‘ਫੋਕਟ’ ਸਵਾਲਾਂ ਤੋਂ ਮੂੰਹ ਛੁਪਾਉਂਦੀ ਸਿਆਸਤ
ਪਿਛਲੇ ਕਈ ਵਰ੍ਹਿਆਂ ਤੋਂ ਸਾਡੇ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਅਤੇ ਸਵੱਛ ਸ਼ਹਿਰ ਦਾ ਐਵਾਰਡ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਜਿੱਤ ਰਿਹਾ ਹੈ। ਸਾਲ 2016 ’ਚ ਸ਼ੁਰੂ ਹੋਏ ਸਵੱਛ ਸਰਵੇਖਣ ਤਹਿਤ ਪਹਿਲੀ ਵਾਰ ਇਹ ਐਵਾਰਡ ਮੈਸੂਰੂ (ਕਰਨਾਟਕ) ਸ਼ਹਿਰ ਨੂੰ ਦਿੱਤਾ ਗਿਆ...
ਪਿਛਲੇ ਕਈ ਵਰ੍ਹਿਆਂ ਤੋਂ ਸਾਡੇ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਅਤੇ ਸਵੱਛ ਸ਼ਹਿਰ ਦਾ ਐਵਾਰਡ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਜਿੱਤ ਰਿਹਾ ਹੈ। ਸਾਲ 2016 ’ਚ ਸ਼ੁਰੂ ਹੋਏ ਸਵੱਛ ਸਰਵੇਖਣ ਤਹਿਤ ਪਹਿਲੀ ਵਾਰ ਇਹ ਐਵਾਰਡ ਮੈਸੂਰੂ (ਕਰਨਾਟਕ) ਸ਼ਹਿਰ ਨੂੰ ਦਿੱਤਾ ਗਿਆ ਸੀ। ਉਸ ਤੋਂ ਬਾਅਦ 2017 ਤੋਂ ਲੈ ਕੇ 2025 ਤੱਕ ਇੰਦੌਰ ਹੀ ਮੋਹਰੀ ਰਹਿੰਦਾ ਆ ਰਿਹਾ ਹੈ। ਿਨਸ਼ਚੇ ਹੀ ਇਸ ਮੁਕਾਬਲੇ ’ਚ ਮੋਹਰੀ ਰਹਿਣ ਲਈ ਸਵੱਛਤਾ ਦੇ ਕਿਸੇ ਪੈਮਾਨੇ ’ਤੇ ਖ਼ਰਾ ਤਾਂ ਉਤਰਨਾ ਹੀ ਪੈਂਦਾ ਹੋਵੇਗਾ? ਇਸ ਵਾਰੀ ਵੀ ਇਹ ਇਸ ਪੈਮਾਨੇ ’ਤੇ ਖ਼ਰਾ ਤਾਂ ਉਤਰਿਆ ਹੀ ਹੋਵੇਗਾ, ਪਰ ਸਾਲ 2025 ਦੇ ਅਖ਼ੀਰ ਵਿੱਚ ਇਸ ਸਵੱਛ ਸ਼ਹਿਰ ਬਾਰੇ ਭੰਬਲਭੂਸੇ ’ਚ ਪਾ ਦੇਣ ਵਾਲੀ ਖ਼ਬਰ ਆਈ ਕਿ ਸ਼ਹਿਰ ਦੇ ਭਾਗੀਰਥਪੁਰਾ ਇਲਾਕੇ ਵਿੱਚ ਗੰਦੇ ਅਤੇ ਪ੍ਰਦੂਸ਼ਿਤ ਪਾਣੀ ਕਾਰਨ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਗਿਣਤੀ ਵਧਣ ਦਾ ਖ਼ਦਸ਼ਾ ਹੈ। ਉੱਤਰੀ ਭਾਰਤ ਦੇ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਤਾਂ ਪਹਿਲਾਂ ਹੀ ਖ਼ਰਾਬ ਹੈ ਜੋ ਮਨੁੱਖੀ ਸਿਹਤ ਲਈ ਲਗਾਤਾਰ ਹਾਨੀਕਾਰਕ ਸਾਬਿਤ ਹੋ ਰਹੀ ਹੈ ਤੇ ਗੱਲ ਹੁਣ ਪੀਣ ਵਾਲੇ ਪਾਣੀ ਤੱਕ ਵੀ ਪਹੁੰਚ ਗਈ ਹੈ। ਦੁਖਾਂਤ ਦੀ ਇੰਤਹਾ ਦੇਖੋ ਕਿ ਗੰਦੇ ਪਾਣੀ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਵਿੱਚ ਛੇ ਮਹੀਨਿਆਂ ਦਾ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ।
ਦੁਖਾਂਤ ਤਾਂ ਕੁੱਲ ਦੁਨੀਆ ’ਚ ਵਾਪਰਦੇ ਹਨ ਅਤੇ ਵਾਪਰਦੇ ਰਹਿਣਗੇ, ਪਰ ਜਦੋਂ ਕੋਈ ਦੁਖਾਂਤ ਪੀਣ ਵਾਲੇ ਪਾਣੀ ਕਾਰਨ ਵਾਪਰੇ ਤਾਂ ਇਹ ਸਹਿਣਯੋਗ ਨਹੀਂ ਹੁੰਦਾ। ਦੁਖਾਂਤ ਵਾਪਰਨਾ ਵੱਖਰੀ ਗੱਲ ਹੈ, ਪਰ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਵਿਅਕਤੀ ਜਦੋਂ ਇਨਸਾਨੀ ਜ਼ਿੰਦਗੀਆਂ ਜਾਣ ਬਾਰੇ ਸਵਾਲਾਂ ਨੂੰ ‘ਫੋਕਟ’ ਦੱਸਣ ਲੱਗ ਜਾਣ ਤਾਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ’ਚ ਪੀੜਤ ਕਿਸ ਦੇ ਗਲ਼ ਲੱਗ ਕੇ ਰੋਣ? ਇਹ ਦੁਖਾਂਤ ਵਾਪਰਨ ਮਗਰੋਂ ਇੱਕ ਟੀ ਵੀ ਚੈਨਲ ਦੇ ਸੀਨੀਅਰ ਪੱਤਰਕਾਰ ਅਨੁਰਾਗ ਦਵਾਰੀ ਵੱਲੋਂ ਮੱਧ ਪ੍ਰਦੇਸ਼ ਦੇ ਮੰਤਰੀ ਕੈਲਾਸ਼ ਵਿਜੈਵਰਗੀਯ ਤੋਂ ਪੁੱਛੇ ਗਏ ਸਵਾਲ ਬਿਲਕੁਲ ਵਾਜਬ ਸਨ ਜੋ ਇੱਕ ਪੱਤਰਕਾਰ ਵਜੋਂ ਪੁੱਛਣਾ ਉਸ ਦਾ ਹੱਕ ਅਤੇ ਵੱਡੀ ਜ਼ਿੰਮੇਵਾਰੀ ਹੈ। ਸੱਤਾ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣ ਦੀ ਜ਼ਿੰਮੇਵਾਰੀ ਪੱਤਰਕਾਰਾਂ ਵੱਲੋਂ ਹੀ ਵਾਰ-ਵਾਰ ਯਾਦ ਕਰਵਾਈ ਜਾਂਦੀ ਹੈ। ਉਨ੍ਹਾਂ ਦਾ ਕੰਮ ਸੱਤਾ ਦਾ ਗੁਣਗਾਣ ਕਰਨਾ ਨਹੀਂ ਹੁੰਦਾ।
ਇੰਦੌਰ ਦੇ ਦੁਖਾਂਤ ਬਾਰੇ ਮੰਤਰੀ ਵਿਜੈਵਰਗੀਯ ਨੇ ਇਸ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਜਿਸ ਢੰਗ ਨਾਲ ਦਿੱਤਾ, ਉਸ ਤੋਂ ਤੁਸੀਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਇਸ ਮੁਕਾਮ ਤੱਕ ਪਹੁੰਚਾਇਆ, ਸੱਤਾ ਦੇ ਸਿੰਘਾਸਨ ’ਤੇ ਬਿਠਾਇਆ, ਕੀ ਉਨ੍ਹਾਂ ਲੋਕਾਂ ਦੀ ਜਾਨ ਦੀ ਕੀਮਤ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਕੁਝ ਵੀ ਨਹੀਂ? ਪੱਤਰਕਾਰ ਅਨੁਰਾਗ ਦਵਾਰੀ ਵੱਲੋਂ ਪੁੱਛੇ ਗਏ ਸਵਾਲ ਅਤੇ ਮੰਤਰੀ ਦੇ ਜਵਾਬ ਅਸੀਂ ਹੇਠਾਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ ਤਾਂ ਜੋ ਇਸ ਮੁੱਦੇ ’ਤੇ ਹੁਕਮਰਾਨਾਂ ਦੀ ‘ਸੰਵੇਦਨਸ਼ੀਲਤਾ’ ਤੋਂ ਤੁਸੀਂ ਸਾਰੇ ਜਾਣੂੰ ਹੋ ਸਕੋ। ਸਵਾਲਾਂ-ਜਵਾਬਾਂ ਵਾਲੀ ਇਹ ਵੀਡੀਓ ਪੱਤਰਕਾਰ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਰੀ ਕੀਤੀ ਹੈ। ਪੱਤਰਕਾਰ ਨੇ ਬੜੇ ਸੰਜਮ ਨਾਲ ਮੰਤਰੀ ਕੈਲਾਸ਼ ਵਿਜੈਵਰਗੀਯ ਨੂੰ ਪੁੱਛਿਆ, ‘‘ਬਹੁਤ ਸਾਰੇ ਲੋਗੋਂ ਕੋ ਰਿਫੰਡ ਕੀ ਜੋ ਬਾਤ ਕਹੀ ਗਈ ਥੀ, ਵੋਹ ਅਭੀ ਤਕ ਨਹੀਂ ਮਿਲਾ ਹੈ ਕੈਲਾਸ਼ ਜੀ ਔਰ ਪੀਨੇ ਕੇ ਪਾਨੀ ਕੀ ਭੀ ਠੀਕ ਸੇ ਵਿਵਸਥਾ ਨਹੀਂ?’’
