ਸੁਰੱਖਿਅਤ ਸੜਕਾਂ
ਭਾਰਤ ਵਿੱਚ ਸੜਕ ਸੁਰੱਖਿਆ ਮਾਪਦੰਡਾਂ ਬਹੁਤੇ ਸਖ਼ਤ ਨਹੀਂ ਹਨ। ਇਸ ਦੇ ਬਾਵਜੂਦ ਸੜਕੀ ਆਵਾਜਾਈ ਮੰਤਰਾਲੇ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਦੇਸ਼ ਦੇ 40 ਕਰੋੜ ਵਾਹਨਾਂ ਵਿੱਚੋਂ 70 ਫ਼ੀਸਦੀ ਤੋਂ ਵੱਧ ਕਾਨੂੰਨੀ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ। ਇਹ ਇੱਕ ਭਿਆਨਕ...
ਭਾਰਤ ਵਿੱਚ ਸੜਕ ਸੁਰੱਖਿਆ ਮਾਪਦੰਡਾਂ ਬਹੁਤੇ ਸਖ਼ਤ ਨਹੀਂ ਹਨ। ਇਸ ਦੇ ਬਾਵਜੂਦ ਸੜਕੀ ਆਵਾਜਾਈ ਮੰਤਰਾਲੇ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਦੇਸ਼ ਦੇ 40 ਕਰੋੜ ਵਾਹਨਾਂ ਵਿੱਚੋਂ 70 ਫ਼ੀਸਦੀ ਤੋਂ ਵੱਧ ਕਾਨੂੰਨੀ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ। ਇਹ ਇੱਕ ਭਿਆਨਕ ਸਚਾਈ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਗਏ ਇਸ ਡੇਟਾ ਅਨੁਸਾਰ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਇਨ੍ਹਾਂ ਵਾਹਨਾਂ ਵਿੱਚੋਂ ਇੱਕ-ਤਿਹਾਈ ਤੋਂ ਵੱਧ ਹਿੱਸਾ ਦੋਪਹੀਆ ਵਾਹਨਾਂ ਦਾ ਹੈ। ਭਾਵੇਂ ਵਾਹਨ ਫਿਟਨੈੱਸ ਸਰਟੀਫਿਕੇਟ ਨਾ ਹੋਵੇ, ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਾ ਹੋਵੇ ਜਾਂ ਵਾਹਨ ਦਾ ਬੀਮਾ ਹੀ ਨਾ ਕਰਵਾਇਆ ਹੋਵੇ, ਅਜਿਹੀਆਂ ਉਲੰਘਣਾਵਾਂ ਕਰਨ ਵਾਲਿਆਂ ਨੂੰ ਅਕਸਰ ਛੋਟ ਮਿਲ ਹੀ ਜਾਂਦੀ ਹੈ। ਅਜਿਹੀ ਲਾਪਰਵਾਹੀ ਨਾਲ ਸੁਰੱਖਿਆ ਦਾ ਭਰਮ ਪੈਦਾ ਹੋ ਸਕਦਾ ਹੈ ਅਤੇ ਅਜਿਹੇ ਵਾਹਨ ਦਾ ਚਾਲਕ ਨਾ ਸਿਰਫ਼ ਖ਼ੁਦ ਲਈ ਸਗੋਂ ਸੜਕ ’ਤੇ ਸਫ਼ਰ ਕਰਨ ਵਾਲੇ ਹੋਰਨਾਂ ਲਈ ਵੀ ਖ਼ਤਰਾ ਬਣ ਸਕਦਾ ਹੈ। ਪ੍ਰਸਤਾਵਿਤ ਢਾਂਚੇ ਤਹਿਤ ਜੇਕਰ ਵਾਹਨ ਦਾ ਮਾਲਕ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਕਰੇਗਾ ਤਾਂ ਵਾਹਨ ਦੀ ਰਜਿਸਟਰੇਸ਼ਨ ਆਪਣੇ ਆਪ ਰੱਦ ਹੋ ਜਾਵੇਗੀ। ਰੈਗੂਲੇਟਰੀ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਇਹ ਇੱਕ ਬਹੁਤ ਜ਼ਰੂਰੀ ਕਦਮ ਹੈ।
