ਅਕਸ ਦਾ ਬਚਾਓ

ਅਕਸ ਦਾ ਬਚਾਓ

ਰ ਸਰਕਾਰ ਆਪਣੇ ਅਕਸ ਬਾਰੇ ਚੇਤਨ ਹੁੰਦੀ ਹੈ। ਅਜੋਕੇ ਸਮਿਆਂ ’ਚ ਮੀਡੀਆ ਲੋਕਾਂ ਦੇ ਮਨਾਂ ’ਚ ਸਰਕਾਰਾਂ, ਸੰਸਥਾਵਾਂ, ਜਥੇਬੰਦੀਆਂ ਤੇ ਵਿਅਕਤੀਆਂ ਦੇ ਅਕਸ ਘੜਨ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਸਰਕਾਰਾਂ ਅਕਸ ਸੁਧਾਰਨ ਲਈ ਆਪਣੀ ਕਾਰਗੁਜ਼ਾਰੀ ਬਾਰੇ ਵਧ-ਚੜ੍ਹ ਕੇ ਪ੍ਰਚਾਰ ਕਰਦੀਆਂ ਅਤੇ ਮੰਤਰੀ ਤੇ ਸੱਤਾਧਾਰੀ ਪਾਰਟੀ ਦੇ ਆਗੂ ਪ੍ਰੈੱਸ ਕਾਨਫਰੰਸਾਂ ਕਰਦੇ ਅਤੇ ਇੰਟਰਵਿਊ ਦਿੰਦੇ ਹਨ। ਆਪਣਾ ਅਕਸ ਉਭਾਰਨ ਲਈ ਸਰਕਾਰਾਂ ਕੋਲ ਇਸ਼ਤਿਹਾਰਾਂ ਦਾ ਕਾਰਗਰ ਵਸੀਲਾ ਵੀ ਹੁੰਦਾ ਹੈ। ਅੱਜਕੱਲ੍ਹ ਕਈ ਏਜੰਸੀਆਂ ਸਰਕਾਰਾਂ ਤੇ ਹੋਰ ਸੰਸਥਾਵਾਂ ਦਾ ਮੀਡੀਆ ਵਿਚ ਅਕਸ ਬਣਾਉਣ ਦਾ ਕੰਮ ਪੇਸ਼ੇਵਾਰਾਨਾ ਤਰੀਕੇ ਨਾਲ ਕਰਦੀਆਂ ਹਨ। ਭਾਰਤ ਸਰਕਾਰ ਕੋਵਿਡ-19 ਦੇ ਮਾਮਲੇ ਨੂੰ ਲੈ ਕੇ ਵਿਦੇਸ਼ੀ ਮੀਡੀਆ ਵਿਚ ਹੋਈ ਸਰਕਾਰ ਦੀ ਅਕਾਸੀ ਬਾਰੇ ਕਾਫੀ ਫ਼ਿਕਰਮੰਦ ਜਾਪਦੀ ਹੈ। ਦੁਨੀਆ ਦੇ ਪ੍ਰਮੁੱਖ ਅਖ਼ਬਾਰਾਂ ਜਿਨ੍ਹਾਂ ਵਿਚ ‘ਦਿ ਆਸਟਰੇਲੀਅਨ’, ‘ਗਾਰਡੀਅਨ’, ‘ਨਿਊਯਾਰਕ ਟਾਈਮਜ਼’, ‘ਲੇ-ਮੋਂਦ’ ਅਤੇ ਹੋਰ ਅਖ਼ਬਾਰਾਂ ਸ਼ਾਮਲ ਹਨ, ਨੇ ਭਾਰਤ ਸਰਕਾਰ ਦੀ ਕੋਵਿਡ-19 ਦੀ ਮਹਾਮਾਰੀ ਨਾਲ ਨਜਿੱਠਣ ਲਈ ਕੀਤੀ ਗਈ ਕਾਰਗੁਜ਼ਾਰੀ ਦੀ ਤਿੱਖੀ ਆਲੋਚਨਾ ਕੀਤੀ ਹੈ। ‘ਦਿ ਆਸਟਰੇਲੀਅਨ’ ਵਿਚ ਛਪੇ ਇਕ ਲੇਖ ਵਿਚ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਗਿਆ ਸੀ ਕਿ ਕੇਂਦਰੀ ਮੰਤਰੀ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਵੱਡੀਆਂ ਰੈਲੀਆਂ ਕਰਦੇ ਰਹੇ ਜਿਸ ਕਾਰਨ ਕਰੋਨਾ ਬਹੁਤ ਤੇਜ਼ੀ ਨਾਲ ਫੈਲਿਆ। ਭਾਰਤ ਦੇ ਆਸਟਰੇਲੀਆ ਵਿਚਲੇ ਸਫਾਰਤਖਾਨੇ ਨੇ ਇਸ ਲੇਖ ਨੂੰ ਭਾਰਤ ਦੀ ਬਦਨਾਮੀ ਕਰਨ ਵਾਲਾ ਅਤੇ ਗ਼ਲਤ ਅੰਕੜਿਆਂ ’ਤੇ ਆਧਾਰਿਤ ਦੱਸਿਆ ਸੀ।

