ਮੀਂਹ ਦਾ ਕੁਪ੍ਰਬੰਧ
ਮੌਨਸੂਨ ਨੇ ਇੱਕ ਅਜਿਹੀ ਅਸਲ ਹਕੀਕਤ ਸਾਹਮਣੇ ਲਿਆਂਦੀ ਹੈ ਜਿਸ ਤੋਂ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ। ਦਰਅਸਲ ਦੇਸ਼ ਨੂੰ ਮੀਂਹ ਦੀ ਕੋਈ ਸਮੱਸਿਆ ਨਹੀਂ ਹੈ, ਸਗੋਂ ਇਹ ਪਾਣੀ ਦੇ ਪ੍ਰਬੰਧਨ ਦੀ ਸਮੱਸਿਆ ਹੈ। ਖ਼ਤਰੇ ਦੀਆਂ ਘੰਟੀਆਂ ਹੋਰ ਤੇਜ਼ ਹੋ ਰਹੀਆਂ...
ਮੌਨਸੂਨ ਨੇ ਇੱਕ ਅਜਿਹੀ ਅਸਲ ਹਕੀਕਤ ਸਾਹਮਣੇ ਲਿਆਂਦੀ ਹੈ ਜਿਸ ਤੋਂ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ। ਦਰਅਸਲ ਦੇਸ਼ ਨੂੰ ਮੀਂਹ ਦੀ ਕੋਈ ਸਮੱਸਿਆ ਨਹੀਂ ਹੈ, ਸਗੋਂ ਇਹ ਪਾਣੀ ਦੇ ਪ੍ਰਬੰਧਨ ਦੀ ਸਮੱਸਿਆ ਹੈ। ਖ਼ਤਰੇ ਦੀਆਂ ਘੰਟੀਆਂ ਹੋਰ ਤੇਜ਼ ਹੋ ਰਹੀਆਂ ਹਨ ਕਿਉਂਕਿ ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਨੇ ਅਗਲੇ ਦੋ ਹਫ਼ਤਿਆਂ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਭਾਵੇਂ ਕਈ ਇਲਾਕਿਆਂ ਵਿੱਚ ਅਜੇ ਵੀ ਮੋਹਲ਼ੇਧਾਰ ਮੀਂਹ ਵਰ੍ਹ ਰਿਹਾ ਹੈ। 10 ਅਗਸਤ ਤੱਕ ਭਾਰਤ ਵਿੱਚ ਆਮ ਪੈਣ ਵਾਲੇ 527.2 ਮਿਲੀਮੀਟਰ ਮੀਂਹ ਦੇ ਮੁਕਾਬਲੇ 465.9 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ 12 ਫ਼ੀਸਦੀ ਘੱਟ ਹੈ। ਫਿਰ ਵੀ ਕੌਮੀ ਔਸਤ ਕੱਢਣ ਨਾਲ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਦੇ ਵੱਡੇ ਪੱਧਰ ’ਤੇ ਫ਼ਰਕ ਸਾਹਮਣੇ ਨਹੀਂ ਆਉਂਦੇ। ਇਹ ਉਹ ਵਿਰੋਧਾਭਾਸ ਹੈ ਜਿਸ ਦਾ ਦੇਸ਼ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਹੜ੍ਹ ਅਤੇ ਪਾਣੀ ਦੀ ਘਾਟ ਇੱਕੋ ਸਮੇਂ ਆ ਸਕਦੇ ਹਨ। ਬੱਦਲ ਫਟਣ ਨਾਲ ਕੁਝ ਘੰਟਿਆਂ ਵਿੱਚ ਹੀ ਕਈ ਮਹੀਨਿਆਂ ਜਿੰਨਾ ਮੀਂਹ ਪੈ ਸਕਦਾ ਹੈ, ਜਿਸ ਨਾਲ ਨਾਲੀਆਂ, ਦਰਿਆ ਅਤੇ ਬੰਨ੍ਹ ਭਰ ਜਾਂਦੇ ਹਨ, ਜਦੋਂ ਕਿ ਲੰਬੇ ਸਮੇਂ ਤੱਕ ਮੀਂਹ ਨਾ ਪੈਣ ਕਾਰਨ ਖੇਤ ਅਤੇ ਸ਼ਹਿਰ ਪਾਣੀ ਨੂੰ ਤਰਸਦੇ ਰਹਿ ਜਾਂਦੇ ਹਨ। ਮੀਂਹ ਦੀ ਇਸ ਬੇਭਰੋਸੇਯੋਗ ਵੰਡ ਕਾਰਨ ਇਹ ਧਾਰਨਾ ਕਿ ‘ਆਮ ਮੌਨਸੂਨ’ ਹੋਣ ਨਾਲ ਪਾਣੀ ਦੀ ਸੁਰੱਖਿਆ ਆਪਣੇ ਆਪ ਯਕੀਨੀ ਹੋ ਜਾਂਦੀ ਹੈ, ਬਿਲਕੁਲ ਗ਼ਲਤ ਸਾਬਤ ਹੁੰਦੀ ਹੈ।
