ਪੰਜਾਬ ਦੇ ਹਵਾਈ ਨਾਕੇ
ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਆਉਂਦੇ ਨਸ਼ਿਆਂ ਅਤੇ ਹਥਿਆਰਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਹਵਾਈ ਨਾਕਿਆਂ’ (ਆਸਮਾਨ ਵਿੱਚ ਚੈੱਕ ਪੁਆਇੰਟਸ) ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਇਸ ਉੱਭਰਦੇ ਖ਼ਤਰੇ ਨਾਲ ਨਜਿੱਠਣ ਵੱਲ ਇੱਕ ਨਿਵੇਕਲਾ ਕਦਮ ਹੈ। ਤਸਕਰੀ ਕਰਨ ਵਾਲੇ...
ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਆਉਂਦੇ ਨਸ਼ਿਆਂ ਅਤੇ ਹਥਿਆਰਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਹਵਾਈ ਨਾਕਿਆਂ’ (ਆਸਮਾਨ ਵਿੱਚ ਚੈੱਕ ਪੁਆਇੰਟਸ) ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਇਸ ਉੱਭਰਦੇ ਖ਼ਤਰੇ ਨਾਲ ਨਜਿੱਠਣ ਵੱਲ ਇੱਕ ਨਿਵੇਕਲਾ ਕਦਮ ਹੈ। ਤਸਕਰੀ ਕਰਨ ਵਾਲੇ ਗਰੋਹਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਤਕਨਾਲੋਜੀ ਨੂੰ ਅਪਣਾ ਲਿਆ ਹੈ। ਉਨ੍ਹਾਂ ਨੇ ਪੈਦਲ ਤਸਕਰਾਂ ਦੀ ਜਗ੍ਹਾ ਜੀ ਪੀ ਐੱਸ ਨਾਲ ਚੱਲਣ ਵਾਲੇ ਡਰੋਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਜੋ ਭਾਰਤੀ ਖੇਤਰ ਦੇ ਅੰਦਰ ਤੱਕ ਹੈਰੋਇਨ, ਹਥਿਆਰ ਅਤੇ ਗੋਲਾ-ਬਾਰੂਦ ਸੁੱਟਣ ਦੇ ਸਮਰੱਥ ਹਨ। ਆਸਮਾਨ ਵਿੱਚ ਉੱਡ ਰਹੇ ਦੁਸ਼ਮਣ ਨੂੰ ਰੋਕਣ ਵਿੱਚ ਆਮ ਸੜਕੀ ਨਾਕੇ ਬਹੁਤੇ ਅਸਰਦਾਰ ਨਹੀਂ ਹੋ ਸਕਦੇ। ਦਰਅਸਲ, ਇਸ ਸਮੱਸਿਆ ਦਾ ਦਾਇਰਾ ਬਹੁਤ ਵੱਡਾ ਹੈ। ਪੰਜਾਬ ਡਰੋਨਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਦਾ ਮੁੱਖ ਕੇਂਦਰ ਬਣ ਗਿਆ ਹੈ ਕਿਉਂਕਿ ਦੇਸ਼ ਵਿੱਚ ਵਾਪਰੀਆਂ ਅਜਿਹੀਆਂ ਕਈ ਘਟਨਾਵਾਂ ਇਸੇ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਹੀ ਸਾਹਮਣੇ ਆਈਆਂ ਹਨ। ਨਸ਼ਾ ਤਸਕਰੀ ਹੁਣ ਸਿਰਫ਼ ਕਾਨੂੰਨ ਵਿਵਸਥਾ ਦਾ ਮਸਲਾ ਨਹੀਂ ਰਹੀ ਸਗੋਂ ਇਹ ਇੱਕ ਵੱਡੀ ਸਿਹਤ ਐਮਰਜੈਂਸੀ ਬਣ ਚੁੱਕੀ ਹੈ, ਜਿਸ ਨੇ ਅਣਗਿਣਤ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਇੱਕ ਗੰਭੀਰ ਕੌਮੀ ਸੁਰੱਖਿਆ ਦਾ ਖ਼ਤਰਾ ਵੀ ਹੈ ਕਿਉਂਕਿ ਇਹੀ ਰਸਤੇ ਹਥਿਆਰ ਪਹੁੰਚਾਉਣ ਅਤੇ ਅਤਿਵਾਦੀ ਨੈੱਟਵਰਕਾਂ ਨੂੰ ਫੰਡ ਦੇਣ ਲਈ ਵਰਤੇ ਜਾ ਰਹੇ ਹਨ।
