DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਮੁੰਦਰੀ ਕਾਮਿਆਂ ਦੀ ਸੁਰੱਖਿਆ

ਪੱਛਮੀ ਏਸ਼ੀਆ ਵਿੱਚ ਵਧ ਰਹੇ ਜੰਗੀ ਤਣਾਅ ਅਤੇ ਖ਼ਾਸਕਰ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਨੇ ਭਾਰਤ ਸਰਕਾਰ ਨੂੰ ਭਾਰਤੀ ਸਮੁੰਦਰੀ ਕਾਮਿਆਂ ਦੀ ਹਰ ਪਲ ਦੀ ਲੋਕੇਸ਼ਨ ’ਤੇ ਨਜ਼ਰ ਰੱਖਣ ਲਈ ਇੱਕ ਰੀਅਲ-ਟਾਈਮ ਆਪਰੇਸ਼ਨਲ ਡੈਸ਼ਬੋਰਡ ਤਿਆਰ ਕਰਨ...

  • fb
  • twitter
  • whatsapp
  • whatsapp
Advertisement

ਪੱਛਮੀ ਏਸ਼ੀਆ ਵਿੱਚ ਵਧ ਰਹੇ ਜੰਗੀ ਤਣਾਅ ਅਤੇ ਖ਼ਾਸਕਰ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਨੇ ਭਾਰਤ ਸਰਕਾਰ ਨੂੰ ਭਾਰਤੀ ਸਮੁੰਦਰੀ ਕਾਮਿਆਂ ਦੀ ਹਰ ਪਲ ਦੀ ਲੋਕੇਸ਼ਨ ’ਤੇ ਨਜ਼ਰ ਰੱਖਣ ਲਈ ਇੱਕ ਰੀਅਲ-ਟਾਈਮ ਆਪਰੇਸ਼ਨਲ ਡੈਸ਼ਬੋਰਡ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹ ਕਦਮ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਜਿਸ ਨੇ ਭੂ-ਸਿਆਸੀ ਟਕਰਾਵਾਂ ’ਚ ਫਸੇ ਸਮੁੰਦਰੀ ਜਹਾਜ਼ਾਂ ਦੇ ਅਮਲੇ ਦੀ ਸੁਰੱਖਿਆ ਨੂੰ ਵੱਡੇ ਖ਼ਤਰੇ ਵਿੱਚ ਪਾ ਦਿੱਤਾ ਹੈ। ਭਾਰਤ ਦੁਨੀਆ ਭਰ ਨੂੰ ਹੁਨਰਮੰਦ ਸਮੁੰਦਰੀ ਕਾਮੇ ਦੇਣ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੋਂ ਦੇ ਹਜ਼ਾਰਾਂ ਸਮੁੰਦਰੀ ਕਾਮੇ ਕੌਮਾਂਤਰੀ ਸਮੁੰਦਰੀ ਪਾਣੀਆਂ ਵਿੱਚ ਵਿਦੇਸ਼ੀ ਝੰਡਿਆਂ ਵਾਲੇ ਜਹਾਜ਼ਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਦੀ ਲੜੀ ਨੂੰ ਨਿਰਵਿਘਨ ਚਲਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ। ਇਸ ਦੇ ਬਾਵਜੂਦ ਉਹ ਅਕਸਰ ਬਿਨਾਂ ਕਿਸੇ ਪੁਖ਼ਤਾ ਸੁਰੱਖਿਆ ਇੰਤਜ਼ਾਮ ਜਾਂ ਆਪਸੀ ਤਾਲਮੇਲ ਕਾਰਨ ਪੈਦਾ ਹੋਏ ਖ਼ਤਰਿਆਂ ਮੌਕੇ ਬੇਵੱਸ ਤੇ ਬੇਸਹਾਰਾ ਰਹਿ ਜਾਂਦੇ ਹਨ। ਇਸ ਸੰਦਰਭ ਵਿੱਚ ਸਰਕਾਰ ਦੀ ‘ਸੀਫੇਅਰਰ ਫਸਟ’ (ਨਾਵਿਕ ਪਹਿਲਾਂ) ਪਹੁੰਚ ਸੰਕਟ ਦੇ ਸਮੇਂ ਸਿਰਫ਼ ਬਚਾਅ ਕਾਰਜ ਕਰਨ ਦੀ ਬਜਾਏ ਪਹਿਲਾਂ ਤੋਂ ਹੀ ਚੌਕਸ ਰਹਿਣ ਅਤੇ ਪੂਰੀ ਤਿਆਰੀ ਰੱਖਣ ਵੱਲ ਇੱਕ ਵੱਡਾ ਬਦਲਾਅ ਹੈ।

