ਜੰਗ ਦੀ ਮਾਰ
ਭਾਰਤ ਵੱਲੋਂ ਭਾਰਤੀ ਸਮੁੰਦਰੀ ਕਾਮਿਆਂ ਦੀ ਹਰ ਪਲ ਦੀ ਜਾਣਕਾਰੀ ਰੱਖਣ ਲਈ ਇੱਕ ਅਪਰੇਸ਼ਨਲ ਡੈਸ਼ਬੋਰਡ ਸ਼ੁਰੂ ਕਰਨ ਦੇ ਮਸਾਂ ਕੁਝ ਦਿਨਾਂ ਬਾਅਦ ਹੀ, ਯੂਕਰੇਨ ਦੀ ਓੜੀਸ਼ਾ ਬੰਦਰਗਾਹ ਤੋਂ ਰਵਾਨਾ ਹੋਏ ਇੱਕ ਵਪਾਰਕ ਜਹਾਜ਼ ’ਤੇ ਰੂਸ ਦੀਆਂ ਕਰੂਜ਼ ਮਿਜ਼ਾਈਲਾਂ ਦੇ ਹਮਲੇ...
ਭਾਰਤ ਵੱਲੋਂ ਭਾਰਤੀ ਸਮੁੰਦਰੀ ਕਾਮਿਆਂ ਦੀ ਹਰ ਪਲ ਦੀ ਜਾਣਕਾਰੀ ਰੱਖਣ ਲਈ ਇੱਕ ਅਪਰੇਸ਼ਨਲ ਡੈਸ਼ਬੋਰਡ ਸ਼ੁਰੂ ਕਰਨ ਦੇ ਮਸਾਂ ਕੁਝ ਦਿਨਾਂ ਬਾਅਦ ਹੀ, ਯੂਕਰੇਨ ਦੀ ਓੜੀਸ਼ਾ ਬੰਦਰਗਾਹ ਤੋਂ ਰਵਾਨਾ ਹੋਏ ਇੱਕ ਵਪਾਰਕ ਜਹਾਜ਼ ’ਤੇ ਰੂਸ ਦੀਆਂ ਕਰੂਜ਼ ਮਿਜ਼ਾਈਲਾਂ ਦੇ ਹਮਲੇ ਵਿੱਚ ਚਾਰ ਭਾਰਤੀ ਮਾਰੇ ਗਏ। ਗਿਨੀ-ਬਿਸਾਊ ਦਾ ਝੰਡਾ ਲਗਾ ਕੇ ਯੂਕਰੇਨੀ ਮੱਕੀ ਲੈ ਕੇ ਜਾ ਰਹੇ ‘ਐੱਮ ਵੀ ਗੋਲਡਨ ਲੀਓ’ ਜਹਾਜ਼ ਦੇ ਅਮਲੇ ਵਿੱਚ ਭਾਰਤੀ ਅਤੇ ਸੀਰਿਆਈ ਨਾਗਰਿਕ ਸ਼ਾਮਲ ਸਨ। ਜਿਵੇਂ-ਜਿਵੇਂ ਪੂਰਬੀ ਯੂਰਪ ਵਿੱਚ ਜੰਗ ਹੋਰ ਭਖਦੀ ਜਾ ਰਹੀ ਹੈ, ਇਸ ਦੁਖਾਂਤ ਨੇ ਉਨ੍ਹਾਂ ਆਮ ਮਲਾਹਾਂ ਤੇ ਸਮੁੰਦਰੀ ਕਾਮਿਆਂ ਦੇ ਸਿਰ ’ਤੇ ਮੰਡਰਾਉਂਦੇ ਵੱਡੇ ਖ਼ਤਰੇ ਨੂੰ ਸਾਹਮਣੇ ਲਿਆਂਦਾ ਹੈ ਜੋ ਜੰਗੀ ਹਾਲਾਤ ਦੇ ਬਾਵਜੂਦ ਅੰਤਰਰਾਸ਼ਟਰੀ ਵਪਾਰ ਦੀ ਲੀਹ ਨੂੰ ਬਰਕਰਾਰ ਰੱਖ ਰਹੇ ਹਨ। ਜੰਗ ਲੜ ਰਹੀਆਂ ਧਿਰਾਂ ਦੇ ਫ਼ੌਜੀ ਨਿਸ਼ਾਨੇ ਚਾਹੇ ਕੋਈ ਵੀ ਹੋਣ ਪਰ ਆਮ ਨਾਗਰਿਕਾਂ ਵਾਲੇ ਵਪਾਰਕ ਜਹਾਜ਼ਾਂ ’ਤੇ ਹਮਲੇ ਕਰਨਾ ਸਮੁੰਦਰੀ ਆਵਾਜਾਈ ਦੀ ਉਸ ਆਜ਼ਾਦੀ ਲਈ ਵੱਡਾ ਖ਼ਤਰਾ ਹੈ ਜਿਸ ’ਤੇ ਪੂਰੀ ਦੁਨੀਆ ਦੀ ਆਰਥਿਕਤਾ ਟਿਕੀ ਹੋਈ ਹੈ।
ਭਾਵੇਂ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਰੂਸ ਦਾ ਨਾਂ ਨਹੀਂ ਲਿਆ ਪਰ ਭਾਰਤ ਨੇ ਰੂਸੀ ‘ਚਾਰਜ ਡੀ’ਅਫੇਅਰਜ਼’ (ਕਾਰਜ-ਵਾਹਕ ਰਾਜਦੂਤ) ਨੂੰ ਤਲਬ ਕਰਕੇ ਇਨ੍ਹਾਂ ਮੌਤਾਂ ’ਤੇ ਤਿੱਖਾ ਵਿਰੋਧ ਦਰਜ ਕਰਵਾਇਆ ਹੈ। ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਨੇ ਰੂਸ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਕਾਇਮ ਰੱਖਦਿਆਂ ਅਤੇ ਨਾਲ ਹੀ ਗੱਲਬਾਤ ਰਾਹੀਂ ਮਸਲੇ ਦੇ ਸ਼ਾਂਤੀਪੂਰਨ ਹੱਲ ਦੀ ਵਕਾਲਤ ਕਰਦਿਆਂ ਇੱਕ ਨਾਜ਼ੁਕ ਕੂਟਨੀਤਕ ਸੰਤੁਲਨ ਬਣਾ ਕੇ ਰੱਖਿਆ ਹੈ। ਹਾਲਾਂਕਿ ਭਾਰਤੀ ਨਾਗਰਿਕਾਂ ਦੀਆਂ ਮੌਤਾਂ ਨੇ ਨਵੀਂ ਦਿੱਲੀ ਦੀ ਇਸ ਮੰਗ ਨੂੰ ਹੋਰ ਤਾਕਤ ਦਿੱਤੀ ਹੈ ਕਿ ਜੰਗ ਦੇ ਸਮੇਂ ਵਪਾਰਕ ਜਹਾਜ਼ਾਂ ’ਤੇ ਹਮਲੇ ਬਿਲਕੁਲ ਬੰਦ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ਵਿੱਚ ਵੀ ਜਹਾਜ਼ਾਂ ’ਤੇ ਹੋਏ ਅਮਰੀਕੀ ਅਤੇ ਇਰਾਨੀ ਹਮਲਿਆਂ ਵਿੱਚ ਕਈ ਭਾਰਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਖੁਰਾਕੀ ਵਸਤਾਂ, ਬਾਲਣ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਜਾਣ ਵਾਲੇ ਵਪਾਰਕ ਜਹਾਜ਼ ਵਿਸ਼ਵ ਪੱਧਰੀ ਸਪਲਾਈ ਚੇਨ ਲਈ ਰੀੜ੍ਹ ਦੀ ਹੱਡੀ ਹਨ। ਆਮ ਵਪਾਰਕ ਜਹਾਜ਼ਾਂ ’ਤੇ ਵਾਰ-ਵਾਰ ਹੁੰਦੇ ਹਮਲੇ ਨਾ ਸਿਰਫ਼ ਜਹਾਜ਼ੀ ਅਮਲੇ ਦੀ ਜਾਨ ਜੋਖ਼ਮ ਵਿੱਚ ਪਾਉਂਦੇ ਹਨ ਸਗੋਂ ਇਸ ਨਾਲ ਖੁਰਾਕੀ ਸੁਰੱਖਿਆ ਨੂੰ ਵੀ ਢਾਹ ਲੱਗਦੀ ਹੈ ਅਤੇ ਸਮੁੰਦਰੀ ਭਾੜਾ ਵੀ ਮਹਿੰਗਾ ਹੁੰਦਾ ਹੈ। ਭਾਰਤ, ਜੋ ਦੁਨੀਆ ਭਰ ਵਿੱਚ ਜਹਾਜ਼ੀ ਅਮਲਾ ਭੇਜਣ ਵਾਲੇ ਵੱਡੇ ਮੁਲਕਾਂ ਵਿੱਚੋਂ ਇੱਕ ਹੈ, ਨੂੰ ਆਪਣੇ ਸਮੁੰਦਰੀ ਕਾਮਿਆਂ ਦੀ ਸੁਰੱਖਿਆ ਲਈ ਹੋਰ ਪੁਖ਼ਤਾ ਕਦਮ ਚੁੱਕਣ ਦੀ ਲੋੜ ਹੈ। ਇਸ ਤੋਂ ਇਲਾਵਾ ਝਾਂਸੇ ਵਿੱਚ ਆ ਕੇ ਜਾਂ ਧੱਕੇ ਨਾਲ ਰੂਸੀ ਫ਼ੌਜ ਵਿੱਚ ਭਰਤੀ ਕਰਵਾਏ ਗਏ ਭਾਰਤੀਆਂ ਦੀ ਵਾਪਸੀ ਲਈ ਵੀ ਵੱਡੇ ਹੀਲੇ ਕੀਤੇ ਜਾਣੇ ਚਾਹੀਦੇ ਹਨ। ਦਿੱਲੀ ਅਤੇ ਮਾਸਕੋ ਵਿਚਾਲੇ ਨਜ਼ਦੀਕੀ ਸਬੰਧਾਂ ਦਾ ਲਾਹਾ ਲੈਂਦਿਆਂ ਅਜਿਹੇ ਜਾਨੀ ਨੁਕਸਾਨ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਯਤਨ ਕਰਨੇ ਬਣਦੇ ਹਨ।

