ਨਸਲਵਾਦ

ਨਸਲਵਾਦ

ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 2020 ਵਿਚ ਅਮਰੀਕਾ ਵਿਚ ਰਹਿੰਦੇ ਭਾਰਤੀ ਮੂਲ ਦੇ ਅਮਰੀਕਨਾਂ ਵਿਚੋਂ ਲਗਭੱਗ 50 ਫ਼ੀਸਦੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਹ ਸਰਵੇਖਣ ਜਿਸ ਨੂੰ ‘ਭਾਰਤੀ ਅਮਰੀਕਨ ਵਿਹਾਰ/ਰਵੱਈਆ ਸਰਵੇਖਣ’ (Indian American Attitudes Survey) ਕਿਹਾ ਗਿਆ ਹੈ, ਜੋਹਨ ਹਾਪਕਿਨਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਨੇ ‘ਯੂਗਵ’ (YouGov) ਨਾਂ ਦੀ ਸੰਸਥਾ ਨਾਲ ਮਿਲ ਕੇ ਕੀਤਾ। ਸਰਵੇਖਣ ਸਤੰਬਰ 2020 ਵਿਚ ਕੀਤਾ ਗਿਆ ਅਤੇ ਵਿਤਕਰੇ ਹੋਣ ਦੀ ਸਮਾਂ ਸੀਮਾ ਇਕ ਸਾਲ ਲਈ ਗਈ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਨਸਲਵਾਦੀ ਜਥੇਬੰਦੀਆਂ ਦੇਸ਼ ਵਿਚ ਨਸਲਵਾਦ ਉਭਾਰ ਰਹੀਆਂ ਸਨ। ਏਸ਼ੀਆ ਮੂਲ ਦੇ ਲੋਕਾਂ ਨੂੰ ਇਸ ਕਾਰਨ ਵੀ ਵਿਤਕਰਿਆਂ ਦਾ ਜ਼ਿਆਦਾ ਸਾਹਮਣਾ ਕਰਨਾ ਪਿਆ ਕਿਉਂਕਿ ਡੋਨਾਲਡ ਟਰੰਪ ਖ਼ੁਦ ਕੋਵਿਡ-19 ਨੂੰ ‘‘ਚੀਨੀ ਫਲੂ’’, ‘‘ਵੂਹਾਨ ਫਲੂ’’ ਆਦਿ ਕਹਿ ਕੇ ਗੋਰੇ ਨਸਲਵਾਦੀਆਂ ਦੀ ਹਿੰਮਤ ਵਧਾ ਰਿਹਾ ਸੀ। ਅਮਰੀਕਾ ਵਿਚ ਨਸਲਵਾਦ ਪ੍ਰਮੁੱਖ ਕੌਮੀ ਸਮੱਸਿਆ ਹੈ।

ਸਿੱਖ ਭਾਈਚਾਰਾ ਵੀ ਨਸਲਵਾਦੀ ਵਿਤਕਰੇ ਦਾ ਸ਼ਿਕਾਰ ਹੁੰਦਾ ਰਿਹਾ। ਅਪਰੈਲ 2021 ਵਿਚ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਫੈਡਐਕਸ ਦੇ ਸਥਾਨ ’ਤੇ ਚਲਾਈ ਗਈ ਗੋਲੀ ਵਿਚ 4 ਸਿੱਖ ਮਾਰੇ ਗਏ ਸਨ। ਇਸ ਤੋਂ ਪਹਿਲਾਂ ਹੋਈਆਂ ਕਈ ਘਟਨਾਵਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 2019 ਵਿਚ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਐਫ਼ਬੀਆਈ ਨੇ ਵੀ ਮੰਨਿਆ ਸੀ ਕਿ ਸਿੱਖ ਭਾਈਚਾਰੇ ਨੂੰ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਨਸਲਵਾਦੀ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ। ਗੋਰੇ ਨਸਲਵਾਦੀ ਇਹ ਸਮਝਦੇ ਹਨ ਕਿ ਅਫ਼ਰੀਕਾ ਅਤੇ ਏਸ਼ੀਆ ਮੂਲ ਦੇ ਵਾਸੀ ਅਮਰੀਕਾ ਵਿਚ ਆ ਕੇ ਗੋਰੇ ਲੋਕਾਂ ਦੀਆਂ ਨੌਕਰੀਆਂ ਅਤੇ ਜਾਇਦਾਦਾਂ ’ਤੇ ਕਬਜ਼ੇ ਕਰ ਰਹੇ ਹਨ। ਅਫ਼ਰੀਕੀ ਨਸਲ ਦੇ ਸਿਆਹਫ਼ਾਮ ਲੋਕਾਂ ਨੇ ਕਈ ਸਦੀਆਂ ਅਮਰੀਕਾ ਵਿਚ ਗੁਲਾਮੀ ਹੰਢਾਈ ਅਤੇ ਉਨ੍ਹਾਂ ’ਤੇ ਅਕਹਿ ਜ਼ੁਲਮ ਹੋਏ। 20ਵੀਂ ਸਦੀ ਦੇ ਸ਼ੁਰੂ ਵਿਚ ਭਾਰਤੀ ਅਮਰੀਕਾ ਵਿਚ ਜਾਣੇ ਸ਼ੁਰੂ ਹੋਏ ਅਤੇ ਉਨ੍ਹਾਂ ਨੂੰ ਵੀ ਬਹੁਤ ਥਾਵਾਂ ’ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ, ਫਰਾਂਸੀਸੀਆਂ ਅਤੇ ਸਪੇਨ ਵਾਸੀਆਂ ਨੇ, ਅਮਰੀਕਾ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਰੈੱਡ ਇੰਡੀਅਨਜ਼ ਕਿਹਾ ਜਾਂਦਾ ਹੈ, ’ਤੇ ਵੀ ਜਬਰ ਕੀਤਾ। ਇਸ ਸਭ ਕੁਝ ਦੇ ਬਾਵਜੂਦ ਅਮਰੀਕਾ ਵਿਚ ਸਮਾਨੰਤਰ ਜਮਹੂਰੀ ਲਹਿਰ ਕਾਇਮ ਰਹੀ ਹੈ ਜਿਹੜੀ ਨਸਲਵਾਦ ਅਤੇ ਹੋਰ ਵਿਤਕਰਿਆਂ ਦਾ ਵਿਰੋਧ ਕਰਦੀ ਹੈ। ਅਬਰਾਹਮ ਲਿੰਕਨ ਜਿਹਾ ਆਗੂ ਜਿਸ ਨੇ ਅਮਰੀਕਾ ਵਿਚ ਗੁਲਾਮੀ ਦੀ ਪ੍ਰਥਾ ਨੂੰ ਖ਼ਤਮ ਕੀਤਾ, ਅਜਿਹੀ ਲਹਿਰ ਦੀ ਹੀ ਪੈਦਾਵਾਰ ਸੀ। ਅਜਿਹੀਆਂ ਜਮਹੂਰੀ ਰਵਾਇਤਾਂ ਕਾਰਨ ਗੋਰੀ ਨਸਲ ਦੇ ਲੋਕਾਂ ਦੀ ਬਹੁਗਿਣਤੀ ਨਸਲਵਾਦ ਦੇ ਵਿਰੁੱਧ ਹੈ। ਅਜਿਹੇ ਸਰਵੇਖਣ ਵੀ ਲੰਮੇ ਸਮੇਂ ਤੋਂ ਚੱਲ ਰਹੀਆਂ ਜਮਹੂਰੀ ਰਵਾਇਤਾਂ ਕਾਰਨ ਹੀ ਕਰਾਏ ਜਾਂਦੇ ਹਨ।

