ਗਣਤੰਤਰ ਦਿਵਸ: ਨਵੀਂ ਨੁਹਾਰ

ਗਣਤੰਤਰ ਦਿਵਸ: ਨਵੀਂ ਨੁਹਾਰ

ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨ ਅੰਦੋਲਨ ਦੇ ਗਣਤੰਤਰ ਦਿਵਸ ਮੌਕੇ ਦੋ ਮਹੀਨੇ ਪੂਰੇ ਹੋਣ ਵਾਲੇ ਹਨ। ਦੇਸ਼ ਉੱਤੇ ਦਾਅਵੇਦਾਰੀ ਜਿਤਾਉਣ ਲਈ ਕਿਸਾਨਾਂ ਨੇ ਦਿੱਲੀ ਦੇ ਅੰਦਰ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਜ਼ਾਰਾਂ ਟਰੈਕਟਰ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਦਿੱਲੀ ਵੱਲ ਵਹੀਰਾਂ ਘੱਤ ਚੁੱਕੇ ਹਨ। ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਰੋਕਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਇਆ, ਆਖਿ਼ਰ ਕਿਸਾਨ ਆਗੂਆਂ ਨਾਲ ਕਈ ਗੇੜ ਦੀ ਗੱਲਬਾਤ ਤੋਂ ਪਿੱਛੋਂ ਟਰੈਕਟਰ ਟਰੇਡ ਦੇ ਰੂਟ ਉੱਤੇ ਸਹਿਮਤੀ ਬਣ ਗਈ। ਇਸ ਨਾਲ ਸ਼ੁਰੂ ਤੋਂ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਅੰਦੋਲਨ ਦਾ ਇਹ ਦਿਨ ਵੀ ਅਮਨ-ਅਮਾਨ ਨਾਲ ਨਿਕਲਣ ਦੀਆਂ ਸੰਭਾਵਨਾਵਾਂ ਵਧ ਗਈਆਂ। ਨੌਜਵਾਨਾਂ ਅੰਦਰ ਜੋਸ਼ ਠਾਠਾਂ ਮਾਰ ਰਿਹਾ ਹੈ ਪਰ ਸਬਰ-ਸੰਤੋਖ ਅਤੇ ਸ਼ਾਂਤਮਈ ਅੰਦੋਲਨ ਦੀ ਅਹਿਮੀਅਤ ਵੀ ਓਨੀ ਹੀ ਸ਼ਿੱਦਤ ਨਾਲ ਦਿਖਾਈ ਦੇ ਰਹੀ ਹੈ।

ਗਣਤੰਤਰ ਦਿਵਸ ਮੌਕੇ ਦੁਨੀਆ ਦੀ ਇੰਨੀ ਵੱਡੀ ਗਿਣਤੀ ਵਿਚ ਟਰੈਕਟਰ ਪਰੇਡ ਅਤੇ ਦਿਹਾਤੀ ਸਮਾਜ ਦੀ ਦ੍ਰਿਸ਼ਾਵਲੀ ਪਹਿਲੀ ਵਾਰ ਪੇਸ਼ ਹੋ ਰਹੀ ਹੈ। ਇਹ ਇਤਿਹਾਸਕ ਮੌਕਾ ਲੋਕਾਂ ਨੂੰ ਰੋਮਾਂਚਿਤ ਵੀ ਕਰ ਰਿਹਾ ਹੈ। ਵੱਖ ਵੱਖ ਸੂਬਿਆਂ ਦੀ ਵਿਰਾਸਤ ਨਾਲ ਜੁੜੀਆਂ ਝਲਕੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੀ ਅੰਦੋਲਨ ਦੌਰਾਨ ਪੈ ਰਹੀ ਗੂੰਜ ਹੋਰ ਉਜਾਗਰ ਹੋਣ ਦੀ ਸੰਭਾਵਨਾ ਹੈ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸਰਕਾਰੀ ਗਣਤੰਤਰ ਦਿਵਸ ਪਰੇਡ ਵਿਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਾਉਣ ਦਾ ਯਕੀਨ ਦਿਵਾਇਆ ਹੋਇਆ ਹੈ। ਕਿਸਾਨਾਂ ਦੀ ਦ੍ਰਿੜਤਾ ਸਾਹਮਣੇ ਦਿੱਲੀ ਪੁਲੀਸ ਨੂੰ ਪਿੱਛੇ ਹਟਣਾ ਪਿਆ। ਜਜ਼ਬਾਤ ਅਤੇ ਲੋਕ ਤਾਕਤ ਦੇ ਮੱਦੇਨਜ਼ਰ ਦਿੱਲੀ ਪੁਲੀਸ ਦੀ ਕਿਸਾਨ ਜਥੇਬੰਦੀਆਂ ਨਾਲ ਬਣਾਈ ਰੂਟ ਦੀ ਸਹਿਮਤੀ ਸਹੀ ਦਿਸ਼ਾ ਵੱਲ ਕਦਮ ਕਿਹਾ ਜਾ ਸਕਦਾ ਹੈ। ਇਸ ਦੇ ਬਾਵਜੂਦ ਦੋਵਾਂ ਧਿਰਾਂ ਦੀ ਟਰੈਕਟਰ ਪਰੇਡ ਨੂੰ ਸ਼ਾਂਤਮਈ ਰੱਖਣ ਦੀ ਜਿ਼ੰਮੇਵਾਰੀ ਹੋਰ ਵੀ ਵਧ ਜਾਂਦੀ ਹੈ।

