਗ਼ਮਾ ਜਿੱਤਣ ਦੇ ਵੱਡੇ ਨਿਸ਼ਾਨੇ ਵੱਲ ਪੂਰੇ ਜੋਸ਼ ਨਾਲ ਅੱਗੇ ਵਧ ਰਹੀ ਹੈ। ਅਜਿਹੇ ਅਹਿਮ ਅਤੇ ਫ਼ੈਸਲਾਕੁਨ ਦੌਰ ਵਿੱਚ ਮੈਦਾਨ ਤੋਂ ਬਾਹਰ ਉੱਠ ਰਹੇ ਇਨ੍ਹਾਂ ਬੇਲੋੜੇ ਵਿਵਾਦਾਂ ਕਾਰਨ ਖਿਡਾਰੀਆਂ ਦੀ ਮਾਨਸਿਕ ਇਕਾਗਰਤਾ ਭੰਗ ਹੋ ਸਕਦੀ ਹੈ ਅਤੇ ਉਹ ਆਪਣੇ ਅਸਲ ਟੀਚੇ ਤੋਂ ਭਟਕ ਸਕਦੇ ਹਨ। ਇਸ ਲਈ ਹੁਣ ਸਮੇਂ ਦੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਬਹਿਸਾਂ ਨੂੰ ਛੱਡ ਕੇ ਸਾਰਾ ਧਿਆਨ ਸਿਰਫ਼ ਅਤੇ ਸਿਰਫ਼ ਮੈਦਾਨ ਉੱਤੇ ਹੋਣ ਵਾਲੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਹੀ ਕੇਂਦਰਿਤ ਕੀਤਾ ਜਾਵੇ। ਇਸ ਸਮੁੱਚੇ ਅਤੇ ਨਾਖ਼ੁਸ਼ਗਵਾਰ ਘਟਨਾਕ੍ਰਮ ਤੋਂ ਦੇਸ਼ ਦੇ ਖੇਡ ਜਗਤ ਨੂੰ ਸਭ ਤੋਂ ਵੱਡਾ ਸਬਕ ਇਹ ਮਿਲਦਾ ਹੈ ਕਿ ਸਾਡੀਆਂ ਕੌਮੀ ਖੇਡਾਂ ਨੂੰ ਹਰ ਹਾਲਤ ਅਤੇ ਹਰ ਕੀਮਤ ’ਤੇ ਸਿਆਸੀ ਦਖ਼ਲਅੰਦਾਜ਼ੀ ਤੋਂ ਦੂਰ ਰੱਖਣਾ ਚਾਹੀਦਾ ਹੈ।

