DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਦੂਸ਼ਣ ਰੋਕਥਾਮ ਜਾਂ ਖੱਜਲ-ਖ਼ੁਆਰੀ

ਦਿੱਲੀ ਸਰਕਾਰ ਦੀਆਂ ਨਵੀਆਂ ਪ੍ਰਦੂਸ਼ਣ ਰੋਕੂ ਪਾਬੰਦੀਆਂ ਨੇ ਇੱਕ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਾਨੂੰਨ ਮੁਤਾਬਿਕ ਗੱਡੀਆਂ ਖ਼ਰੀਦੀਆਂ, ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕੀਤੀ ਅਤੇ ਜਿਨ੍ਹਾਂ ਕੋਲ ਪ੍ਰਦੂਸ਼ਣ ਕੰਟਰੋਲ ਹੇਠ ਹੋਣ ਦਾ ਸਰਟੀਫਿਕੇਟ ਵੀ ਹੈ,...

  • fb
  • twitter
  • whatsapp
  • whatsapp
Advertisement

ਦਿੱਲੀ ਸਰਕਾਰ ਦੀਆਂ ਨਵੀਆਂ ਪ੍ਰਦੂਸ਼ਣ ਰੋਕੂ ਪਾਬੰਦੀਆਂ ਨੇ ਇੱਕ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਾਨੂੰਨ ਮੁਤਾਬਿਕ ਗੱਡੀਆਂ ਖ਼ਰੀਦੀਆਂ, ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕੀਤੀ ਅਤੇ ਜਿਨ੍ਹਾਂ ਕੋਲ ਪ੍ਰਦੂਸ਼ਣ ਕੰਟਰੋਲ ਹੇਠ ਹੋਣ ਦਾ ਸਰਟੀਫਿਕੇਟ ਵੀ ਹੈ, ਉਨ੍ਹਾਂ ਨੂੰ ਸਿਰਫ਼ ਇਸ ਲਈ ਕਿਉਂ ਖੱਜਲ ਕੀਤਾ ਜਾਵੇ ਕਿ ਉਨ੍ਹਾਂ ਦੀਆਂ ਗੱਡੀਆਂ ਨਵੇਂ ਮਾਡਲ ਦੀਆਂ ਨਹੀਂ ਹਨ? 1 ਨਵੰਬਰ ਤੋਂ ਲਾਗੂ ਹੋਈਆਂ ਪਾਬੰਦੀਆਂ, ਜਿਨ੍ਹਾਂ ਵਿੱਚ ਦਿੱਲੀ ਤੋਂ ਬਾਹਰ ਰਜਿਸਟਰਡ ਬੀ ਐੱਸ-6 ਤੋਂ ਹੇਠਲੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਦਾਖ਼ਲੇ ’ਤੇ ਰੋਕ ਲਾਈ ਗਈ ਹੈ, ਨੇ ਇਸ ਦੁਬਿਧਾ ਨੂੰ ਉਜਾਗਰ ਕਰ ਦਿੱਤਾ ਹੈ। ਦਿੱਲੀ ਦੇ ਵੱਖ-ਵੱਖ ਦਾਖ਼ਲਾ ਪੁਆਇੰਟਾਂ ’ਤੇ ਲੰਮੀਆਂ ਕਤਾਰਾਂ ਕਾਰਨ ਯਾਤਰੀ ਘੰਟਿਆਂਬੱਧੀ ਫਸੇ ਰਹੇ ਕਿਉਂਕਿ ਬੀ ਐੱਸ-6 ਮਿਆਰਾਂ ’ਤੇ ਪੂਰੇ ਨਾ ਉੱਤਰਨ ਵਾਲੇ ਵਾਹਨਾਂ ਨੂੰ ਮੋੜ ਦਿੱਤਾ ਗਿਆ ਸੀ। ਇਸ ਹਫੜਾ-ਦਫੜੀ ਵਰਗੇ ਹਾਲਾਤ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੋ ਰੋਜ਼ਾਨਾ ਨੌਕਰੀ, ਪੜ੍ਹਾਈ ਅਤੇ ਕਾਰੋਬਾਰ ਲਈ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਂਦੇ ਹਨ। ਇਸ ਦੇ ਨਾਲ ਹੀ ਪੰਜਾਬ ਤੇ ਰਾਜਸਥਾਨ ਵਰਗੇ ਹੋਰ ਸੂਬਿਆਂ ਤੋਂ ਕੰਮਕਾਰ ਜਾਂ ਉਡਾਣਾਂ ਫੜਨ ਲਈ ਆਉਣ ਵਾਲੇ ਮੁਸਾਫ਼ਰਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।

ਇੱਕ ਮੱਧਵਰਗੀ ਪਰਿਵਾਰ (ਜਿਸ ਨੇ ਪੂਰੇ ਭਰੋਸੇ ਨਾਲ ਬੀ ਐੱਸ-4 ਗੱਡੀ ਖ਼ਰੀਦੀ ਸੀ) ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਨਿਯਮ ਬਦਲਣ ਕਾਰਨ ਰਾਤੋ-ਰਾਤ ਆਪਣੀ ਚੰਗੀ-ਭਲੀ ਚੱਲਦੀ ਗੱਡੀ ਨੂੰ ਬਦਲ ਲਵੇ। ਮੋਟਰਸਾਈਕਲ/ਸਕੂਟਰ ਚਾਲਕਾਂ, ਛੋਟੇ ਦੁਕਾਨਦਾਰਾਂ ਅਤੇ ਦਿਹਾੜੀਦਾਰਾਂ ਲਈ ਤਾਂ ਇਸ ਦੇ ਵਿੱਤੀ ਨੁਕਸਾਨ ਹੋਰ ਵੀ ਵੱਡੇ ਅਤੇ ਮਾਰੂ ਸਾਬਿਤ ਹੋ ਸਕਦੇ ਹਨ। ਪ੍ਰਦੂਸ਼ਣ ਕੰਟਰੋਲ ਹੇਠ ਹੋਣ ਦਾ ਜਾਇਜ਼ ਸਰਟੀਫਿਕੇਟ ਵੀ ਦਿੱਲੀ ਵਿੱਚ ਦਾਖ਼ਲੇ ਦੀ ਗਾਰੰਟੀ ਨਹੀਂ ਦਿੰਦਾ, ਜੋ ਕਿ ਪੁਰਾਣੇ ਨਿਯਮਾਂ ਦੀ ਪਾਲਣਾ ਅਤੇ ਨਵੀਆਂ ਪਾਬੰਦੀਆਂ ਵਿਚਕਾਰਲੇ ਪਾੜੇ ਨੂੰ ਸਾਫ਼ ਜ਼ਾਹਿਰ ਕਰਦਾ ਹੈ। ਲੱਖਾਂ ਪਰਿਵਾਰਾਂ ਲਈ ਗੱਡੀ ਬਦਲਣਾ ਕੋਈ ਸੌਖਾ ਫ਼ੈਸਲਾ ਨਹੀਂ ਹੈ। ਬੀ ਐੱਸ-6 ਗੱਡੀਆਂ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਖ਼ਰੀਦਣ ਲਈ ਭਾਰੀ ਖ਼ਰਚਾ ਕਰਨਾ ਪੈਂਦਾ ਹੈ ਜਦੋਂਕਿ ਗੱਡੀ ਦੀਆਂ ਕਿਸ਼ਤਾਂ, ਤੇਲ ਅਤੇ ਰੱਖ-ਰਖਾਅ ਦੇ ਖ਼ਰਚਿਆਂ ਨੇ ਘਰਾਂ ਦਾ ਬਜਟ ਪਹਿਲਾਂ ਹੀ ਲੀਹੋਂ ਲਾਹਿਆ ਹੋਇਆ ਹੈ। ਜੋ ਪਾਬੰਦੀਆਂ ਜ਼ਮੀਨੀ ਸਚਾਈ ਨੂੰ ਅੱਖੋਂ ਪਰੋਖੇ ਕਰਦੀਆਂ ਹਨ, ਉਹ ਪ੍ਰਦੂਸ਼ਣ ਨੂੰ ਕਾਬੂ ਹੇਠ ਲਿਆਉਣ ਦੀ ਕਵਾਇਦ ਦੀ ਥਾਂ ਲੋਕਾਂ ਨੂੰ ਸਜ਼ਾ ਦੇਣ ਵਰਗੀਆਂ ਜਾਪਦੀਆਂ ਹਨ।

