ਵਧਦਾ ਤਾਪਮਾਨ
ਸਰਦੀਆਂ ਦੇ ਮੌਸਮ ਦਾ ਸਮਾਂ ਘਟਣਾ, ਸਰਦੀਆਂ ਦੌਰਾਨ ਮੁਕਾਬਲਤਨ ਵੱਧ ਤਾਪਮਾਨ ਅਤੇ ਸਰਦੀਆਂ ਦੇ ਮੌਸਮ ਤੋਂ ਬਾਅਦ ਤਾਪਮਾਨ ’ਚ ਅਚਾਨਕ ਵਾਧਾ ਤਿੱਖੀਆਂ ਮੌਸਮੀ ਤਬਦੀਲੀਆਂ ਨੂੰ ਦਰਸਾਉਂਦਾ ਹੈ। ਬਸੰਤ ਰੁੱਤ ਦਾ ਗਾਇਬ ਹੋਣਾ ਅਤੇ ਗਰਮੀਆਂ ਦੀ ਅਗੇਤੀ ਦਸਤਕ ਖੇਤਰੀ ਵਾਯੂਮੰਡਲੀ ਤਬਦੀਲੀਆਂ...
ਸਰਦੀਆਂ ਦੇ ਮੌਸਮ ਦਾ ਸਮਾਂ ਘਟਣਾ, ਸਰਦੀਆਂ ਦੌਰਾਨ ਮੁਕਾਬਲਤਨ ਵੱਧ ਤਾਪਮਾਨ ਅਤੇ ਸਰਦੀਆਂ ਦੇ ਮੌਸਮ ਤੋਂ ਬਾਅਦ ਤਾਪਮਾਨ ’ਚ ਅਚਾਨਕ ਵਾਧਾ ਤਿੱਖੀਆਂ ਮੌਸਮੀ ਤਬਦੀਲੀਆਂ ਨੂੰ ਦਰਸਾਉਂਦਾ ਹੈ। ਬਸੰਤ ਰੁੱਤ ਦਾ ਗਾਇਬ ਹੋਣਾ ਅਤੇ ਗਰਮੀਆਂ ਦੀ ਅਗੇਤੀ ਦਸਤਕ ਖੇਤਰੀ ਵਾਯੂਮੰਡਲੀ ਤਬਦੀਲੀਆਂ ਅਤੇ ਦੀਰਘਕਾਲੀ ਜਲਵਾਯੂ ਪਰਿਵਰਤਨ ਦਾ ਸਿੱਟਾ ਮੰਨਿਆ ਜਾ ਰਿਹਾ ਹੈ। ਜਲਵਾਯੂ ਪਰਿਵਰਤਨ ਦਾ ਜੀਵਨ ਅਤੇ ਰੋਜ਼ੀ-ਰੋਟੀ ’ਤੇ ਪ੍ਰਭਾਵ ਚਰਚਾ ਦਾ ਵਿਸ਼ਾ ਹੈ। ਮਾਹਿਰਾਂ ਵੱਲੋਂ ਉੱਤਰੀ ਭਾਰਤ ਦੇ ਖੇਤੀਬਾੜੀ ਵਾਲੇ ਖੇਤਰਾਂ ’ਤੇ ਵਧਦੇ ਤਾਪਮਾਨ ਦੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਬਾਰੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਸੇਬ ਦੇ ਬਾਗ਼ਾਂ ਵਿੱਚ ਠੰਢ ਘਟਣ ਕਾਰਨ ਫ਼ਲਾਂ ਦੀਆਂ ਫ਼ਸਲਾਂ ਦੇ ਕੁਦਰਤੀ ਚੱਕਰ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਫਲਾਂ ਦੀ ਗੁਣਵੱਤਾ ਘਟਣ ਦੇ ਨਾਲ-ਨਾਲ ਇਨ੍ਹਾਂ ਦੀ ਪੈਦਾਵਾਰ ਵੀ ਘਟਣ ਦਾ ਖ਼ਦਸ਼ਾ ਹੈ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਜਲਵਾਯੂ ਅਨੁਕੂਲ ਬਾਗ਼ਬਾਨੀ ਨੂੰ ਅਪਣਾਉਣਾ ਪਵੇਗਾ, ਜਿਸ ਨਾਲ ਸੇਬ ਪੱਟੀ ਹੋਰ ਉੱਚੇ ਖੇਤਰਾਂ ’ਤੇ ਤਬਦੀਲ ਹੋ ਜਾਵੇਗੀ। ਸੋਕਾ ਸਹਿਣ ਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਅਤੇ ਹੋਰ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਨੂੰ ਹੁਣ ਵਿਕਲਪ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਲਈ ਸਪੱਸ਼ਟ ਰਣਨੀਤੀ ਬਣਾਉਣ ਦੀ ਲੋੜ ਹੈ।