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਪੱਤਰਕਾਰ ਨੇ ਮੰਤਰੀ ਨੂੰ ਬਾਕਾਇਦਾ ‘ਕੈਲਾਸ਼ ਜੀ’ ਕਹਿ ਕੇ ਸਤਿਕਾਰ ਨਾਲ ਸਵਾਲ ਪੁੱਛਿਆ। ਇਹ ਸਵਾਲ ਪੁੱਛਣਾ ਉਸ ਦਾ ਪੱਤਰਕਾਰ ਵਜੋਂ ਧਰਮ ਅਤੇ ਬੁਨਿਆਦੀ ਜ਼ਿੰਮੇਵਾਰੀ ਹੈ, ਪਰ ਮੰਤਰੀ ਦਾ ਰਵੱਈਆ ਇਸ ਸਵਾਲ ਪ੍ਰਤੀ ਬੇਪ੍ਰਵਾਹੀ ਵਾਲਾ ਅਤੇ ਹਿਕਾਰਤ ਭਰਿਆ ਹੈ ਤੇ ਉਸ ਨੂੰ ਲੱਗਦਾ ਹੈ ਕਿ ਉਹ ਸਵਾਲ ਉਸ ਨੂੰ ਪੁੱਛਿਆ ਵੀ ਕਿਉਂ ਤੇ ਕਿਵੇਂ ਗਿਆ। ਇਹ ਸਵਾਲ ਪੁੱਛੇ ਜਾਣ ’ਤੇ ਉਸ ਦਾ ਫੌਰੀ ਜਵਾਬ ਸੀ, ‘‘ਛੋੜੋ ਯਾਰ, ਤੁਮ ਫੋਕਟ ਪ੍ਰਸ਼ਨ ਮਤ ਪੂਛਾ ਕਰੋ।’’ ਦਸ ਮੌਤਾਂ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਾਲੀ ਮਦਦ ਅਤੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਬਾਰੇ ਸਵਾਲ ਅੱਜ ਦੀ ਸਿਆਸਤ ਲਈ ‘ਫੋਕਟ’ ਹੋ ਗਏ ਹਨ। ਭਾਰਤ ਮਾਤਾ ਦੀ ਪੂਜਾ ਕਰਨ ਅਤੇ ਉਸ ਤੋਂ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਵੇਲੇ ਤਿਆਰ ਰਹਿਣ ਦੇ ਦਮਗਜ਼ੇ ਮਾਰਨ ਵਾਲਿਆਂ ਲਈ ਭਾਰਤ ਮਾਤਾ ਦੇ ਧੀਆਂ-ਪੁੱਤਰਾਂ ਦੀ ਜਾਨ ਸੱਚਮੁੱਚ ‘ਫੋਕਟ’ ਹੋ ਗਈ ਜਾਪਦੀ ਹੈ।
ਪੱਤਰਕਾਰ ਨੇ ਜਦੋਂ ਆਪਣੀ ਗੱਲ ’ਤੇ ਜ਼ੋਰ ਦੇਣ ਲਈ ਮੰਤਰੀ ਦੀ ਗੱਲ ਕੱਟਦਿਆਂ ਕਿਹਾ, ‘‘ਫੋਕਟ ਨਹੀਂ, ਮੈਂ ਵਹਾਂ ਖ਼ੁਦ ਹੋਕਰ ਆਇਆ ਹੂੰ।’’ ਇਸ ’ਤੇ ਮੰਤਰੀ ਪੱਤਰਕਾਰ ਨੂੰ ਪੈ ਨਿਕਲਿਆ, ‘‘ਕਯਾ ਘੰਟਾ ਹੋਕਰ ਆਏ ਹੋ ਤੁਮ!’’ ਅੱਜ ਬਹੁਗਿਣਤੀ ਮੀਡੀਆ ਅਦਾਰਿਆਂ ਨੇ ਸੱਤਾਧਾਰੀਆਂ ਦਾ ਗੁਣਗਾਣ ਕਰ ਕੇ ਅਤੇ ਉਨ੍ਹਾਂ ਦੇ ਕੁਝ ਵੀ ਝੂਠ-ਸੱਚ ਬੋਲਣ ਦੀ ਸੂਰਤ ਵਿੱਚ ਮੂਹਰਿਉਂ ਕੋਈ ਸਵਾਲ ਨਾ ਪੁੱਛ ਕੇ ਉਨ੍ਹਾਂ ਨੂੰ ਇਹ ਵਰਤਾਰਾ ਸਹਿਜ ਲੱਗਣ ਲਗਾ ਦਿੱਤਾ। ਅਜਿਹੇ ਮਾਹੌਲ ਵਿੱਚ ਇਸ ਪੱਤਰਕਾਰ ਨੇ ਦਲੇਰੀ ਨਾਲ ਮੰਤਰੀ ਨੂੰ ਚੁਣੌਤੀ ਦਿੰਦਿਆਂ ਆਖਿਆ, ‘‘ਕੈਲਾਸ਼ ਜੀ, ਬਾਤ ਠੀਕ ਸੇ ਕੀਜੀਏ। ਅਪਨੇ ਸ਼ਬਦੋਂ ਕਾ ਚਯਨ ਠੀਕ ਸੇ ਕਰੀਏ। ਕੈਲਾਸ਼ ਜੀ, ਆਪ ਢੰਗ ਸੇ ਬਾਤ ਨਹੀਂ ਕਰ ਰਹੇ। ਯੇ ਘੰਟਾ ਘੰਟਾ ਕਯਾ ਹੋਤਾ ਹੈ?’’ ਤਿੱਖੇ ਸਵਾਲ ਦੇ ਜਵਾਬ ’ਚ ਮੰਤਰੀ ਦੀਆਂ ਅਜਿਹੀਆਂ ਨਿਰਾਦਰ ਭਰੀਆਂ ਟਿੱਪਣੀਆਂ ਵੀ ਜਦੋਂ ਬੇਬਾਕ ਤੇ ਦਲੇਰ ਪੱਤਰਕਾਰ ਅਨੁਰਾਗ ਦਵਾਰੀ ਦੀ ਜ਼ੁਬਾਨ ਬੰਦ ਨਾ ਕਰਵਾ ਸਕੀਆਂ ਤਾਂ ਮੰਤਰੀ ਨੇ ਖ਼ਾਮੋਸ਼ੀ ਅਖ਼ਤਿਆਰ ਕਰਨ ’ਚ ਹੀ ਆਪਣੀ ਭਲਾਈ ਸਮਝੀ ਕਿਉਂਕਿ ਏਨੀ ਗੱਲ ਦੀ ਤਾਂ ਉਸ ਨੂੰ ਵੀ ਸਮਝ ਆ ਗਈ ਸੀ ਕਿ ਜੋ ‘ਅਨਮੋਲ’ ਸ਼ਬਦ ਉਹ ਬੋਲ ਚੁੱਕਾ ਹੈ, ਕੈਮਰਾ ਔਨ ਹੋਣ ਕਾਰਨ ਉਹ ਪਹਿਲਾਂ ਹੀ ਰਿਕਾਰਡ ਹੋ ਚੁੱਕੇ ਹਨ।
ਗੱਲ ਇੱਥੇ ਮੁੱਕੀ ਨਾ ਸਮਝੋ। ਜੇ ਮੰਤਰੀ ਖ਼ਾਮੋਸ਼ ਹੋ ਗਿਆ ਤਾਂ ਉਸ ਦੇ ਝੋਲੀਚੁੱਕਾਂ ਨੇ ਪੱਤਰਕਾਰ ਨਾਲ ਮੱਥਾ ਲਾਉਂਦਿਆਂ ਕਿਹਾ, ‘‘ਤੁਮ ਹਮਾਰੇ ਲੀਡਰ ਕੋ ਕੁਛ ਭੀ ਬੋਲੋਗੇ?’’ ਪੱਤਰਕਾਰ ਦਾ ਅੱਗੋਂ ਜਵਾਬ ਸੀ ‘‘ਹਮਾਰੇ ਦਸ ਲੋਗ ਮਰ ਗਏ। ਕਿਆ ਹਮ ਸਵਾਲ ਭੀ ਨਹੀਂ ਪੂਛੇਂਗੇ? ਮੈਨੇ ਸਵਾਲ ਪੂਛਾ ਹੈ। ਮੈਨੇ ਕੋਈ ਗਾਲੀ ਨਹੀਂ ਦੀ।’’ ਮੀਡੀਆ ਦੇ ‘ਸਾਜ਼ਗਾਰ ਮਾਹੌਲ’ ਵਿੱਚ ਮਿੱਠੇ ਮਿੱਠੇ ਸਵਾਲਾਂ ਦੇ ਆਦੀ ਨੇਤਾਵਾਂ ਸਾਹਮਣੇ ਜਦੋਂ ਅਚਾਨਕ ਅਜਿਹੇ ਔਖੇ ਅਤੇ ਕੌੜੇ ਸਵਾਲ ਆ ਜਾਣ ਤਾਂ ਅਜਿਹਾ ਪ੍ਰਤੀਕਰਮ ਸੁਭਾਵਿਕ ਹੀ ਹੈ।