ਚੁਣੌਤੀ ਸਿਰਫ਼ ਵਾਹਨ ਡੇਟਾਬੇਸ ਨੂੰ ਸਾਫ਼-ਸੁਥਰਾ ਬਣਾਉਣ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਭੇਜਣ ਤੱਕ ਸੀਮਤ ਨਹੀਂ ਹੈ। ਲੋਕਾਂ ਨੂੰ ਸੜਕਾਂ ਉੱਤੇ ਜ਼ਿੰਮੇਵਾਰਾਨਾ ਢੰਗ ਨਾਲ ਵਿਹਾਰ ਕਰਨ ਪ੍ਰਤੀ ਜਾਗਰੂਕ ਕਰਨਾ ਇਸ ਤੋਂ ਵੀ ਕਿਤੇ ਵੱਡਾ ਕੰਮ ਹੈ। ਇਸ ਮਾਮਲੇ ਵਿੱਚ ਹੁਣ ਤੱਕ ਸਮੂਹਕ ਭਾਗੀਦਾਰੀ ਨਿਰਾਸ਼ਾਜਨਕ ਹੀ ਰਹੀ ਹੈ। ਇਸ ਨਾਲੋਂ ਵਧੇਰੇ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਆਸੀ ਹਸਤੀਆਂ ਕਦੇ ਵੀ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵੱਲ ਪ੍ਰੇਰਦੀਆਂ ਦਿਖਾਈ ਨਹੀਂ ਦਿੰਦੀਆਂ। ਕਿਸੇ ਵੀ ਸਿਆਸੀ ਰੈਲੀ ਵਿੱਚ ਸੁਰੱਖਿਅਤ ਡਰਾਈਵਿੰਗ ਜਾਂ ਸੜਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਹਲਕਾ ਜਿਹਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਜਦੋਂਕਿ ਸਮਰਥਕ ਇਕੱਠੇ ਕਰਨ ਵੇਲੇ ਨਿਯਮਾਂ ਦੀ ਉਲੰਘਣਾ ਅਕਸਰ ਕੀਤੀ ਜਾਂਦੀ ਹੈ। ਧਾਰਮਿਕ ਸੰਗਠਨਾਂ ਅਤੇ ਡੇਰਿਆਂ ਵੱਲੋਂ ਆਪਣੇ ਸਮਾਗਮਾਂ ਦੌਰਾਨ ਟਰੈਫਿਕ ਨੂੰ ਸ਼ਾਇਦ ਥੋੜ੍ਹੇ ਸੁਚਾਰੂ ਢੰਗ ਨਾਲ ਨਿਯਮਿਤ ਕੀਤਾ ਜਾਂਦਾ ਹੋਵੇ ਪਰ ਸੁਰੱਖਿਆ ਪ੍ਰਬੰਧਾਂ ਦੀ ਪਰਵਾਹ ਕੀਤੇ ਬਿਨਾਂ ਸ਼ਰਧਾਲੂਆਂ ਨਾਲ ਵਾਹਨਾਂ ਨੂੰ ਭਰਨਾ ਵੀ ਖ਼ਤਰਨਾਕ ਹੀ ਹੁੰਦਾ ਹੈ। ਅਜਿਹੇ ਵਰਤਾਰੇ ਨੂੰ ਆਮ ਬਣਾ ਦੇਣਾ ਪ੍ਰਸ਼ਾਸਨਿਕ ਅਣਗਹਿਲੀ ਹੈ ਪਰ ਫਿਰ ਵੀ ਇਹ ਵਰਤਾਰੇ ਲਗਾਤਾਰ ਜਾਰੀ ਹਨ।
ਅਸੁਰੱਖਿਅਤ ਡਰਾਈਵਿੰਗ ਦਾ ਕੁਝ ਹਲਕਿਆਂ ਵੱਲੋਂ ਵਿਰੋਧ ਕਰਨ ਦੀਆਂ ਮਿਸਾਲਾਂ ਵੀ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਆਮ ਤੌਰ ’ਤੇ ਗ਼ੈਰ-ਜ਼ਿੰਮੇਵਾਰ ਸੜਕ ਵਿਹਾਰ ਤੇ ਸੜਕਾਂ ਦੇ ਮੋੜਾਂ ਆਦਿ ਸਬੰਧੀ ਇੰਜੀਨੀਅਰਿੰਗ ਦੀਆਂ ਗ਼ਲਤੀਆਂ ਸਾਹਮਣੇ ਲਿਆਉਂਦਾ ਹੈ। ਖ਼ੈਰ, ਸਰਕਾਰੀ ਯਤਨਾਂ ਦੇ ਨਾਲ ਨਾਲ ਜਨਤਕ ਪੱਧਰ ’ਤੇ ਸਹੀ ਅਤੇ ਗ਼ਲਤ ਦੀ ਸਮਝ ਨਾਲ ਹੀ ਇਹ ਰਵੱਈਆ ਬਦਲਿਆ ਜਾ ਸਕਦਾ ਹੈ।

