
ਭਾਰਤ ਅਤੇ ਆਸਟਰੇਲੀਆ ਵਿਚ ਖੇਡੇ ਜਾ ਰਹੇ ਕ੍ਰਿਕਟ ਮੈਚ ਵਿਚ ਭਾਰਤ ਦੇ ਖਿਡਾਰੀਆਂ ਜਸਪ੍ਰੀਤ ਸਿੰਘ ਬੁਮਰਾਹ ਅਤੇ ਮੁਹੰਮਦ ਸਿਰਾਜ ’ਤੇ ਕੁਝ ਦਰਸ਼ਕਾਂ ਨੇ ਲਗਾਤਾਰ ਨਸਲਵਾਦੀ ਟਿੱਪਣੀਆਂ ਕੀਤੀਆਂ। ਇਹੋ ਜਿਹਾ ਗਾਲੀ-ਗਲੋਚ ਜੋ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ, ਸ਼ਨਿੱਚਰਵਾਰ ਸਿਖ਼ਰ ’ਤੇ ਪਹੁੰਚਿਆ ਅਤੇ ਮੁਹੰਮਦ ਸਿਰਾਜ ਨੇ ਆਪਣੇ ਕਪਤਾਨ ਅਜਿਨਕਾ ਰਹਾਣੇ ਕੋਲ ਸ਼ਿਕਾਇਤ ਕੀਤੀ। ਖੇਡ 10 ਮਿੰਟ ਰੁਕੀ ਰਹੀ ਅਤੇ ਪੁਲੀਸ ਨੇ ਛੇ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ। ਭਾਰਤ ਦੀ ਟੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ-ICC) ਕੋਲ ਸ਼ਿਕਾਇਤ ਕੀਤੀ ਹੈ। ਨਸਲਵਾਦੀ ਗੋਰਿਆਂ ਨੇ ਜਸਪ੍ਰੀਤ ਅਤੇ ਸਿਰਾਜ ਨੂੰ ਨਿਹਾਇਤ ਭੱਦੇ ਬੋਲ ਬੋਲੇ।
ਆਸਟਰੇਲੀਆ ਦੀ ਕ੍ਰਿਕਟ ਟੀਮ ‘ਕ੍ਰਿਕਟ ਆਸਟਰੇਲੀਆ’ ਨੇ ਭਾਰਤ ਦੀ ਟੀਮ ਤੋਂ ਮੁਆਫ਼ੀ ਮੰਗੀ ਹੈ। ਨਸਲਵਾਦ ਬੇਹੱਦ ਗੰਭੀਰ ਮੁੱਦਾ ਹੈ ਜਿਹੜਾ ਮਨੁੱਖਤਾ ਨੂੰ ਰੰਗ ਅਤੇ ਨਸਲਾਂ ਦੇ ਆਧਾਰ ’ਤੇ ਵੰਡਦਾ ਹੈ। ਗੋਰੇ ਰੰਗ ਦੀਆਂ ਨਸਲਾਂ ਦੀ ਸਰਵਉੱਚਤਾ ਵਿਚ ਯਕੀਨ ਰੱਖਣ ਵਾਲੇ ਸਿਆਸਤਦਾਨ, ਚਿੰਤਕ ਅਤੇ ਕੁਝ ਹੋਰ ਲੋਕ ਹਮੇਸ਼ਾਂ ਇਹ ਸਮਝਦੇ ਆਏ ਹਨ ਕਿ ਗੋਰੀਆਂ ਨਸਲਾਂ ਦੇ ਲੋਕ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਤੋਂ ਜ਼ਿਆਦਾ ਸਭਿਆ ਤੇ ਅਕਲਮੰਦ ਹਨ। ਬਸਤੀਵਾਦ ਦੇ ਸਮਿਆਂ ਵਿਚ ਯੂਰੋਪ ਦੀਆਂ ਹਕੂਮਤਾਂ ਨੇ ਅਜਿਹੀ ਸੋਚ ਨੂੰ ਨਿਸ਼ਚਤ ਸੱਚ ਵਾਂਗ ਪ੍ਰਚਾਰਿਆ। ਏਸ਼ੀਆ ਅਤੇ ਅਫ਼ਰੀਕੀ ਲੋਕਾਂ ਨੂੰ ਗੁਲਾਮ ਬਣਾਉਣ ਲਈ ਇਸ ਸੋਚ ਨੂੰ ਕਿਸੇ ਸਿਧਾਂਤ ਵਾਂਗ ਪੇਸ਼ ਕਰਦਿਆਂ ਇਹ ਦਲੀਲਾਂ ਦਿੱਤੀਆਂ ਗਈਆਂ ਕਿ ਗੋਰੇ ਲੋਕ ਏਸ਼ੀਆ ਅਤੇ ਅਫ਼ਰੀਕਾ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਵਿਕਾਸ ਕਰ ਚੁੱਕੇ ਹਨ; ਗੋਰੇ ਲੋਕ ਜ਼ਿਆਦਾ ਤਰਕਸ਼ੀਲ ਅਤੇ ਸਮਝਦਾਰ ਹਨ ਜਦੋਂਕਿ ਏਸ਼ੀਆ ਅਤੇ ਅਫ਼ਰੀਕਾ ਦੇ ਲੋਕ ਭਾਵਨਾਵਾਂ ਦੇ ਵੇਗ ਵਿਚ ਵਹਿ ਜਾਣ ਵਾਲੇ ਅਤੇ ਤਰਕ ਤੋਂ ਵਿਰਵੇ ਹਨ; ਗੋਰੇ ਲੋਕਾਂ ਦਾ ਸਾਹਿਤ ਤੇ ਵਿਗਿਆਨ ਏਸ਼ੀਆ ਤੇ ਅਫ਼ਰੀਕਾ ਦੇ ਮੁਕਾਬਲੇ ਕਿਤੇ ਵਿਕਸਤ ਤੇ ਗਿਆਨ ਵਧਾਉਣ ਵਾਲਾ ਹੈ। ਇਸ ਧਾਰਨਾ ਲਈ ਦਲੀਲ ਘੜੀ ਕਿ ਗੋਰੀਆਂ ਨਸਲਾਂ ਮਨੁੱਖਤਾ ਦੇ ਵਿਕਾਸ ’ਚ ਪ੍ਰੋੜ੍ਹ ਮਨੁੱਖ ਦੀ ਪ੍ਰਤੀਨਿਧਤਾ ਕਰਦੀਆਂ ਹਨ ਜਦੋਂਕਿ ਏਸ਼ੀਆ ਤੇ ਅਫ਼ਰੀਕਾ ਦੇ ਲੋਕ ਮਨੁੱਖਤਾ ਦੇ ਵਿਕਾਸ ਦੇ ਪੜਾਅ ’ਚ ਬੱਚਿਆਂ ਵਰਗੇ ਹਨ। ਇਸ ਦਲੀਲ ਦੇ ਆਧਾਰ ’ਤੇ ਹੀ ਗੋਰੀਆਂ ਨਸਲਾਂ ਨੇ ਏਸ਼ੀਆ ਅਤੇ ਅਫ਼ਰੀਕਾ ਦੇ ਲੋਕਾਂ ’ਤੇ ਰਾਜ ਕਰਨ ਨੂੰ ਨੈਤਿਕ ਤੌਰ ’ਤੇ ਉਚਿਤ ਦੱਸਿਆ। ਬਰਤਾਨਵੀ ਸਾਹਿਤਕਾਰ ਆਰ. ਕਿਪਲੰਗ ਨੇ 1899 ਵਿਚ ਲਿਖੀ ਕਵਿਤਾ ਵਿਚ ਕਿਹਾ ਕਿ ‘‘ਗੋਰੇ ਆਦਮੀ ’ਤੇ ਇਹ ਬੋਝ ਹੈ’’ ਕਿ ਉਹ ਏਸ਼ੀਆ ਤੇ ਅਫ਼ਰੀਕਾ ਦੇ ਲੋਕਾਂ ਦੀ ਸਮਾਜਿਕ, ਸਭਿਆਚਾਰਕ ਤੇ ਆਰਥਿਕ ਤਰੱਕੀ ਦਾ ਭਾਰ ਉਠਾਏ। ਇਸ ਤਰ੍ਹਾਂ ਬਸਤੀਵਾਦ ਦੇ ਸਮਿਆਂ ’ਚ ਕੀਤੀ ਲੁੱਟ ਅਤੇ ਜਬਰ ਨੂੰ ਸਹੀ ਸਾਬਤ ਕੀਤਾ ਗਿਆ। ਦੁਖਾਂਤ ਇਹ ਹੈ ਕਿ ਇਹ ਸੋਚ ਬਹੁਤ ਸਾਰੇ ਗੋਰਿਆਂ ਅਤੇ ਗ਼ੈਰ-ਗੋਰੀਆਂ ਨਸਲਾਂ ਦੇ ਕੁਝ ਲੋਕਾਂ ਵਿਚ ਕਿਸੇ ਕੁਦਰਤੀ ਸੱਚ ਵਾਂਗ ਸਮਾ ਗਈ ਅਤੇ ਗੋਰਿਆਂ ਨੂੰ ਸਭਿਆਚਾਰਕ ਤੌਰ ’ਤੇ ਉਚੇਰੇ ਅਤੇ ਗੈਰ-ਗੋਰਿਆਂ ਨੂੰ ਨੀਵੇਂ ਦਰਜੇ ਦੇ ਲੋਕ ਸਮਝਿਆ ਜਾਣ ਲੱਗਾ। ਗੋਰੇ ਰੰਗ ਦੇ ਉਚੇਰੇਪਨ ਬਾਰੇ ਸਾਡੇ ਦੇਸ਼ ਅਤੇ ਖ਼ਾਸ ਕਰਕੇ ਉੱਤਰੀ ਭਾਰਤ ਵਿਚ ਪਾਈ ਜਾਂਦੀ ਸਮੂਹਿਕ ਸਮਝ ਵੀ ਨਿਰਾਸ਼ ਕਰਨ ਵਾਲੀ ਹੈ।
ਨਸਲਵਾਦ ਨੇ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ’ਤੇ ਵੱਡੇ ਕਹਿਰ ਢਾਹੇ ਹਨ। ਕੈਨੇਡਾ ਅਤੇ ਅਮਰੀਕਾ ਵਿਚ ਅਫ਼ਰੀਕੀ ਅਤੇ ਮੂਲ ਵਾਸੀਆਂ ’ਤੇ ਜਬਰ ਕੀਤਾ ਗਿਆ। ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਉੱਥੋਂ ਦੇ ਮੂਲ ਵਾਸੀ ਜ਼ੁਲਮ ਦਾ ਸ਼ਿਕਾਰ ਹੋਏ। ਲੋਕਾਂ ਨੇ ਇਸ ਜ਼ੁਲਮ ਜਬਰ ਵਿਰੁੱਧ ਵੱਡੇ ਸੰਘਰਸ਼ ਕੀਤੇ ਅਤੇ ਬਸਤੀਵਾਦ ਦਾ ਖਾਤਮਾ ਹੋਇਆ ਪਰ ਨਸਲਵਾਦੀ ਵਿਚਾਰਧਾਰਾ ਅਜੇ ਵੀ ਜ਼ਿੰਦਾ ਹੈ ਅਤੇ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਵਸਨੀਕਾਂ ਅਤੇ ਕਈ ਦੇਸ਼ਾਂ ਦੇ ਮੂਲ ਵਾਸੀਆਂ ਨੂੰ ਵੱਡੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂਕਿ ਸਰਕਾਰਾਂ ਅਤੇ ਸੰਸਥਾਵਾਂ ਨੂੰ ਇਸ ਵਰਤਾਰੇ ਨੂੰ ਰੋਕਣਾ ਯਕੀਨੀ ਬਣਾਉਣਾ ਚਾਹੀਦਾ ਹੈ ਉੱਥੇ ਦੁਨੀਆਂ ਦੀਆਂ ਸਮੁੱਚੀਆਂ ਜਮਹੂਰੀ ਤਾਕਤਾਂ ਨੂੰ ਇਸ ਵਿਚਾਰਧਾਰਾ ਵਿਰੁੱਧ ਲਗਾਤਾਰ ਸੰਘਰਸ਼ ਕਰਨ ਦੀ ਜ਼ਰੂਰਤ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