ਅਮਰੀਕਾ ਵਿਚ ਹੋਰ ਹੀ ਰਾਸ਼ਟਰਪਤੀ ਦੀ ਚੋਣ ਵਿਚ ਡੋਨਾਲਡ ਟਰੰਪ ਨੇ ਇਕ ਟਵੀਟ ਵਿਚ ਕਿਹਾ ਹੈ, ‘‘ਚੀਨ ਵੱਲ ਦੇਖੋ, ਇਹ ਕਿੰਨਾ ਗੰਦਾ ਏ! ਰੂਸ ਵੱਲ ਵੇਖੋ। ਭਾਰਤ ਵੱਲ ਵੇਖੋ-ਇਹ ਗੰਦਾ ਏ, ਇਸ ਦੀ ਹਵਾ ਗੰਧਲੀ ਹੈ।’’ ਟਰੰਪ ਨੇ ਇਸ ਤੋਂ ਪਹਿਲਾਂ ਵੀ ਭਾਰਤ, ਚੀਨ ਅਤੇ ਰੂਸ ਬਾਰੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ, ਚੀਨ, ਰੂਸ ਅਤੇ ਕਈ ਹੋਰ ਦੇਸ਼ਾਂ ਵਿਚ ਵਾਤਾਵਰਨ ਬਾਰੇ ਕਈ ਤਰ੍ਹਾਂ ਦੇ ਮਸਲੇ ਅਤੇ ਚੁਣੌਤੀਆਂ ਹਨ ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਟਰੰਪ ਦੀਆਂ ਟਿੱਪਣੀਆਂ ਵਿਚ ਨਸਲਵਾਦ ਅਤੇ ਨਫ਼ਰਤ ਭਰੀ ਹੋਈ ਹੈ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਟਿੱਪਣੀਆਂ ਉਹ ਰਾਸ਼ਟਰਪਤੀ ਕਰ ਰਿਹਾ ਹੈ ਜਿਸ ਦੀ ਅਗਵਾਈ ਵਿਚ ਅਮਰੀਕਾ 2017 ਵਿਚ ਵਾਤਾਵਰਨ ਸੁਧਾਰਨ ਬਾਰੇ ਪੈਰਿਸ ਐਲਾਨਨਾਮੇ ’ਚੋਂ ਬਾਹਰ ਆ ਗਿਆ ਸੀ। ਟਰੰਪ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਹਮੇਸ਼ਾਂ ਨਸਲਵਾਦੀ ਰਹੀਆਂ ਹਨ। ਮਿਨੀਆਪੋਲਿਸ ਪੁਲੀਸ ਦੇ ਇਕ ਅਧਿਕਾਰੀ ਵੱਲੋਂ ਸਿਆਹਫ਼ਾਮ ਨਸਲ ਦੇ ਜਾਰਜ ਫਲਾਇਡ ਨੂੰ ਮਾਰਨ ਤੋਂ ਬਾਅਦ ਹੋਏ ਮੁਜ਼ਾਹਰਿਆਂ ਦੌਰਾਨ ਵੀ ਉਸ ਦੀ ਵਿਤਕਰੇ ਭਰੀ ਸੋਚ ਸਾਰੀ ਦੁਨੀਆ ਦੇ ਸਾਹਮਣੇ ਬੇਪਰਦ ਹੋਈ ਸੀ।
ਸਤੰਬਰ ਵਿਚ ਕੀਤੀ ਗਈ ਇਕ ਟਿੱਪਣੀ ਵਿਚ ਵੀ ਟਰੰਪ ਨੇ ਕਿਹਾ ਸੀ, ‘‘ਚੀਨ ਨਿਰਾ ਗੰਦ ਹਵਾ ਵਿਚ ਸੁੱਟਦਾ ਹੈ। ਰੂਸ ਵੀ ਏਦਾਂ ਕਰਦਾ ਹੈ। ਭਾਰਤ ਏਦਾਂ ਕਰਦਾ ਹੈ। ਇਹ ਸਾਰੇ ਇਹੋ ਕੰਮ ਕਰਦੇ ਹਨ।’’ ਭਾਰਤ ਨੂੰ ਹਵਾ, ਪਾਣੀ ਅਤੇ ਜ਼ਮੀਨ ਦੇ ਪ੍ਰਦੂਸ਼ਣ ਬਾਰੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਸਤੇ ਸਰਕਾਰ ਨੂੰ ਪ੍ਰਦੂਸ਼ਣ ਘਟਾਉਣ ਅਤੇ ਜਨਤਕ ਟਰਾਂਸਪੋਰਟ ਪ੍ਰਣਾਲੀ ਮਜ਼ਬੂਤ ਕਰਨ ਲਈ ਜ਼ਿਆਦਾ ਫੰਡ ਮੁਹੱਈਆ ਕਰਾਉਣੇ ਚਾਹੀਦੇ ਹਨ। ਭਾਰਤ ਦੀਆਂ ਮੁਸ਼ਕਿਲਾਂ ਵਿਕਾਸ ਕਰ ਰਹੇ ਅਤੇ ਬਸਤੀਵਾਦ ਹੇਠ ਪਿਸ ਚੁੱਕੇ ਦੂਸਰੇ ਦੇਸ਼ਾਂ ਦੀਆਂ ਮੁਸ਼ਕਿਲਾਂ ਵਰਗੀਆਂ ਹਨ। ਇਨ੍ਹਾਂ ਨੂੰ ਇਕ ਅਮੀਰ ਅਤੇ ਵਿਕਸਤ ਦੇਸ਼ ਦੇ ਸ਼ੀਸ਼ਿਆਂ ਰਾਹੀਂ ਨਹੀਂ ਦੇਖਿਆ ਜਾਣਾ ਚਾਹੀਦਾ। ਵਿਰੋਧਾਭਾਸ ਇਹ ਹੈ ਕਿ ਅਮਰੀਕਾ ਨੇ ਪੈਰਿਸ ਐਲਾਨਨਾਮੇ ਤੋਂ ਬਾਹਰ ਆ ਕੇ ਖ਼ਰਬਾਂ ਡਾਲਰ ਤਾਂ ਬਚਾਏ ਹਨ ਪਰ ਇਸ ਦੇ ਨਾਲ ਹੀ ਉਹ ਦੁਨੀਆ ਦੇ ਵਾਤਾਵਰਨ ਸੁਧਾਰਨ ਦੀ ਜ਼ਿੰਮੇਵਾਰੀ ਤੋਂ ਪਿਛਾਂਹ ਹਟਿਆ ਹੈ।