‘ਹਵਾਈ ਨਾਕਿਆਂ’ ਦਾ ਇਹ ਵਿਚਾਰ ਮੌਕੇ ’ਤੇ ਕੀਤੀ ਜਾਣ ਵਾਲੀ ਕਾਰਵਾਈ ਦੀ ਬਜਾਏ ਪਹਿਲਾਂ ਹੀ ਸੁਚੇਤ ਹੋ ਕੇ ਕਦਮ ਚੁੱਕਣ ਦੀ ਇੱਕ ਸ਼ਲਾਘਾਯੋਗ ਤਬਦੀਲੀ ਨੂੰ ਦਰਸਾਉਂਦਾ ਹੈ। ਸਿਰਫ਼ ਨਸ਼ੇ ਦੀ ਖੇਪ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਬਰਾਮਦ ਕਰਨ ਦੀ ਬਜਾਏ ਹੁਣ ਧਿਆਨ ਇਸ ਗੱਲ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ ਕਿ ਆਸਮਾਨ ਵਿੱਚ ਨਜ਼ਰ ਰੱਖੀ ਜਾਵੇ ਤਾਂ ਜੋ ਡਰੋਨਾਂ ਦਾ ਪਤਾ ਲਾਇਆ ਜਾ ਸਕੇ, ਉਨ੍ਹਾਂ ਦੇ ਉੱਡਣ ਦੇ ਰਸਤਿਆਂ ਨੂੰ ਟਰੈਕ ਕੀਤਾ ਜਾ ਸਕੇ, ਸੁੱਟਣ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਖੇਪ ਨੂੰ ਚੁੱਕਣ ਲਈ ਉਡੀਕ ਕਰ ਰਹੇ ਸਥਾਨਕ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ। ਖ਼ੁਫ਼ੀਆ ਜਾਣਕਾਰੀ, ਡਰੋਨ ਵਿਰੋਧੀ ਪ੍ਰਣਾਲੀਆਂ (ਐਂਟੀ-ਡਰੋਨ ਸਿਸਟਮ) ਅਤੇ ਪੰਜਾਬ ਪੁਲੀਸ, ਬੀ ਐੱਸ ਐੱਫ ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਵਿਚਕਾਰ ਆਪਸੀ ਤਾਲਮੇਲ ਨਾਲ ਇਹ ਰਣਨੀਤੀ ਤਸਕਰਾਂ ਲਈ ਖ਼ਤਰਿਆਂ ਨੂੰ ਕਾਫ਼ੀ ਹੱਦ ਤੱਕ ਵਧਾ ਸਕਦੀ ਹੈ।
ਇਹ ਤੱਥ ਹੈ ਕਿ ਤਸਕਰੀ ਕਰਨ ਵਾਲੇ ਗਰੋਹ ਲਗਾਤਾਰ ਆਪਣੇ ਆਪ ਨੂੰ ਬਦਲ ਰਹੇ ਹਨ ਅਤੇ ਉਹ ਵੱਡੇ ਡਰੋਨਾਂ, ਐਨਕ੍ਰਿਪਟਡ (ਗੁਪਤ) ਸੰਚਾਰ ਸਾਧਨਾਂ ਅਤੇ ਨਿੱਤ ਨਵੇਂ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਤਕਨਾਲੋਜੀ ਦੇ ਨਾਲ-ਨਾਲ ਲਗਾਤਾਰ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ, ਤਸਕਰੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਮਜ਼ਬੂਤ ਵਿੱਤੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਫੌਰੀ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਅਸਰਦਾਰ ਨਸ਼ਾ ਛੁਡਾਊ, ਮੁੜ-ਵਸੇਬਾ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਓਨੇ ਹੀ ਅਹਿਮ ਹਨ। ਜੇਕਰ ‘ਹਵਾਈ ਨਾਕਿਆਂ’ ਨੂੰ ਲੋੜੀਂਦੇ ਸਾਧਨਾਂ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਸਰਹੱਦ ਪਾਰੋਂ ਹੋਣ ਵਾਲੇ ਅਪਰਾਧਾਂ ਦੇ ਨਵੇਂ ਰੂਪ ਵਿਰੁੱਧ ਮਿਸਾਲੀ ਮਾਡਲ ਬਣ ਸਕਦੇ ਹਨ।