ਹੁਣ ਭਾਰਤ ਦੇ ਅਮਰੀਕਾ ਵਿਚਲੇ ਸਫਾਰਤਖਾਨੇ ਨੇ ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੱਛਮੀ ਸੰਸਾਰ ਦੇ ਮੀਡੀਆ ਵਿਚ ਭਾਰਤ ਬਾਰੇ ਹੋ ਰਹੀ ਨਾਕਾਰਾਤਮਕ ਅਕਾਸੀ ਨੂੰ ਠੀਕ ਕਰਨ ਵਿਚ ਹੱਥ ਵਟਾਉਣ। ਭਾਰਤ ਸਰਕਾਰ ਤੇ ਸਫਾਰਤਖਾਨਾ ਇਹ ਭੁੱਲ ਰਹੇ ਹਨ ਜਿਥੇ ਉਨ੍ਹਾਂ ਨੂੰ ਆਪਣਾ ਅਕਸ ਸੁਧਾਰਨ ਲਈ ਹਰ ਯਤਨ ਕਰਨ ਦਾ ਅਧਿਕਾਰ ਹੈ, ਉੱਥੇ ਮੀਡੀਆ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਟਿੱਪਣੀ ਕਰਨ ਦਾ ਪੂਰਾ ਪੂਰਾ ਹੱਕ ਹੈ। ਅਮਰੀਕਾ, ਪੱਛਮੀ ਯੂਰੋਪ, ਆਸਟਰੇਲੀਆ ਤੇ ਹੋਰ ਦੇਸ਼ਾਂ ਵਿਚ ਭਾਰਤ ਦੀ ਕੋਵਿਡ-19 ਨਾਲ ਨਜਿੱਠਣ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਾਕਾਰਾਤਮਕ ਬਿਰਤਾਂਤ ਇਸ ਕਾਰਨ ਉਭਰਿਆ ਹੈ ਕਿ ਸਰਕਾਰ ਨਾ ਸਿਰਫ਼ ਕੋਵਿਡ-19 ਦੀ ਮਹਾਮਾਰੀ ਨਾਲ ਜ਼ਮੀਨੀ ਪੱਧਰ ’ਤੇ ਨਜਿੱਠਣ ਵਿਚ ਅਸਫ਼ਲ ਰਹੀ ਹੈ ਸਗੋਂ ਅਜਿਹੇ ਦਾਅਵੇ ਵੀ ਕਰਦੀ ਰਹੀ ਹੈ ਜਿਹੜੇ ਤੱਥਾਂ ’ਤੇ ਆਧਾਰਿਤ ਨਹੀਂ ਸਨ। ਇਸੇ ਤਰ੍ਹਾਂ ਪਿਛਲੇ ਕੁਝ ਸਾਲਾਂ ਵਿਚ ਵਧ ਰਹੀ ਸੰਪਰਦਾਇਕਤਾ, ਹਜੂਮੀ ਹਿੰਸਾ ਦੀਆਂ ਕਾਰਵਾਈਆਂ, ਸਮਾਜਿਕ ਕਾਰਕੁਨਾਂ ’ਤੇ ਹੋਏ ਜਬਰ, ਨਾਗਰਿਕਤਾ ਸੋਧ ਕਾਨੂੰਨ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਨੇ ਵੀ ਸਰਕਾਰ ਦੇ ਅਕਸ ਨੂੰ ਠੇਸ ਲਗਾਈ ਹੈ। ਦੇਸ਼ ਦੇ ਅੰਦਰ ਤੇ ਬਾਹਰ ਲੋਕਾਂ ਵਿਚ ਇਹ ਪ੍ਰਭਾਵ ਗਿਆ ਹੈ ਕਿ ਸਰਕਾਰ ਆਪਣੇ ਨਾਲ ਅਸਹਿਮਤੀ ਅਤੇ ਅਲੱਗ ਨਜ਼ਰੀਆ ਰੱਖਣ ਵਾਲੇ ਵਿਅਕਤੀਆਂ ਨੂੰ ਤੰਗ ਕਰ ਰਹੀ ਹੈ ਅਤੇ ਜਮਹੂਰੀਅਤ ਨੂੰ ਖੋਰਾ ਲੱਗ ਰਿਹਾ ਹੈ।