ਨਸਲਵਾਦ ਇਕ ਵਿਚਾਰਧਾਰਾ ਹੈ ਜਿਸ ਅਨੁਸਾਰ ਇਕ ਨਸਲ ਦੇ ਲੋਕ ਆਪਣੇ ਰੰਗ, ਇਤਿਹਾਸ, ਸਭਿਆਚਾਰ ਆਦਿ ਨੂੰ ਆਧਾਰ ਬਣਾ ਕੇ ਦੂਸਰੀਆਂ ਨਸਲਾਂ ਦੇ ਲੋਕਾਂ ਨੂੰ ਆਪਣੇ ਤੋਂ ਘਟੀਆ ਅਤੇ ਅਸਭਿਆ ਸਮਝਦੇ ਹਨ। ਇਹ ਸਿਰਫ਼ ਗੋਰੀ ਨਸਲ ਦੇ ਲੋਕਾਂ ਤਕ ਹੀ ਮਹਿਦੂਦ ਨਹੀਂ ਸਗੋਂ ਹੋਰ ਨਸਲਾਂ ਦੇ ਲੋਕਾਂ ਵਿਚ ਵੀ ਪ੍ਰਚੱਲਿਤ ਹੈ। ਭਾਰਤੀ ਮੂਲ ਦੇ ਲੋਕਾਂ ਦੇ ਮਨਾਂ ਵਿਚ ਵੀ ਅਫ਼ਰੀਕੀ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਬਾਰੇ ਵੱਡੇ ਵਿਤਕਰੇ ਹਨ ਅਤੇ ਉਹ (ਭਾਰਤੀ) ਆਪਣੇ ਆਪ ਨੂੰ ਉਨ੍ਹਾਂ ਲੋਕਾਂ ਤੋਂ ਨਸਲੀ ਆਧਾਰ ’ਤੇ ਵਧੀਆ ਮੰਨਦੇ ਹਨ। ਭਾਰਤੀਆਂ ਵਿਚ ਜਾਤਪਾਤ ਦੇ ਆਧਾਰ ’ਤੇ ਹੁੰਦਾ ਵਿਤਕਰਾ ਵੀ ਨਸਲਵਾਦੀ ਵਿਤਕਰੇ ਨਾਲ ਮੇਲ ਖਾਂਦਾ ਹੈ। ਅਮਰੀਕਾ ਵਿਚ ਗੋਰੇ ਲੋਕਾਂ ਦਾ ਨਸਲਵਾਦ ਇਸ ਲਈ ਜ਼ਿਆਦਾ ਘਾਤਕ ਹੈ ਕਿਉਂਕਿ ਤਾਕਤ ਦਾ ਸੰਤੁਲਨ ਉਨ੍ਹਾਂ ਦੇ ਹੱਕ ਵਿਚ ਹੈ। ਅਜਿਹੀ ਵਿਚਾਰਧਾਰਾ ਵਿਰੁੱਧ ਹਰ ਪੱਧਰ ’ਤੇ ਲੜਿਆ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All