Punjab Municipal Elections: ‘ਆਪ’ ਦੀ ਜਿੱਤ
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਸੂਬੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਸਟੀਕ ਸੰਕੇਤ ਤਾਂ ਨਹੀਂ ਹਨ, ਪਰ ਇਹ ਮਹੱਤਵਪੂਰਨ ਰਾਜਸੀ ਇਸ਼ਾਰਾ ਕਰਦੇ ਹਨ। ਨਗਰ ਨਿਗਮ ਅਤੇ ਨਗਰ ਕੌਂਸਲ...
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਸੂਬੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਸਟੀਕ ਸੰਕੇਤ ਤਾਂ ਨਹੀਂ ਹਨ, ਪਰ ਇਹ ਮਹੱਤਵਪੂਰਨ ਰਾਜਸੀ ਇਸ਼ਾਰਾ ਕਰਦੇ ਹਨ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਸੂਬਾਈ ਪੱਧਰ ਦੇ ਵਿਆਪਕ ਬਿਰਤਾਂਤਾਂ ਦੀ ਬਜਾਏ ਮੁਕਾਮੀ ਮੁੱਦੇ ਵੱਧ ਭਾਰੂ ਹੁੰਦੇ ਹਨ। ਆਮ ਤੌਰ ’ਤੇ ਅਜਿਹੀਆਂ ਚੋਣਾਂ ਵਿੱਚ ਸੱਤਾਧਾਰੀ ਧਿਰਾਂ ਨੂੰ ਲਾਹਾ ਮਿਲਦਾ ਹੈ ਕਿਉਂਕਿ ਵੋਟਰ ਮੰਨਦੇ ਹਨ ਕਿ ਵਿਕਾਸ ਫੰਡ ਅਤੇ ਪ੍ਰਸ਼ਾਸਨਿਕ ਕੰਮ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਹੀ ਆਸਾਨੀ ਨਾਲ ਹੋ ਸਕਦੇ ਹਨ।
ਇਹ ਰੁਝਾਨ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਜਦੋਂ ਆਮ ਆਦਮੀ ਪਾਰਟੀ (ਆਪ) ਨੇ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਜਦੋਂਕਿ ਕਾਂਗਰਸ ਦੂਜੇ ਸਥਾਨ ’ਤੇ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ, ਆਜ਼ਾਦ ਉਮੀਦਵਾਰਾਂ ਨਾਲੋਂ ਵੀ ਪੱਛੜ ਗਈਆਂ। ਇਨ੍ਹਾਂ ਅੰਕੜਿਆਂ ਨੂੰ ਗਹੁ ਨਾਲ ਦੇਖਣਾ ਬਣਦਾ ਹੈ। ਪੰਜਾਬ ਵਿੱਚ ਮਤਦਾਨ ਤਕਰੀਬਨ 64 ਫ਼ੀਸਦੀ ਰਿਹਾ, ਪਰ ਨਿਗਰ ਨਿਗਮਾਂ ਵਿੱਚ ਵੋਟਿੰਗ 60 ਫ਼ੀਸਦੀ ਤੋਂ ਵੀ ਘੱਟ ਹੋਈ, ਜੋ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੇ ਮੱਠੇ ਉਤਸ਼ਾਹ ਨੂੰ ਦਰਸਾਉਂਦੀ ਹੈ।