ਤਜਵੀਜ਼ਸ਼ੁਦਾ ਡੈਸ਼ਬੋਰਡ ਜਹਾਜ਼ ਦੀ ਮੌਜੂਦਾ ਲੋਕੇਸ਼ਨ, ਇਸ ਦੀ ਮਾਲਕੀ, ਚਾਲਕ ਦਲ ਦੀ ਭਲਾਈ, ਲੱਦੇ ਹੋਏ ਮਾਲ, ਖ਼ਤਰੇ ਦੇ ਮੁਲਾਂਕਣ ਅਤੇ ਯਾਤਰਾ ਦੇ ਵੇਰਵਿਆਂ ਬਾਰੇ ਤੁਰੰਤ ਜਾਣਕਾਰੀ ਪ੍ਰਦਾਨ ਕਰੇਗਾ। ਇਸ ਨਾਲ ਨਿਗਰਾਨੀ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਮਦਦ ਪਹੁੰਚਾਉਣ ਵਿੱਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਪ੍ਰਭਾਵਿਤ ਸਮੁੰਦਰੀ ਕਾਮਿਆਂ ਦੀ ਮਦਦ ਲਈ ਵਿਸ਼ੇਸ਼ ਸੰਪਰਕ ਅਫਸਰਾਂ ਦੀ ਨਿਯੁਕਤੀ ਕੀਤੇ ਜਾਣ ਦੀ ਉਮੀਦ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਜਾਣਕਾਰੀ, ਡਾਕਟਰੀ ਸਹਾਇਤਾ, ਵਤਨ ਵਾਪਸੀ ਵਿੱਚ ਮਦਦ ਅਤੇ ਮੁਆਵਜ਼ੇ ਬਾਰੇ ਸਹੀ ਸੇਧ ਮਿਲ ਸਕੇ। ਅਜਿਹੇ ਢਾਂਚਾਗਤ ਪ੍ਰਬੰਧ ਕਿਸੇ ਵੀ ਐਮਰਜੈਂਸੀ ਦੌਰਾਨ ਪਰਿਵਾਰਾਂ ਦੀ ਬੇਚੈਨੀ ਅਤੇ ਡਾਵਾਂਡੋਲ ਸਥਿਤੀ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦੇ ਹਨ।

Advertisement

ਭਾਰਤ ਲਈ ਜਹਾਜ਼ਰਾਨੀ ਦੀ ਸੁਤੰਤਰਤਾ ਨੂੰ ਬਰਕਰਾਰ ਰੱਖਣ, ਖੇਤਰੀ ਹਕੂਮਤਾਂ ਨਾਲ ਸਰਗਰਮ ਰਾਬਤਾ ਬਣਾਉਣ ਅਤੇ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਪਣੇ ਸਫ਼ਾਰਤੀ ਯਤਨਾਂ ਨੂੰ ਲਗਾਤਾਰ ਜਾਰੀ ਰੱਖਣਾ ਬੇਹੱਦ ਲਾਜ਼ਮੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਭਾਰਤੀ ਸਮੁੰਦਰੀ ਕਾਮਿਆਂ ਦੀਆਂ ਮੌਤਾਂ ਦਾ ਕਾਰਨ ਬਣੇ ਜਹਾਜ਼ਾਂ ’ਤੇ ਹੋਏ ਹਮਲਿਆਂ ਵਿਰੁੱਧ ਸਖ਼ਤ ਰੋਸ ਦਰਜ ਕਰਵਾਉਣ ਲਈ ਕੇਂਦਰ ਸਰਕਾਰ ਨੇ ਅਮਰੀਕਾ ਅਤੇ ਇਰਾਨ ਦੋਵਾਂ ਦੇ ਸਫ਼ੀਰਾਂ ਨੂੰ ਤਲਬ ਕੀਤਾ ਹੈ। ਹੋਰਮੁਜ਼ ਜਲਡਮਰੂ ਵਰਗੇ ਅਹਿਮ ਰਣਨੀਤਕ ਜਲਮਾਰਗਾਂ ਵਿੱਚ ਕੋਈ ਵੀ ਵਿਘਨ ਨਾ ਸਿਰਫ਼ ਊਰਜਾ ਦੀ ਸਪਲਾਈ ਅਤੇ ਆਲਮੀ ਵਪਾਰ ਲਈ ਵੱਡੀ ਚੁਣੌਤੀ ਬਣਦਾ ਹੈ ਸਗੋਂ ਇਨ੍ਹਾਂ ਰਸਤਿਆਂ ਨੂੰ ਚਾਲੂ ਰੱਖਣ ਲਈ ਦਿਨ-ਰਾਤ ਜੂਝ ਰਹੇ ਕਾਮਿਆਂ ਦੀਆਂ ਜਾਨਾਂ ਨੂੰ ਵੀ ਸਿੱਧੇ ਖ਼ਤਰੇ ਵਿੱਚ ਪਾਉਂਦਾ ਹੈ। ਇਸ ਲਈ ਭਾਰਤੀ ਸਮੁੰਦਰੀ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਿਰਫ਼ ਇੱਕ ਮਾਨਵੀ ਸਰੋਕਾਰ ਨਹੀਂ ਸਗੋਂ ਦੇਸ਼ ਦੀ ਇੱਕ ਅਹਿਮ ਰਣਨੀਤਕ ਤਰਜੀਹ ਹੋਣੀ ਚਾਹੀਦੀ ਹੈ।

Advertisement

Advertisement
×