ਭਾਰਤ ਵਾਸੀਆਂ ਵਾਸਤੇ ਟਰੰਪ ਦੀ ਟਿੱਪਣੀ ਜ਼ਿਆਦਾ ਹੈਰਾਨ ਕਰਨ ਵਾਲੀ ਇਸ ਲਈ ਵੀ ਹੈ ਕਿਉਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਤਾਂ ਟਰੰਪ ਦੇ ਸੋਹਲੇ ਗਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪਿਛਲੇ ਸਾਲ ਅਮਰੀਕਾ ਵਿਚ ‘‘ਹਾਊਡੀ ਮੋਦੀ’’ ਜਿਹੀ ਰੈਲੀ ਕਰ ਕੇ ਅਤੇ ਇਸ ਸਾਲ ਟਰੰਪ ਨੂੰ ਅਹਿਮਦਾਬਾਦ ਬੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਮਾਣ-ਸਨਮਾਨ ਦਿੱਤਾ ਹੈ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀਆਂ ਚੋਣਾਂ ਵਿਚ ਕਿਸੇ ਉਮੀਦਵਾਰ ਦੀ ਏਨੀ ਖੁੱਲ੍ਹੀ ਹਮਾਇਤ ਕੀਤੀ ਹੋਵੇ। ਅਮਰੀਕਾ ਵਿਚ ਵੀ ਮੋਦੀ-ਪੱਖੀਆਂ ਨੇ ਮੋਦੀ ਅਤੇ ਟਰੰਪ ਦੇ ਝੰਡੇ ਝੁਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਰਵਾਇਤੀ ਤੌਰ ’ਤੇ ਭਾਰਤ ਅਤੇ ਤੀਸਰੀ ਦੁਨੀਆ ਦੇ ਹੋਰ ਦੇਸ਼ਾਂ ਤੋਂ ਅਮਰੀਕਾ ’ਚ ਜਾ ਕੇ ਵਸੇ ਬਾਸ਼ਿੰਦੇ ਡੈਮੋਕਰੈਟਿਕ ਪਾਰਟੀ ਦੀ ਹਮਾਇਤ ਕਰਦੇ ਆਏ ਹਨ ਕਿਉਂਕਿ ਉਸ ਨੂੰ ਜ਼ਿਆਦਾ ਉਦਾਰਵਾਦੀ ਅਤੇ ਪਰਵਾਸੀਆਂ ਪ੍ਰਤੀ ਹਮਦਰਦੀ ਰੱਖਣ ਵਾਲੀ ਪਾਰਟੀ ਸਮਝਿਆ ਜਾਂਦਾ ਹੈ। ਟਰੰਪ ਦੀਆਂ ਇਹ ਟਿੱਪਣੀਆਂ ਉਸ ਦੇ ਅਭਿਮਾਨ ਤੇ ਹੰਕਾਰ ਦੀਆਂ ਪ੍ਰਤੀਕ ਹਨ। ਭਾਰਤ ਵਾਸੀਆਂ ਲਈ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਜਦ ਟਰੰਪ ਅਹਿਮਦਾਬਾਦ ਆਇਆ ਸੀ ਤਾਂ ਹਵਾਈ ਅੱਡੇ ਤੋਂ ਉਸ ਦੀ ਰਹਿਣ ਵਾਲੀ ਥਾਂ ਤਕ ਜਾਂਦੀ ਰਾਹ ’ਚ ਪੈਂਦੀ ਗ਼ਰੀਬ ਬਸਤੀ ਨੂੰ ਛੁਪਾਉਣ ਲਈ ਦੀਵਾਰ ਬਣਾਈ ਗਈ ਸੀ। ਬਾਅਦ ਵਿਚ ਦੱਸਿਆ ਗਿਆ ਸੀ ਕਿ ਦੀਵਾਰ ਸੁਰੱਖਿਆ ਕਾਰਨਾਂ ਕਰ ਕੇ ਬਣਾਈ ਗਈ। ਸੁਭਾਵਿਕ ਹੈ ਕਿ ਦੇਸ਼ ਵਾਸੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣਾ ਚਾਹੁਣਗੇ ਕਿ ਅਮਰੀਕਾ ਦੇ ਉਸ ਸਿਆਸੀ ਨੇਤਾ, ਜਿਸ ਦਾ ਏਨੀ ਵੱਡੀ ਪੱਧਰ ’ਤੇ ਸਵਾਗਤ ਕੀਤਾ ਗਿਆ, ਨੇ ਭਾਰਤ ਬਾਰੇ ਅਜਿਹੀ ਗ਼ੈਰ-ਸੰਜੀਦਾ ਟਿੱਪਣੀ ਕਿਉਂ ਕੀਤੀ ਹੈ।