ਖ਼ੈਰ, ਇਨ੍ਹਾਂ ਚੋਣਾਂ ਦੌਰਾਨ ਲੋਕਾਂ ਵਿੱਚ ਵੋਟਾਂ ਪਾਉਣ ਲਈ ਉਤਸ਼ਾਹ ਨਜ਼ਰ ਨਹੀਂ ਆਇਆ, ਜਿਸ ਕਾਰਨ ਹੁਣੇ ਤੋਂ ਵਿਧਾਨ ਸਭਾ ਚੋਣਾਂ ਦੇ ਮੁਕਾਬਲਿਆਂ ਦੀ ਭਵਿੱਖਬਾਣੀ ਕਰਨਾ ਮੁਸ਼ਕਿਲ ਹੈ ਪਰ ਵਿਧਾਨ ਸਭਾ ਚੋਣਾਂ ਵਿੱਚ ਆਮ ਤੌਰ ’ਤੇ ਮਤਦਾਨ ਵੱਧ ਹੁੰਦਾ ਹੈ ਅਤੇ ਸਿਆਸੀ ਮੁੱਦੇ ਵੀ ਵਿਆਪਕ ਹੁੰਦੇ ਹਨ।ਇਸ ਦੇ ਬਾਵਜੂਦ ਇਹ ਚੋਣ ਨਤੀਜੇ ਵਿਰੋਧੀ ਧਿਰਾਂ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਪੰਜਾਬ ਵਿੱਚ ਨਸ਼ਿਆਂ, ਗੈਂਗਸਟਰਵਾਦ, ਡਾਵਾਂਡੋਲ ਕਾਨੂੰਨ ਵਿਵਸਥਾ ਤੇ ਮਾੜੇ ਰਾਜ ਪ੍ਰਬੰਧ ਵਰਗੇ ਮੁੱਦਿਆਂ ’ਤੇ ਸਰਕਾਰ ਦੀ ਆਲੋਚਨਾ ਕਰਨ ਦੇ ਬਾਵਜੂਦ ਵਿਰੋਧੀ ਪਾਰਟੀਆਂ ਸਰਕਾਰ ਖ਼ਿਲਾਫ਼ ਉੱਠੇ ਲੋਕ ਰੋਹ ਦੀ ਮੁਹਾਣ ਆਪਣੇ ਵੱਲ ਮੋੜਨ ਵਿੱਚ ਅਸਫ਼ਲ ਰਹੀਆਂ ਹਨ। ਕਾਂਗਰਸ ਪਾਰਟੀ ਧੜੇਬਾਜ਼ੀ ਅਤੇ ਲੀਡਰਸ਼ਿਪ ਦੇ ਖਲਾਅ ਨਾਲ ਜੂਝ ਰਹੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਬੇਅਦਬੀ ਕਾਂਡ ਅਤੇ ਕਿਸਾਨ ਅੰਦੋਲਨ ਦੌਰਾਨ ਪੈਦਾ ਹੋਏ ਲੋਕ ਰੋਹ ਤੋਂ ਉਭਰਨ ਲਈ ਜੱਦੋਜਹਿਦ ਕਰ ਰਿਹਾ ਹੈ।
ਦੂਜੇ ਪਾਸੇ, ਭਾਜਪਾ ਨੇ ਸੂਬੇ ਵਿੱਚ ਆਪਣੀ ਸਥਿਤੀ ਬਹੁਤੀ ਮਜ਼ਬੂਤ ਨਾ ਹੋਣ ਦੇ ਬਾਵਜੂਦ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਜੱਟ ਸਿੱਖ ਚਿਹਰੇ ਵਜੋਂ ਨਿਯੁਕਤੀ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਨੇ ਆਪਣੇ ਰਵਾਇਤੀ ਸ਼ਹਿਰੀ-ਹਿੰਦੂ ਆਧਾਰ ਤੋਂ ਅਗਾਂਹ ਵਧਣ ਦੀ ਕੋਸ਼ਿਸ਼ ਕੀਤੀ ਹੈ। ਖ਼ੈਰ, ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕਾਫ਼ੀ ਸਮਾਂ ਪਿਆ ਹੈ। ਫਿਲਹਾਲ ‘ਆਮ ਆਦਮੀ ਪਾਰਟੀ’ ਨੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਹੈ ਜਦੋਂਕਿ ਵਿਰੋਧੀ ਧਿਰਾਂ ਹਾਲੇ ਵੀ ਇੱਕਜੁਟਤਾ ਦੀ ਘਾਟ ਅਤੇ ਸਹੀ ਦਿਸ਼ਾ ਵੱਲ ਤੁਰਨ ਲਈ ਜੂਝ ਰਹੀਆਂ ਹਨ।

