DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੂਤਰਾਂ ਦੀ ਸੁਰੱਖਿਆ ਜ਼ਰੂਰੀ

ਕਿਸੇ ਪੱਤਰਕਾਰ ਵੱਲੋਂ ਆਪਣੇ ਗੁਪਤ ਸੂਤਰ ਦੀ ਰੱਖਿਆ ਕਰਨ ਦਾ ਵਾਅਦਾ ਮਹਿਜ਼ ਪੇਸ਼ੇਵਰ ਸ਼ਿਸ਼ਟਾਚਾਰ ਨਹੀਂ ਹੈ ਸਗੋਂ ਖੋਜੀ ਪੱਤਰਕਾਰੀ ਦਾ ਮੁੱਖ ਆਧਾਰ ਹੈ। ਇਸ ਭਰੋਸੇ ਤੋਂ ਬਿਨਾਂ ਭ੍ਰਿਸ਼ਟਾਚਾਰ ਜਾਂ ਗ਼ਲਤ ਕੰਮਾਂ ਦਾ ਪਰਦਾਫਾਸ਼ ਕਰਨ ਵਾਲੇ (ਵਿਸਲਬਲੋਅਰ) ਚੁੱਪ ਰਹਿ ਸਕਦੇ ਹਨ,...

  • fb
  • twitter
  • whatsapp
  • whatsapp
Advertisement

ਕਿਸੇ ਪੱਤਰਕਾਰ ਵੱਲੋਂ ਆਪਣੇ ਗੁਪਤ ਸੂਤਰ ਦੀ ਰੱਖਿਆ ਕਰਨ ਦਾ ਵਾਅਦਾ ਮਹਿਜ਼ ਪੇਸ਼ੇਵਰ ਸ਼ਿਸ਼ਟਾਚਾਰ ਨਹੀਂ ਹੈ ਸਗੋਂ ਖੋਜੀ ਪੱਤਰਕਾਰੀ ਦਾ ਮੁੱਖ ਆਧਾਰ ਹੈ। ਇਸ ਭਰੋਸੇ ਤੋਂ ਬਿਨਾਂ ਭ੍ਰਿਸ਼ਟਾਚਾਰ ਜਾਂ ਗ਼ਲਤ ਕੰਮਾਂ ਦਾ ਪਰਦਾਫਾਸ਼ ਕਰਨ ਵਾਲੇ (ਵਿਸਲਬਲੋਅਰ) ਚੁੱਪ ਰਹਿ ਸਕਦੇ ਹਨ, ਗ਼ਲਤ ਕੰਮਾਂ ਦੇ ਸਬੂਤ ਕਦੇ ਸਾਹਮਣੇ ਨਹੀਂ ਆ ਸਕਦੇ ਅਤੇ ਜਮਹੂਰੀਅਤ ਲਈ ਜ਼ਰੂਰੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਣੋਂ ਰੁਕ ਸਕਦੀ ਹੈ। ਭਾਰਤ ਦੇ ‘ਡਿਜੀਟਲ ਨਿੱਜੀ ਡੇਟਾ ਸੁਰੱਖਿਆ’ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਕਾਨੂੰਨੀ ਚੁਣੌਤੀ ਨੇ ਇਸ ਅਹਿਮ ਮੁੱਦੇ ਨੂੰ ਮੁੜ ਸੁਰਖ਼ੀਆਂ ਵਿੱਚ ਲਿਆਂਦਾ ਹੈ। ‘ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ’ (ਡੀ ਐੱਨ ਪੀ ਏ) ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਇਸ ਕਾਨੂੰਨ ਦੀਆਂ ਕੁਝ ਵਿਵਸਥਾਵਾਂ ਪੱਤਰਕਾਰਾਂ ਦੇ ਗੁਪਤ ਸੂਤਰਾਂ ਨੂੰ ਬੇਨਕਾਬ ਕਰ ਸਕਦੀਆਂ ਹਨ ਅਤੇ ਜਾਂਚ ਵਿੱਚ ਰੁਕਾਵਟ ਪਾ ਸਕਦੀਆਂ ਹਨ। ਇਸ ਚਿੰਤਾ ਦਾ ਮੁੱਖ ਕਾਰਨ ਇਸ ਕਾਨੂੰਨ ਤਹਿਤ ਸਰਕਾਰ ਦੀ ਉਹ ਤਾਕਤ ਹੈ, ਜਿਸ ਨਾਲ ਉਹ ਨਿੱਜੀ ਡੇਟਾ ਸੰਭਾਲਣ ਵਾਲੀਆਂ ਸੰਸਥਾਵਾਂ ਤੋਂ ਜਾਣਕਾਰੀ ਮੰਗ ਸਕਦੀ ਹੈ ਅਤੇ ਇਸ ਨਾਲ ਪੱਤਰਕਾਰਾਂ ’ਤੇ ਭਰੋਸਾ ਕਰਕੇ ਗੁਪਤ ਤੌਰ ’ਤੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਖ਼ਤਰੇ ਵਿੱਚ ਪੈ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਇਸ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਤੈਅ ਕੀਤੀ ਗਈ ਹੈ।

ਅਜੋਕੀ ਡਿਜੀਟਲ ਦੁਨੀਆ ਵਿੱਚ ਨਿੱਜਤਾ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਨਾਗਰਿਕਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਤੋਂ ਉਨ੍ਹਾਂ ਦਾ ਬਚਾਅ ਹੋਣਾ ਚਾਹੀਦਾ ਹੈ ਪਰ ਨਿੱਜਤਾ ਦੀ ਰਾਖੀ ਲਈ ਬਣਾਏ ਗਏ ਕਿਸੇ ਕਾਨੂੰਨ ਨੂੰ ਅਜਿਹਾ ਹਥਿਆਰ ਨਹੀਂ ਬਣਨ ਦੇਣਾ ਚਾਹੀਦਾ, ਜੋ ਅਣਜਾਣਪੁਣੇ ਵਿੱਚ ਹੀ ਸਹੀ ਪਰ ਜਾਂਚ-ਪੜਤਾਲ ਦੇ ਰਾਹ ਵਿੱਚ ਰੁਕਾਵਟ ਬਣ ਜਾਵੇ। ਭ੍ਰਿਸ਼ਟਾਚਾਰ, ਅਹੁਦੇ ਦੀ ਦੁਰਵਰਤੋਂ ਅਤੇ ਕੰਪਨੀਆਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾਂ ਦੀ ਪੜਤਾਲ ਜ਼ਿਆਦਾਤਰ ਉਨ੍ਹਾਂ ਅੰਦਰੂਨੀ ਬੰਦਿਆਂ ’ਤੇ ਨਿਰਭਰ ਕਰਦੀ ਹੈ, ਜੋ ਆਪਣੀ ਜਾਨ ਨੂੰ ਵੱਡੇ ਖ਼ਤਰੇ ਵਿੱਚ ਪਾ ਕੇ ਬੋਲਣ ਲਈ ਤਿਆਰ ਹੁੰਦੇ ਹਨ। ਜੇਕਰ ਲੋੜੀਂਦੇ ਸੁਰੱਖਿਆ ਉਪਾਵਾਂ ਤੋਂ ਬਿਨਾਂ ਉਨ੍ਹਾਂ ਦੀ ਪਛਾਣ ਜਨਤਕ ਹੋ ਸਕਦੀ ਹੈ ਤਾਂ ਇਸ ਨਾਲ ਪੱਤਰਕਾਰੀ ’ਤੇ ਬਹੁਤ ਮਾੜਾ ਅਤੇ ਖ਼ੌਫ਼ਨਾਕ ਪ੍ਰਭਾਵ ਪੈ ਸਕਦਾ ਹੈ।

Advertisement

ਇਸ ਦੇ ਨਾਲ ਹੀ ਸੂਤਰਾਂ ਦੀ ਰੱਖਿਆ ਕਰਨ ਦਾ ਅਧਿਕਾਰ ਪੱਤਰਕਾਰਾਂ ਨੂੰ ਬਿਨਾਂ ਕਿਸੇ ਜਵਾਬਦੇਹੀ ਤੋਂ ਕੰਮ ਕਰਨ ਦਾ ਲਾਇਸੈਂਸ ਨਹੀਂ ਦਿੰਦਾ। ਇਸ ਦੇ ਬਾਵਜੂਦ ਕੋਈ ਵੀ ਅਪਵਾਦ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ, ਜ਼ਰੂਰੀ ਅਤੇ ਸੁਤੰਤਰ ਨਿਆਂਇਕ ਨਿਗਰਾਨੀ ਅਧੀਨ ਹੋਣਾ ਚਾਹੀਦਾ ਹੈ। ਨਿਊਜ਼ ਰੂਮ ਦੇ ਰਿਕਾਰਡ ਤੱਕ ਬਿਨਾਂ ਕਿਸੇ ਰੋਕ-ਟੋਕ ਤੋਂ ਪਹੁੰਚ ਸੂਤਰਾਂ ਦੀ ਸੁਰੱਖਿਆ ਅਤੇ ਲੋਕਾਂ ਦੇ ਜਾਣਨ ਦੇ ਅਧਿਕਾਰ, ਦੋਵਾਂ ਨੂੰ ਕਮਜ਼ੋਰ ਕਰ ਸਕਦੀ ਹੈ। ਸੁਪਰੀਮ ਕੋਰਟ ਨੂੰ ਨਿੱਜਤਾ ਅਤੇ ਪ੍ਰੈੱਸ ਦੀ ਆਜ਼ਾਦੀ ਵਿਚਕਾਰ ਲਾਜ਼ਮੀ ਸੰਤੁਲਨ ਬਣਾਉਣਾ ਚਾਹੀਦਾ ਹੈ। ਭਰੋਸੇਯੋਗ ਪੱਤਰਕਾਰੀ ਲਈ ਸਪੱਸ਼ਟ ਛੋਟ ਮਿਲਣੀ ਚਾਹੀਦੀ ਹੈ ਅਤੇ ਸੂਤਰਾਂ ਨੂੰ ਗੁਪਤ ਰੱਖਣ ਲਈ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ। ਇਸ ਨਾਲ ਇਹ ਕਾਨੂੰਨ ਲੋਕ-ਹਿੱਤ ਦੀ ਪੱਤਰਕਾਰੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣੇਗਾ।

Advertisement

Advertisement
×