ਇਹ ਅੰਦੋਲਨ ਕਈ ਤਰ੍ਹਾਂ ਨਾਲ ਨਵਾਂ ਇਤਿਹਾਸ ਸਿਰਜ ਰਿਹਾ ਹੈ। ਦਿੱਲੀ ਦੀ ਹੱਦ ’ਤੇ ਦੋ ਮਹੀਨਿਆਂ ਤੋਂ ਵਸੇ ਪਿੰਡਾਂ ਅੰਦਰਲੇ ਜੀਵਨ ’ਚੋਂ ਇਨਸਾਨੀਅਤ ਡੁੱਲ੍ਹ ਡੁੱਲ੍ਹ ਪੈ ਰਹੀ ਹੈ। ਸਮਾਜਿਕ ਸੁਰੱਖਿਆ ਦੇ ਨਾਮ ’ਤੇ ਮਹਿਸੂਸ ਕੀਤਾ ਜਾਣ ਵਾਲਾ ਸਭ ਕੁਝ ਬਿਨਾਂ ਕਿਸੇ ਨਿੱਜੀ ਖਰਚ ਤੋਂ ਮਿਲ ਰਿਹਾ ਹੈ। ਚਾਰੇ ਪਾਸੇ ਭਾਈਚਾਰਕ ਸਾਂਝ ਤੇ ਮੁਹੱਬਤ ਦੀ ਖੁਸ਼ਬੂ ਹੈ। ਅੰਦੋਲਨ ਜਵਾਹਦੇਹੀ ਵਾਲੀ ਜਮਹੂਰੀਅਤ ਦੀਆਂ ਨਵੀਆਂ ਪੈੜਾਂ ਪਾ ਰਿਹਾ ਹੈ। ਇਸ ਵਿਚ ਬੈਠਾ ਹਰ ਸ਼ਖਸ ਇਹ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ, ਜਿਵੇਂ ਇਹ ਉਸ ਦਾ ਆਪਣਾ ਅੰਦੋਲਨ ਹੋਵੇ ਤੇ ਉਹੀ ਫ਼ੈਸਲਾਕੁਨ ਤਾਕਤ ਵਾਲਾ ਆਗੂ ਹੋਵੇ। ਉਂਜ, ਯਾਦ ਰੱਖਣਾ ਚਾਹੀਦਾ ਹੈ ਕਿ ਅਜੇ ਤਿੰਨ ਕਾਨੂੰਨ ਵਾਪਸ ਲੈਣ ਦਾ ਮੁੱਦਾ ਅਣਸੁਲਝਿਆ ਪਿਆ ਹੈ। ਟਰੈਕਟਰ ਪਰੇਡ ਨੂੰ ਸ਼ਾਂਤਮਈ ਰੱਖ ਕੇ ਅੰਦੋਲਨਕਾਰੀ ਕਿਸਾਨ ਦੁਨੀਆ ਭਰ ਵਿਚ ਇਤਿਹਾਸਕ ਜਗ੍ਹਾ ਬਣਾ ਸਕਦੇ ਹਨ। ਬਿਨਾਂ ਸ਼ੱਕ, ਕਿਸਾਨਾਂ ਦੀ ਟਰੈਕਟਰ ਪਰੇਡ ਦੀ ਲਾਮਬੰਦੀ ਗਣਤੰਤਰ ਦਿਵਸ ਮੌਕੇ ਸਮੁੱਚੇ ਮਾਹੌਲ ਅੰਦਰ ਨਵੀਂ ਨੁਹਾਰ ਭਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All