ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ
ਪੰਚਕੂਲਾ ਦੇ ਇੱਕ ਸਕੂਲ ਵਿੱਚ ਅੱਠ ਸਾਲ ਦੇ ਬੱਚੇ ਵੱਲੋਂ ਵਿਸ਼ੇਸ਼ ਲੋੜਾਂ ਵਾਲੀ ਛੇ ਸਾਲ ਦੀ ਮਾਸੂਮ ਬੱਚੀ ਉੱਤੇ ਬੇਰਹਿਮੀ ਨਾਲ ਕੀਤੇ ਹਮਲੇ ਨੇ ਸਿੱਖਿਆ ਜਗਤ ਨਾਲ ਜੁੜੇ ਹਰ ਵਿਅਕਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਿਲਕੁਲ...
ਪੰਚਕੂਲਾ ਦੇ ਇੱਕ ਸਕੂਲ ਵਿੱਚ ਅੱਠ ਸਾਲ ਦੇ ਬੱਚੇ ਵੱਲੋਂ ਵਿਸ਼ੇਸ਼ ਲੋੜਾਂ ਵਾਲੀ ਛੇ ਸਾਲ ਦੀ ਮਾਸੂਮ ਬੱਚੀ ਉੱਤੇ ਬੇਰਹਿਮੀ ਨਾਲ ਕੀਤੇ ਹਮਲੇ ਨੇ ਸਿੱਖਿਆ ਜਗਤ ਨਾਲ ਜੁੜੇ ਹਰ ਵਿਅਕਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਸਕੂਲ ਕੈਂਪਸ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਹਰਿਆਣਾ ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿੱਚ ਦੋ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂਕਿ ਬੱਚੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ ਸੀ, ਅਧਿਆਪਕਾਂ ਦੀਆਂ ਡਿਊਟੀਆਂ ਕਿਤੇ ਹੋਰ ਲਾਈਆਂ ਗਈਆਂ ਸਨ ਅਤੇ ਪ੍ਰਿੰਸੀਪਲ ਵੀ ਸਕੂਲ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਹੀ ਚਲੇ ਗਏ ਸਨ। ਸਕੂਲ ਪ੍ਰਬੰਧਕਾਂ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਪੁਣੇ ਦੇ ਇੱਕ ਸਕੂਲ ਵਿੱਚ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਵੀਂ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਕੁੜੀ ਨੂੰ ਚਾਕੂ ਮਾਰਨ ਦੀ ਘਟਨਾ ਤੋਂ ਕੁਝ ਹੀ ਦਿਨਾਂ ਬਾਅਦ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਸਕੂਲ ਸਿਰਫ਼ ਇਸ ਆਧਾਰ ਉੱਤੇ ਸੁਰੱਖਿਆ ਯਕੀਨੀ ਹੋਣ ਦਾ ਦਾਅਵਾ ਨਹੀਂ ਕਰ ਸਕਦੇ ਕਿ ਉੱਥੇ ਕੈਮਰੇ ਲੱਗੇ ਹੋਏ ਹਨ ਜਾਂ ਸਟਾਫ਼ ਤਾਇਨਾਤ ਹੈ। ਬੱਚਿਆਂ ਦੀ, ਖ਼ਾਸ ਕਰਕੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਗਾਤਾਰ ਦੇਖ-ਰੇਖ, ਸਖ਼ਤ ਨਿਗਰਾਨੀ ਅਤੇ ਸਮੇਂ ਸਿਰ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ। ਪੂਰੇ ਹਰਿਆਣਾ ਦੇ ਸਕੂਲਾਂ ਦੀ ਸੁਝਾਈ ਗਈ ਸੁਰੱਖਿਆ ਆਡਿਟ ਦਾ ਨਤੀਜਾ ਅਜਿਹੇ ਸਖ਼ਤ ਨਿਯਮਾਂ, ਨਿਯਮਿਤ ਜਾਂਚ, ਲੋੜੀਂਦੇ ਸਟਾਫ ਅਤੇ ਚਲਦੇ ਕੈਮਰਿਆਂ ਦੇ ਰੂਪ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ, ਜੋ ਜ਼ਮੀਨੀ ਪੱਧਰ ਉੱਤੇ ਲਾਗੂ ਹੋਣ। ਇਸ ਦੇ ਨਾਲ ਹੀ ਤੀਜੀ ਜਮਾਤ ਦੇ ਦੋਸ਼ੀ ਬੱਚੇ ਨਾਲ ਬਾਲ ਨਿਆਂ (ਜੁਵੇਨਾਈਲ ਜਸਟਿਸ) ਦੇ ਕਾਨੂੰਨੀ ਨਿਯਮਾਂ ਅਨੁਸਾਰ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ। ਉਸ ਦੀ ਮਾਨਸਿਕ ਜਾਂਚ, ਕਾਊਂਸਲਿੰਗ ਅਤੇ ਉਸ ਦੇ ਪਰਿਵਾਰਕ ਤੇ ਸਮਾਜਿਕ ਮਾਹੌਲ ਦੀ ਘੋਖ ਕਰਨੀ ਬਹੁਤ ਜ਼ਰੂਰੀ ਹੈ। ਸਕੂਲੀ ਬੱਚਿਆਂ ਵਿੱਚ ਵਧ ਰਹੀ ਹਿੰਸਾ ਅਤੇ ਅਨੁਸ਼ਾਸਨਹੀਣਤਾ ਦੀਆਂ ਜੜ੍ਹਾਂ ਨੂੰ ਸਿਰਫ਼ ਸਜ਼ਾ ਦੇਣ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ।
ਮਾਪੇ ਹਮੇਸ਼ਾ ਇਹੋ ਆਸ ਰੱਖਦੇ ਹਨ ਕਿ ਸਕੂਲ ਉਨ੍ਹਾਂ ਦੇ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਆ ਮਾਹੌਲ ਦੇਣਗੇ। ਪੰਚਕੂਲਾ ਅਤੇ ਪੁਣੇ ਦੀਆਂ ਇਨ੍ਹਾਂ ਘਟਨਾਵਾਂ ਨੂੰ ਇੱਕ ਵੱਡੀ ਚਿਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਕਿਸੇ ਵੀ ਬੱਚੇ ਨੂੰ ਜਮਾਤ ਦੇ ਅੰਦਰ ਜਾਂ ਬਾਹਰ ਆਪਣੀ ਸੁਰੱਖਿਆ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਜਿਹੜਾ ਸਕੂਲ ਆਪਣੇ ਵਿਦਿਆਰਥੀਆਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਆਪਣੇ ਸਭ ਤੋਂ ਮੁੱਢਲੇ ਫ਼ਰਜ਼ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ।