ਜਿਉਂ ਹੀ ਮੰਤਰੀ ਦੇ ਜਵਾਬ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਚਾਰੇ ਪਾਸਿਓਂ ਵਿਰੋਧੀ ਧਿਰ ਦੇ ਆਗੂਆਂ, ਪੀੜਤਾਂ ਤੇ ਆਮ ਲੋਕਾਂ ਵੱਲੋਂ ਆਲੋਚਨਾ ਦੀ ਵਾਛੜ ਹੋਣ ਲੱਗੀ। ਇਸ ਮਗਰੋਂ ਮੰਤਰੀ ਨੇ ਬਾਕਾਇਦਾ ਇੱਕ ਪੋਸਟ ਪਾ ਕੇ ਇਸ ਸਮੁੱਚੇ ਘਟਨਾਕ੍ਰਮ ਲਈ ਮੁਆਫ਼ੀ ਮੰਗੀ ਹੈ। ਹੁਣ ਕੈਲਾਸ਼ ਵਿਜੈਵਰਗੀਯ ਦਾ ਕਹਿਣਾ ਹੈ, ‘‘ਇਸ ਗਹਿਰੇ ਦੁਖ ਕੀ ਅਵਸਥਾ ਮੇਂ ਮੀਡੀਆ ਕੇ ਏਕ ਸਵਾਲ ਪੇ ਮੇਰੇ ਸ਼ਬਦ ਗ਼ਲਤ ਨਿਕਲ ਗਏ। ਮੈਂ ਇਸ ਕੇ ਲੀਏ ਖੇਦ ਪ੍ਰਗਟ ਕਰਤਾ ਹੂੰ।’’
ਸੱਤਾ ’ਚ ਚਾਹੇ ਕੋਈ ਵੀ ਸਿਆਸੀ ਧਿਰ ਹੋਵੇ, ਉਸ ਨੂੰ ਸੱਚ ਸੁਣਨਾ ਹਮੇਸ਼ਾ ਔਖਾ ਲੱਗਦਾ ਹੈ ਅਤੇ ਉਹ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਉਸ ਨੂੰ ਛੁਪਾਉਣ ਅਤੇ ਮੀਡੀਆ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹੀ ‘ਸੱਤਾ’ ਦਾ ਖ਼ਾਸਾ ਹੈ, ਪਰ ਜਦੋਂ ਪੱਤਰਕਾਰ ਲੋਕ-ਪੱਖੀ ਸਵਾਲ ਪੁੱਛਣ ਦਾ ਜੇਰਾ ਦਿਖਾਉਂਦਾ ਹੈ ਤਾਂ ਅਜਿਹੇ ਨੇਤਾ ਹਕੀਕਤ ਅਤੇ ਸਵਾਲਾਂ ਤੋਂ ਮੂੰਹ ਛੁਪਾਉਂਦੇ ਹੋਏ ਅਜਿਹੇ ਮੁਆਫ਼ੀਨੁਮਾ ਟਵੀਟ ਕਰਦੇ ਦਿਸਦੇ ਹਨ।
ਇਸ ਸਮੁੱਚੇ ਘਟਨਾਕ੍ਰਮ ਤੋਂ ਤੁਸੀਂ ਇਹ ਸਿੱਟਾ ਨਹੀਂ ਕੱਢ ਸਕਦੇ ਕਿ ਸਿਆਸਤਦਾਨਾਂ ਨੇ ਕੋਈ ਪੱਕਾ ਸਬਕ ਸਿੱਖ ਲਿਆ ਹੋਵੇਗਾ। ਦਰਅਸਲ, ਜਦੋਂ ਸੱਤਾ ਲਈ ਅਣਸੁਖਾਵੇਂ ਸਵਾਲ ਪੁੱਛਣ ਕਾਰਨ ਆਰ ਟੀ ਆਈ ਕਾਰਕੁਨਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਹੋ ਰਹੇ ਹੋਣ ਤਾਂ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ’ਚ ਵੀ ਹਾਲਾਤ ਬਹੁਤੇ ਵੱਖਰੇ ਨਹੀਂ ਦਿਸਦੇ। ਹਾਂ, ਸਿਆਸਤਦਾਨਾਂ ਦੇ ਅਜਿਹੇ ਰਵੱਈਏ ਦਾ ਵਿਰੋਧ ਕਰਨ ਤੋਂ ਆਮ ਲੋਕ ਜ਼ਰੂਰ ਖ਼ੁਸ਼ ਹਨ ਕਿ ਕਿਸੇ ਨੇ ਤਾਂ ਉਨ੍ਹਾਂ ਨਾਲ ਜੁੜੇ ਮੁੱਦਿਆਂ ਅਤੇ ਮਸਲਿਆਂ ਬਾਰੇ ਜੁਰੱਅਤ ਨਾਲ ਸਵਾਲ ਪੁੱਛੇ ਹਨ।
ਸੋਸ਼ਲ ਮੀਡੀਆ ’ਤੇ ਅਨੁਰਾਗ ਦਵਾਰੀ ਦੇ ਹੱਕ ਵਿੱਚ ਟਵੀਟਾਂ ਦੀ ਝੜੀ ਲੱਗੀ ਪਈ ਹੈ। ਇੱਕ ਵਰਤੋਂਕਾਰ ਦੀ ਟਿੱਪਣੀ ਹੈ, ‘‘ਇਸ ਪੱਤਰਕਾਰ ਨੂੰ ਹਜ਼ਾਰ ਤੋਪਾਂ ਦੀ ਸਲਾਮੀ। ਉਸ ਦੇ ਸਵਾਲਾਂ ਤੋਂ ਮੇਰੇ ਦਿਲ ਨੂੰ ਸਕੂਨ ਮਿਲ ਗਿਆ।’’ ਕਿਸੇ ਹੋਰ ਨੇ ਲਿਖਿਆ ਹੈ, ‘‘ਪੱਤਰਕਾਰਾਂ ਨੂੰ ਅਜਿਹੇ ਸਵਾਲ (ਲੋਕ-ਪੱਖੀ) ਹੀ ਪੁੱਛਣੇ ਚਾਹੀਦੇ ਹਨ।’’ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘‘ਜੇਕਰ ਸਾਰੇ ਪੱਤਰਕਾਰਾਂ ’ਚ ਅਨੁਰਾਗ ਦਵਾਰੀ ਵਰਗੀ ਰੀੜ੍ਹ ਦੀ ਹੱਡੀ ਪੈਦਾ ਹੋ ਜਾਵੇ ਤਾਂ ਅਜਿਹੇ ਮੰਤਰੀਆਂ ਦੀ ਅਕਲ ਟਿਕਾਣੇ ਆ ਜਾਵੇਗੀ। ਇਹ 2026 ਦਾ ਸੁਖਦ ਅਹਿਸਾਸ ਹੈ।’’ ਇਸ ਵਰਤੋਂਕਾਰ ਨੇ ਮੀਡੀਆ ਦੇ ਸੰਦਰਭ ’ਚ ਆਸ ਪ੍ਰਗਟਾਈ ਹੈ ਕਿ 2026 ’ਚ ਮੀਡੀਆ ਸੱਤਾ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ’ਚ ਅਹਿਮ ਭੂਮਿਕਾ ਨਿਭਾਵੇਗਾ।
ਆਸ ਹੈ ਕਿ ਨਵਾਂ ਸਾਲ ਪੱਤਰਕਾਰੀ ਤੇ ਸਿਆਸੀ ਨੈਤਿਕ ਕਦਰਾਂ ਕੀਮਤਾਂ ਦੇ ਰਾਹ ਤੋਂ ਥਿੜਕਣ ਵਾਲਿਆਂ ਨੂੰ ਮੁੜ ਸਹੀ ਰਾਹ ਪਾਵੇਗਾ ਤਾਂ ਜੋ ਆਮ ਲੋਕਾਂ ਲਈ ਨਵਾਂ ਵਰ੍ਹਾ ਸੱਚਮੁੱਚ ਮੁਬਾਰਕ ਹੋ ਸਕੇ।
ਆਮੀਨ!