Advertisement

ਅਜਿਹੀਆਂ ਪਾਬੰਦੀਆਂ ਲਾਉਣ ਤੋਂ ਪਹਿਲਾਂ ਸਰਕਾਰਾਂ ਨੂੰ ਕਿਫ਼ਾਇਤੀ ਅਤੇ ਭਰੋਸੇਯੋਗ ਬਦਲ ਯਕੀਨੀ ਬਣਾਉਣੇ ਚਾਹੀਦੇ ਹਨ। ਸਖ਼ਤ ਪਾਬੰਦੀਆਂ ਲਾਉਣ ਤੋਂ ਪਹਿਲਾਂ ਐੱਨ ਸੀ ਆਰ ਸ਼ਹਿਰਾਂ ਤੋਂ ਬੱਸਾਂ ਦਾ ਬਿਹਤਰ ਸੰਪਰਕ, ਢੁਕਵੀਆਂ ਮੈਟਰੋ ਸੇਵਾਵਾਂ ਅਤੇ ਸ਼ਹਿਰਾਂ ਦੇ ਆਖ਼ਰੀ ਸਿਰੇ ਤੱਕ ਆਵਾਜਾਈ ਦੇ ਪ੍ਰਬੰਧ ਹੋਣੇ ਲਾਜ਼ਮੀ ਹਨ। ਇਸ ਦੇ ਨਾਲ ਹੀ ਗੱਡੀਆਂ ਬਦਲਣ ਲਈ ਇੱਕ ਨਿਸ਼ਚਿਤ ਸਮਾਂ-ਸੀਮਾ ਅਤੇ ਪ੍ਰਭਾਵਿਤ ਹੋਣ ਵਾਲੇ ਮੁਸਾਫ਼ਰਾਂ ਲਈ ਖ਼ਾਸ ਰਾਹਤ ਬਾਰੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਆਪਣੇ ਗੁਆਂਢੀ ਸੂਬਿਆਂ ਅਤੇ ਉੱਥੋਂ ਦੇ ਵਸਨੀਕਾਂ ਸਿਰ ਭਾਰ ਮੜ੍ਹ ਕੇ ਆਪਣੀ ਹਵਾ ਸਾਫ਼ ਨਹੀਂ ਕਰ ਸਕਦੀ। ਵਾਤਾਵਰਣ ਦੀ ਸੰਭਾਲ ਨਿਆਂਪੂਰਨ ਅਤੇ ਅਮਲੀ ਹੋਣੀ ਚਾਹੀਦੀ ਹੈ। ਸਾਫ਼ ਹਵਾ ’ਤੇ ਹਰ ਇੱਕ ਦਾ ਹੱਕ ਹੈ, ਨਾ ਕਿ ਸਿਰਫ਼ ਉਨ੍ਹਾਂ ਲੋਕਾਂ ਦੀ ਜਾਗੀਰ ਜੋ ਨਵੀਂ ਗੱਡੀ ਖ਼ਰੀਦਣ ਦੀ ਸਮਰੱਥਾ ਰੱਖਦੇ ਹਨ।

Advertisement

Advertisement
×