ਮਾਰਚ ਦੇ ਪਹਿਲੇ ਹਫ਼ਤੇ ਵਿੱਚ ਤਾਪਮਾਨ ਦੀ ਚਿਤਾਵਨੀ ਸਪੱਸ਼ਟ ਸੰਕੇਤ ਹੈ ਕਿ ਆਉਂਦੇ ਦਿਨਾਂ ’ਚ ਮੌਸਮ ਦਾ ਮਿਜ਼ਾਜ ਕਿਹੋ ਜਿਹਾ ਹੋਵੇਗਾ। ਅਧਿਐਨਾਂ ਅਨੁਸਾਰ ਭਾਰਤ ਵਿੱਚ ਲੂ ਚੱਲਣ ਦੇ ਦਿਨਾਂ ਦੀ ਗਿਣਤੀ ਸਾਲ 1980 ਤੋਂ ਬਾਅਦ ਦੁੱਗਣੀ ਤੋਂ ਵੀ ਵਧ ਗਈ ਹੈ। ਅੰਨ੍ਹੇਵਾਹ ਸ਼ਹਿਰੀਕਰਨ, ਸੰਘਣੀ ਵਸੋਂ ਅਤੇ ਹਰੀਆਂ ਪੱਟੀਆਂ ਹੇਠਲਾ ਰਕਬਾ ਘਟਣ ਕਾਰਨ ਤਾਪਮਾਨ ਵਧ ਰਿਹਾ ਹੈ, ਜਿਸ ਕਾਰਨ ਭਵਿੱਖ ਵਿੱਚ ਜਲ ਤੇ ਊਰਜਾ ਸੰਕਟਾਂ ਨਾਲ ਨਜਿੱਠਣ ਲਈ ਫੌਰੀ ਤੌਰ ’ਤੇ ਯੋਜਨਾਵਾਂ ਬਣਾਉਣ ਤੇ ਲਾਗੂ ਕਰਨ ਦੀ ਲੋੜ ਹੈ। ਸਰਦੀਆਂ ਤੋਂ ਗਰਮੀਆਂ ਵਿੱਚ ਤੇਜ਼ੀ ਨਾਲ ਹੋਣ ਵਾਲੇ ਬਦਲਾਅ ਦੇ ਸੰਦਰਭ ’ਚ ਨਾਗਰਿਕਾਂ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ ਨੂੰ ਵੀ ਨਵੇਂ ਸਿਰਿਉਂ ਉਲੀਕਣ ਦੀ ਲੋੜ ਹੈ। ਹਾਲਾਂਕਿ ਇਸ ਸੰਕਟ ਨਾਲ ਨਜਿੱਠਣ ਲਈ ਸਰਕਾਰਾਂ ਦੀਆਂ ਯੋਜਨਾਵਾਂ ਦਾ ਖਾਕਾ ਨਾਗਰਿਕਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨ ਨਾਲੋਂ ਵੱਧ ਮਹੱਤਪੂਰਨ ਹੈ। ਹਾਂ, ਇਹ ਵੀ ਹਕੀਕਤ ਹੈ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਰਣਨੀਤੀ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਵਾਲਾ ਦ੍ਰਿਸ਼ਟੀਕੋਣ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਆਲਮੀ ਵਾਤਾਵਰਣਕ ਤਬਦੀਲੀਆਂ ਦੇ ਇਸ ਦੌਰ ਵਿੱਚ ਤਾਪਮਾਨ ’ਚ ਬਹੁਤ ਵਾਧਾ ਹੋ ਸਕਦਾ ਹੈ, ਜਿਸ ਕਾਰਨ ਪ੍ਰਸ਼ਾਸਕੀ ਯੋਜਨਾਵਾਂ ਫੇਲ੍ਹ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਇਸ ਲਈ ਬਿਹਤਰ ਰਣਨੀਤੀ ਤਿਆਰ ਕਰਨੀ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਅਨੁਮਾਨਿਤ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਘਟਾਉਣ, ਸਮੇਂ ਸਿਰ ਸਿਹਤ ਸੰਭਾਲ ਲਈ ਚਿਤਾਵਨੀਆਂ ਜਾਰੀ ਕਰਨ ਅਤੇ ਮੌਸਮ ਦੇ ਮਾਰੂ ਪ੍ਰਭਾਵਾਂ ਨੂੰ ਘਟਾਉਣ ਲਈ ਸੁਝਾਵਾਂ ਦੀ ਬੇਹੱਦ ਲੋੜ ਹੋਵੇਗੀ। ਬਿਜਲੀ ਅਤੇ ਪਾਣੀ ਦੀ ਬਰਬਾਦੀ ਰੋਕਣ ਲਈ ਸਖ਼ਤੀ ਕਰਨੀ ਵੀ ਇਸ ਦਿਸ਼ਾ ’ਚ ਮਹੱਤਵਪੂਰਨ ਕਦਮ ਹੋਵੇਗਾ।

