ਰੈਪੋ ਦਰ ਵਿੱਚ ਵਾਧਾ
ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਰੈਪੋ ਦਰ ਵਿੱਚ 25 ਆਧਾਰ ਅੰਕਾਂ ਦਾ ਵਾਧਾ ਕਰ ਕੇ ਇਸ ਨੂੰ 5.5 ਫ਼ੀਸਦੀ ਕਰ ਦਿੱਤਾ ਹੈ। ਫਰਵਰੀ 2023 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿਆਜ ਦਰਾਂ ਵਧਾਈਆਂ ਗਈਆਂ ਹਨ। ਇਸ ਤੋਂ...
ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਰੈਪੋ ਦਰ ਵਿੱਚ 25 ਆਧਾਰ ਅੰਕਾਂ ਦਾ ਵਾਧਾ ਕਰ ਕੇ ਇਸ ਨੂੰ 5.5 ਫ਼ੀਸਦੀ ਕਰ ਦਿੱਤਾ ਹੈ। ਫਰਵਰੀ 2023 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿਆਜ ਦਰਾਂ ਵਧਾਈਆਂ ਗਈਆਂ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੇਂਦਰੀ ਬੈਂਕ ਨੇ ਆਪਣੀ ਮੁਦਰਾ ਨੀਤੀ ਦੇ ‘ਨਿਰਪੱਖ’ ਰੁਖ਼ ਨੂੰ ਬਦਲ ਲਿਆ ਹੈ। ਇਸ ਦਾ ਮਤਲਬ ਸਪੱਸ਼ਟ ਹੈ ਕਿ ਮਹਿੰਗਾਈ ’ਤੇ ਕਾਬੂ ਪਾਉਣਾ ਇੱਕ ਵਾਰ ਫਿਰ ਸਰਕਾਰ ਅਤੇ ਬੈਂਕ ਦੀ ਮੁੱਖ ਤਰਜੀਹ ਬਣ ਗਿਆ ਹੈ। ਇਸ ਦਾ ਸਭ ਤੋਂ ਵੱਡਾ ਅਸਰ ਕਰਜ਼ਾ ਲੈਣ ਵਾਲਿਆਂ ’ਤੇ ਪਵੇਗਾ। ਬੈਂਕਾਂ ਵੱਲੋਂ ਇਸ ਵਾਧੇ ਦਾ ਬੋਝ ਗਾਹਕਾਂ ’ਤੇ ਪਾਉਣ ਦੀ ਪੂਰੀ ਸੰਭਾਵਨਾ ਹੈ, ਜਿਸ ਨਾਲ ਘਰਾਂ, ਗੱਡੀਆਂ ਅਤੇ ਨਿੱਜੀ ਕਰਜ਼ਿਆਂ ਦੀਆਂ ਵਿਆਜ ਦਰਾਂ ਵਧ ਜਾਣਗੀਆਂ। ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਪਰਿਵਾਰਾਂ ਲਈ ਮਹੀਨਾਵਾਰ ਕਿਸ਼ਤਾਂ ਵਧਣ ਨਾਲ ਉਨ੍ਹਾਂ ਦੀ ਖ਼ਰਚ ਕਰਨ ਯੋਗ ਆਮਦਨ ਘਟ ਜਾਵੇਗੀ ਅਤੇ ਘਰੇਲੂ ਖਪਤ ’ਤੇ ਵੀ ਅਸਰ ਪਵੇਗਾ। ਇਸੇ ਤਰ੍ਹਾਂ ਕਾਰੋਬਾਰੀਆਂ ਨੂੰ ਵੀ ਮਹਿੰਗਾ ਕਰਜ਼ਾ ਮਿਲੇਗਾ, ਜਿਸ ਨਾਲ ਉਨ੍ਹਾਂ ਦੇ ਨਿਵੇਸ਼ ਨਾਲ ਜੁੜੇ ਫ਼ੈਸਲੇ ਵੀ ਪ੍ਰਭਾਵਿਤ ਹੋ ਸਕਦੇ ਹਨ।
ਹਾਲਾਂਕਿ, ਇਸ ਬਦਲਾਅ ਨਾਲ ਕੁਝ ਲੋਕਾਂ ਨੂੰ ਫ਼ਾਇਦਾ ਵੀ ਹੋਵੇਗਾ। ਵਿਆਜ ਦਰਾਂ ਵਧਣ ਨਾਲ ਬੱਚਤ ਕਰਨ ਵਾਲਿਆਂ, ਖ਼ਾਸਕਰ ਫਿਕਸਡ ਡਿਪਾਜ਼ਿਟ (ਐੱਫ ਡੀ) ਅਤੇ ਹੋਰ ਵਿਆਜ ਦੇਣ ਵਾਲੇ ਸਾਧਨਾਂ ’ਤੇ ਨਿਰਭਰ ਲੋਕਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ। ਫੰਡਾਂ ਲਈ ਆਪਸੀ ਮੁਕਾਬਲੇ ਕਾਰਨ ਬੈਂਕ ਵੀ ਡਿਪਾਜ਼ਿਟ (ਜਮ੍ਹਾਂ ਪੂੰਜੀ) ’ਤੇ ਬਿਹਤਰ ਵਿਆਜ ਦੇ ਸਕਦੇ ਹਨ। ਇਸ ਸਭ ਵਿੱਚ ਵੱਡੀ ਆਰਥਿਕ ਚਿੰਤਾ ਮਹਿੰਗਾਈ ਕਾਬੂ ਕਰਨ ਅਤੇ ਵਿਕਾਸ ਦਰ ਵਿਚਕਾਰ ਤਾਲਮੇਲ ਬਣਾਉਣ ਦੀ ਹੈ। ਆਰ ਬੀ ਆਈ ਨੇ ਵਿੱਤੀ ਸਾਲ 2027 ਲਈ ਆਪਣੀ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ 7.1 ਫ਼ੀਸਦੀ ਕਰ ਦਿੱਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਬੈਂਕ ਨੂੰ ਯਕੀਨ ਹੈ ਕਿ ਦੇਸ਼ ਦੀ ਅਰਥਵਿਵਸਥਾ ਵਿੱਚ ਸਖ਼ਤ ਵਿੱਤੀ ਹਾਲਾਤ ਨੂੰ ਝੱਲਣ ਦੀ ਪੂਰੀ ਸਮਰੱਥਾ ਹੈ, ਪਰ ਉੱਚੀਆਂ ਵਿਆਜ ਦਰਾਂ ਮੰਗ ਨੂੰ ਹੇਠਾਂ ਵੱਲ ਖਿੱਚਣ ਦਾ ਕੰਮ ਕਰਦੀਆਂ ਹਨ। ਜੇਕਰ ਇਹ ਆਰ ਬੀ ਆਈ ਦਾ ਇਹੋ ਰੁਖ਼ ਲੰਮੇ ਸਮੇਂ ਤੱਕ ਜਾਰੀ ਰਿਹਾ ਤਾਂ ਖਪਤ ਅਤੇ ਨਿੱਜੀ ਨਿਵੇਸ਼ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।
ਖਾਣ-ਪੀਣ ਦੀਆਂ ਚੀਜ਼ਾਂ ਅਤੇ ਈਂਧਣ ਦੇ ਮਹਿੰਗੇ ਹੋਣ ਨਾਲ ਮਹਿੰਗਾਈ ਦਾ ਘੇਰਾ ਹੋਰ ਫੈਲ ਗਿਆ ਹੈ ਜਦੋਂਕਿ ਭੂ-ਸਿਆਸੀ ਤਣਾਅ ਕਾਰਨ ਘਰੇਲੂ ਕੀਮਤਾਂ ਵਧਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕੇਂਦਰੀ ਬੈਂਕ ਨੇ ਅਗਲੀਆਂ ਤਿੰਨ ਤਿਮਾਹੀਆਂ ਵਿੱਚ ਔਸਤਨ ਮਹਿੰਗਾਈ (ਹੈੱਡਲਾਈਨ ਇਨਫਲੇਸ਼ਨ) ਲਗਪਗ 5.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਇਹ ਵਾਧਾ ਲੰਮੀ ਨਰਮੀ ਦੇ ਦੌਰ ਤੋਂ ਬਾਅਦ ਨੀਤੀਗਤ ਬਦਲਾਅ ਵੱਲ ਇਸ਼ਾਰਾ ਕਰਦਾ ਹੈ। ਆਰ ਬੀ ਆਈ ਨੂੰ ਧਿਆਨ ਰੱਖਣਾ ਪਵੇਗਾ ਕਿ ‘ਇਲਾਜ ਰੋਗ ਨਾਲੋਂ ਭਾਰੂ ਨਾ ਹੋ ਜਾਵੇ’ ਅਤੇ ਅੱਗੇ ਦਰਾਂ ਵਧਾਉਣ ਦਾ ਫ਼ੈਸਲਾ ਅਸਥਾਈ ਝਟਕਿਆਂ ਦੀ ਬਜਾਏ ਮਹਿੰਗਾਈ ਦੇ ਪੱਕੇ ਸਬੂਤਾਂ ’ਤੇ ਆਧਾਰਿਤ ਹੋਵੇ। ਕਰਜ਼ਾ ਲੈਣ ਵਾਲਿਆਂ ਲਈ ਸਸਤੇ ਕਰਜ਼ੇ ਦਾ ਦੌਰ ਮੁੱਕਦਾ ਜਾਪਦਾ ਹੈ ਜਦੋਂਕਿ ਆਰ ਬੀ ਆਈ ਲਈ ਅਸਲ ਚੁਣੌਤੀ ਹੁਣ ਇਹ ਹੈ ਕਿ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਬਿਨਾਂ ਕਿਸੇ ਬੇਲੋੜੇ ਨੁਕਸਾਨ ਤੋਂ ਮਹਿੰਗਾਈ ਨੂੰ ਨੱਥ ਪਾਈ ਜਾਵੇ।

