ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਕੁਖਿਆਤ ਗੈਂਗਸਟਰ ਵਿਕਾਸ ਦੂਬੇ ਨੂੰ ਉਜੈਨ ਵਿਚ ਮਹਾਂਕਾਲ ਮੰਦਰ ਤੋਂ ਬਾਹਰ ਆਉਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਵਿਕਾਸ ਦੂਬੇ ਅਤੇ ਉਸ ਦੇ ਗੈਂਗ ਨੇ 3 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ 8 ਪੁਲੀਸ ਕਰਮੀਆਂ, ਜਿਨ੍ਹਾਂ ਵਿਚ ਇਕ ਡੀਐੱਸਪੀ ਵੀ ਸ਼ਾਮਲ ਸੀ, ਨੂੰ ਉਦੋਂ ਗੋਲਾਬਾਰੀ ਕਰਕੇ ਮਾਰ ਦਿੱਤਾ ਸੀ ਜਦ ਇਹ ਪੁਲੀਸ ਪਾਰਟੀ ਉਹਦੇ ਘਰ ਵੱਲ ਉਹਨੂੰ ਗ੍ਰਿਫ਼ਤਾਰ ਕਰਨ ਜਾ ਰਹੀ ਸੀ। ਦੱਸਿਆ ਜਾਂਦਾ ਰਿਹਾ ਹੈ ਕਿ ਪੁਲੀਸ ਵਿਚੋਂ ਹੀ ਕਿਸੇ ਨੇ ਵਿਕਾਸ ਦੂਬੇ ਨੂੰ ਇਸ ਛਾਪੇ ਬਾਰੇ ਸੂਹ ਦੇ ਦਿੱਤੀ ਸੀ। ਇਸ ਸਬੰਧ ਵਿਚ 2 ਪੁਲੀਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਿਕਾਸ ਦੂਬੇ ਦੇ ਪੁਲੀਸ ਕਰਮਚਾਰੀਆਂ ਨਾਲ ਸਬੰਧਾਂ ਬਾਰੇ 200 ਤੋਂ ਵੱਧ ਪੁਲੀਸ ਕਰਮਚਾਰੀਆਂ ਤੋਂ ਪੁੱਛਗਿੱਛ ਹੋ ਰਹੀ ਹੈ। ਵਿਕਾਸ ਦੂਬੇ ’ਤੇ ਲਗਭਗ 60 ਫ਼ੌਜਦਾਰੀ ਕੇਸ ਚੱਲ ਰਹੇ ਹਨ।
ਵਿਕਾਸ ਦੂਬੇ ਦਾ ਕੇਸ ਭਾਰਤ ਦੇ ਲਗਭਗ ਸਭ ਸੂਬਿਆਂ ਵਿਚ ਸਿਆਸੀ ਜਮਾਤ, ਅਪਰਾਧੀਆਂ ਅਤੇ ਪੁਲੀਸ ਵਿਚਲੇ ਗੱਠਜੋੜ ਦੇ ਵਰਤਾਰੇ ਦੀ ਵੱਡੀ ਉਦਾਹਰਨ ਹੈ। ਕਾਨਪੁਰ ਦਿਹਾਤ ਜ਼ਿਲ੍ਹੇ ਦੇ ਚੌਬਾਪੁਰ ਇਲਾਕੇ ਦੇ ਰਹਿਣ ਵਾਲੇ ਵਿਕਾਸ ਦੂਬੇ ਨੇ ਆਪਣਾ ਅਪਰਾਧੀ ਜੀਵਨ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਨ ਤੋਂ ਸ਼ੁਰੂ ਕੀਤਾ। ਉਸ ਸਮੇਂ ਉਸ ਨੂੰ ਸਿਆਸੀ ਤੌਰ ’ਤੇ ਭਾਰਤੀ ਜਨਤਾ ਪਾਰਟੀ ਦੇ ਸੰਤੋਸ਼ ਸ਼ੁਕਲਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦਾ ਉਸ ਨੇ 2001 ਵਿਚ ਕਤਲ ਕਰ ਦਿੱਤਾ। ਇਸ ਹਮਲੇ ਵਿਚ 2 ਪੁਲੀਸ ਵਾਲੇ ਵੀ ਮਾਰੇ ਗਏ। ਇਸ ਤੋਂ ਬਾਅਦ ਵਿਕਾਸ ਦੂਬੇ ਨੇ ਕਈ ਕਤਲ ਅਤੇ ਹੋਰ ਅਪਰਾਧ ਕੀਤੇ ਪਰ ਬਹੁਤ ਸਾਰੇ ਮਾਮਲਿਆਂ ਵਿਚ ਉਸ ਦੇ ਵਿਰੁੱਧ ਦੋਸ਼ ਸਾਬਤ ਨਾ ਹੋ ਸਕੇ। ਇਨ੍ਹਾਂ ਵਿਚੋਂ ਭਾਜਪਾ ਆਗੂ ਸੰਤੋਸ਼ ਸ਼ੁਕਲਾ ਵਾਲਾ ਮਾਮਲਾ ਸਭ ਤੋਂ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਸ ਵਿਚ ਉਹ ਪੁਲੀਸ ਕਰਮਚਾਰੀ, ਜਿਹੜੇ ਮੌਕੇ ਦੇ ਗਵਾਹ ਸਨ, ਵੀ ਅਦਾਲਤ ਵਿਚ ਗਵਾਹੀ ਦੇਣ ਤੋਂ ਮੁੱਕਰ ਗਏ। 2004 ਵਿਚ ਵਿਕਾਸ ਦੂਬੇ ਨੂੰ ਤਾਰਾ ਚੰਦ ਇੰਟਰ ਕਾਲਜ ਦੇ ਪ੍ਰਿੰਸੀਪਲ ਸਦੇਸ਼ਵਰ ਪਾਂਡੇ ਦੇ ਕਤਲ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਪਰ ਜਲਦੀ ਹੀ ਉਹਨੂੰ ਜ਼ਮਾਨਤ ਮਿਲ ਗਈ ਅਤੇ ਬਾਅਦ ਵਿਚ ਪੁਲੀਸ ਸੁਰੱਖਿਆ ਵੀ ਦਿੱਤੀ ਗਈ। ਉਸ ਨੇ ਕਈ ਸਿਆਸੀ ਪਾਰਟੀਆਂ ਬਦਲੀਆਂ ਅਤੇ ਪੁਲੀਸ ਸੁਰੱਖਿਆ ਦਾ ਮਿਲਣਾ ਉਸ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਨਜ਼ਦੀਕੀਆਂ ਦਾ ਸਬੂਤ ਹੈ। ਉਸ ਨੂੰ ਇਕ ਮਜ਼ਬੂਤ ਬ੍ਰਾਹਮਣ ਆਗੂ ਵਜੋਂ ਪੇਸ਼ ਕੀਤਾ ਗਿਆ ਅਤੇ ਉਸ ਦਾ ਸਿਆਸੀ ਰਸੂਖ਼ ਏਨਾ ਵਧਿਆ ਕਿ ਉਹ ਕਾਨਪੁਰ ਦਿਹਾਤ ਦੀਆਂ 20 ਤੋਂ ਵੱਧ ਪੰਚਾਇਤਾਂ ਵਿਚ ਸਰਪੰਚਾਂ ਦੀ ਚੋਣ ਬਿਨਾ ਮੁਕਾਬਲਾ ਕਰਵਾਉਂਦਾ ਰਿਹਾ ਹੈ। ਭਾਵੇਂ ਯੋਗੀ ਆਦਿੱਤਿਆਨਾਥ ਨੇ ਮੁੱਖ ਮੰਤਰੀ ਬਣਨ ਦੇ ਸਮੇਂ ਤੋਂ ਹੀ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਇਹੋ ਜਿਹੇ ਬਹੁਤ ਅਪਰਾਧੀ ਪੁਲੀਸ ਮੁਕਾਬਿਲਆਂ ਵਿਚ ਵੀ ਮਾਰੇ ਗਏ ਪਰ ਸੂਬੇ ਵਿਚ ਅਪਰਾਧ ਲਗਾਤਾਰ ਵਧਦੇ ਰਹੇ ਹਨ ਅਤੇ ਇਹੋ ਜਿਹੇ ਗੈਂਗਸਟਰ ਹੋਰ ਮਜ਼ਬੂਤ ਹੋਏ ਹਨ।