ਅਸਲ ਕਮਜ਼ੋਰੀ ਜ਼ਮੀਨ ਹੇਠਾਂ ਲੁਕੀ ਹੋਈ ਹੈ। ਸਾਲ 2025 ਵਿੱਚ ਅੰਦਾਜ਼ਨ 247.22 ਅਰਬ ਘਣ ਮੀਟਰ ਧਰਤੀ ਹੇਠਲਾ ਪਾਣੀ ਕੱਢਿਆ ਗਿਆ, ਜਿਸ ਵਿੱਚੋਂ ਲਗਪਗ 87% ਹਿੱਸਾ ਸਿਰਫ਼ ਖੇਤੀਬਾੜੀ ਲਈ ਵਰਤਿਆ ਗਿਆ। ਇਹ ਧਾਰਨਾ ਬਣੀ ਹੋਈ ਹੈ ਕਿ ਜੇਕਰ ਮੌਨਸੂਨ ਦਾ ਮੀਂਹ ਘੱਟ ਪਿਆ ਤਾਂ ਧਰਤੀ ਹੇਠਲਾ ਪਾਣੀ ਵਰਤਿਆ ਜਾ ਸਕਦਾ ਹੈ, ਜੋ ਕਿ ਪਾਣੀ ਦਾ ਕਦੇ ਵੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ, ਪਰ ਹਾਲਾਤ ਇਸ ਦੇ ਬਿਲਕੁਲ ਉਲਟ ਹਨ। ਇਸ ਦਾ ਹੱਲ ਹੜ੍ਹਾਂ ਤੋਂ ਬਾਅਦ ਰਾਹਤ ਪੈਕੇਜ ਦੇਣਾ ਜਾਂ ਖੂਹ ਸੁੱਕਣ ਤੋਂ ਬਾਅਦ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਨਾ ਨਹੀਂ ਹੋ ਸਕਦਾ। ਪਾਣੀ ਦੀ ਸੰਭਾਲ ਅਤੇ ਇਸ ਦੀ ਸੁਚੱਜੀ ਵਰਤੋਂ ’ਤੇ ਆਧਾਰਿਤ ਰਣਨੀਤੀ ਬਣਾਉਣ ਦੀ ਲੋੜ ਹੈ। ਸ਼ਹਿਰਾਂ ਨੂੰ ਮੀਂਹ ਦੇ ਪਾਣੀ ਨੂੰ ਤੇਜ਼ੀ ਨਾਲ ਨਾਲਿਆਂ ਵਿੱਚ ਵਹਾਉਣ ਦੀ ਬਜਾਏ ਉਸ ਨੂੰ ਸੰਭਾਲਣਾ ਪਵੇਗਾ। ਦਰਿਆਵਾਂ ’ਚ ਆਉਣ ਵਾਲੇ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਅਤੇ ਵੈੱਟਲੈਂਡਜ਼ ’ਚ ਉਸਾਰੀਆਂ ਨੂੰ ਰੋਕਣ ਦੀ ਲੋੜ ਹੈ। ਖੇਤੀਬਾੜੀ ਵਿੱਚ ਵੀ ਅਜਿਹੀਆਂ ਫ਼ਸਲਾਂ ਵੱਲ ਪਰਤਣਾ ਪਵੇਗਾ ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਸਿੰਜਾਈ ਦੇ ਆਧੁਨਿਕ ਤਰੀਕੇ ਅਪਣਾਉਣੇ ਪੈਣਗੇ। ਸੂਬਾ ਸਰਕਾਰਾਂ ਨੂੰ ਵੀ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਵੱਖੋ-ਵੱਖਰੇ ਵਿਸ਼ੇ ਸਮਝ ਕੇ ਨੀਤੀਆਂ ਬਣਾਉਣ ਦੀ ਬਜਾਏ, ਇੱਕਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ।
ਕਮਜ਼ੋਰ ਮੌਨਸੂਨ ਜਾਂ ਬਹੁਤ ਜ਼ਿਆਦਾ ਖ਼ਤਰਨਾਕ ਮੌਨਸੂਨ ਦੇ ਨਤੀਜਿਆਂ ਨਾਲ ਨਜਿੱਠਿਆ ਜਾ ਸਕਦਾ ਹੈ। ਭਾਰਤ ਦੀ ਪਾਣੀ ਦੀ ਨੀਤੀ ਲੰਮੇ ਸਮੇਂ ਤੋਂ ਮੌਸਮ ਦੇ ਹਿਸਾਬ ਨਾਲ ਹੀ ਚੱਲਦੀ ਰਹੀ ਹੈ ਕਿ ਜਦੋਂ ਹੜ੍ਹ ਆਉਣ ਤਾਂ ਘਬਰਾ ਜਾਓ, ਸੋਕਾ ਪੈਣ ’ਤੇ ਫ਼ਿਕਰ ਕਰੋ ਅਤੇ ਬਾਕੀ ਦਿਨਾਂ ਵਿੱਚ ਹੱਥ ’ਤੇ ਹੱਥ ਰੱਖ ਕੇ ਬੈਠੇ ਰਹੋ। ਪਾਣੀ ਨਾਲ ਜੁੜਿਆ ਇਹ ਮਾੜਾ ਚੱਕਰ ਹੁਣ ਬੰਦ ਹੋਣਾ ਚਾਹੀਦਾ ਹੈ।