ਹੁਣ ਅਮਰੀਕਾ ਵਿਚ ਸਾਡੇ ਸਫਾਰਤਖਾਨੇ ਦਾ ਵਿਦਿਆਰਥੀਆਂ ਨੂੰ ਅਮਰੀਕਾ ਦੇ ਮੀਡੀਆ ਵਿਚਲੇ ਭਾਰਤ ਦੇ ਅਕਸ ਨੂੰ ਸੁਧਾਰਨ ਵਿਚ ਹੱਥ ਵਟਾਉਣ ਲਈ ਕਹਿਣਾ ਕੋਈ ਸਹੀ ਕਦਮ ਨਹੀਂ ਹੈ। ਅਮਰੀਕਾ ਦੇ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਗਏ ਵਿਦਿਆਰਥੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਵਿਕਾਸ ਆਜ਼ਾਦਾਨਾ ਰੂਪ ਵਿਚ ਹੋਏ ਅਤੇ ਉਹ ਆਪਣੀ ਸੁਤੰਤਰ ਸੂਝ ਸਮਝ ਦੇ ਆਧਾਰ ’ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਰਖਣ। ਉਨ੍ਹਾਂ ਨੂੰ ਸਰਕਾਰ ਦੇ ਅਕਸ ਸੁਧਾਰਨ ਵਾਲੀ ਪਹੁੰਚ ਅਪਣਾਉਣ ਲਈ ਕਹਿਣਾ ਅੰਧਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਦੇਸ਼ ਦਾ ਭਲਾ ਨਹੀਂ ਹੋਣ ਵਾਲਾ। ਵਿਦਿਆਰਥੀਆਂ ਦਾ ਆਜ਼ਾਦ ਮਾਹੌਲ ਵਿਚ ਪ੍ਰਫੁੱਲਿਤ ਹੋਣਾ ਵਿਦਿਆਰਥੀਆਂ ਤੇ ਦੇਸ਼ ਦੋਹਾਂ ਦੇ ਹਿੱਤ ਵਿਚ ਹੈ। ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਸਹੀ ਦਿਸ਼ਾ ਵਾਲੀ ਹੋਵੇਗੀ, ਕੋਈ ਵੀ ਚੇਤੰਨ ਵਿਦਵਾਨ, ਚਿੰਤਕ, ਲੇਖਕ ਜਾਂ ਵਿਦਿਆਰਥੀ ਉਸ ਦੀ ਹਮਾਇਤ ਕਰੇਗਾ; ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਵਿਚ ਕਮੀਆਂ ਹੋਣਗੀਆਂ, ਉੱਥੇ ਆਲੋਚਨਾ ਹੋਵੇਗੀ। ਆਲੋਚਨਾ ਨੂੰ ਸੁਣਨ ਅਤੇ ਮੀਡੀਆ ਵਿਚ ਉਭਾਰੀਆਂ ਕਮੀਆਂ ਨੂੰ ਦੂਰ ਕਰਨ ਨਾਲ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਅਕਸ ਵਿਚ ਆਪਣੇ ਆਪ ਸੁਧਾਰ ਹੁੰਦਾ ਹੈ। ਸਰਕਾਰ ਅਤੇ ਸਫਾਰਤਖਾਨਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਵਿਚਾਰਧਾਰਕ ਵਿਕਾਸ ਵਿਚ ਦਖਲ ਨਹੀਂ ਦੇਣਾ ਚਾਹੀਦਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All