ਭਾਰਤ ਦੇ ਬਾਕੀ ਸੂਬਿਆਂ ਵਿਚ ਵੀ ਕਿਤੇ ਘੱਟ ਅਤੇ ਕਿਤੇ ਵੱਧ ਸਿਆਸੀ ਜਮਾਤ ਅਤੇ ਪੁਲੀਸ ਦੇ ਅਪਰਾਧੀਆਂ ਨਾਲ ਸਬੰਧ ਸਮਾਜਿਕ ਜੀਵਨ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਨਸ਼ਿਆਂ ਦਾ ਫੈਲਾਓ, ਜ਼ਮੀਨਾਂ ਉੱਤੇ ਗ਼ੈਰਕਾਨੂੰਨੀ ਕਬਜ਼ੇ, ਵੱਖ ਵੱਖ ਤਰ੍ਹਾਂ ਦੀ ਤਸਕਰੀ ਅਤੇ ਹੋਰ ਵੱਡੇ ਅਪਰਾਧ ਸਿਆਸੀ ਜਮਾਤ ਅਤੇ ਪੁਲੀਸ ਦਾ ਅਪਰਾਧੀਆਂ ਦੇ ਸਿਰ ’ਤੇ ਹੱਥ ਹੋਣ ਤੋਂ ਬਿਨਾ ਪਣਪ ਨਹੀਂ ਸਕਦੇ। ਭਾਰਤ ਵਿਚ ਬਹੁਤ ਵਾਰ ਪੁਲੀਸ ਸੁਧਾਰਾਂ ਦੀ ਗੱਲ ਹੁੰਦੀ ਹੈ ਪਰ ਉਹ ਜ਼ਿਆਦਾ ਕਰਕੇ ਇੰਡੀਅਨ ਪੁਲੀਸ ਸਰਵਿਸਿਜ਼ (ਆਈਪੀਐੱਸ) ਦੇ ਅਧਿਕਾਰੀਆਂ ਨੂੰ ਵੱਧ ਅਖ਼ਤਿਆਰ ਦੇਣ ’ਤੇ ਹੀ ਖ਼ਤਮ ਹੋ ਜਾਂਦੀ ਹੈ। ਜ਼ਬਾਨੀ-ਕਲਾਮੀ ਇਹ ਕਿਹਾ ਜਾਂਦਾ ਹੈ ਕਿ ਪੁਲੀਸ ਦੇ ਕੰਮ ਵਿਚ ਸਿਆਸੀ ਦਖ਼ਲ ਨਾ ਹੋਵੇ ਪਰ ਜ਼ਮੀਨੀ ਪੱਧਰ ’ਤੇ ਪੁਲੀਸ ਅਫ਼ਸਰ ਸਿਆਸੀ ਆਗੂਆਂ ਦੇ ਕਹੇ ’ਤੇ ਹੀ ਚੱਲਦੇ ਹਨ। ਉਨ੍ਹਾਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਵਿਚ ਸਿਆਸੀ ਆਗੂਆਂ ਦਾ ਵੱਡਾ ਹੱਥ ਹੁੰਦਾ ਹੈ। ਪੁਲੀਸ ਸਮਾਜ ਪ੍ਰਤੀ ਕਿਸੇ ਵੀ ਤਰ੍ਹਾਂ ਜਵਾਬਦੇਹ ਨਹੀਂ ਹੈ। ਬਿਮਾਰ ਸਿਆਸੀ ਨਿਜ਼ਾਮ ਅਤੇ ਜਰਜਰਾ ਪੁਲੀਸ ਤੰਤਰ ਗੰਭੀਰ ਟੁੱਟ-ਭੱਜ ਦਾ ਸ਼ਿਕਾਰ ਹੋ ਚੁੱਕੇ ਸਮਾਜ ਦੀ ਪੈਦਾਵਾਰ ਹਨ। ਇਸ ਹਾਲਾਤ ਵਿਚੋਂ ਬਾਹਰ ਆਉਣ ਲਈ ਲੋਕਾਂ ਨੂੰ ਵੱਡੇ ਸੰਘਰਸ਼ ਕਰਨੇ ਪੈਣਗੇ।