DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਚਿਤਾਵਨੀ

ਆਰਥਿਕ ਸੰਕਟ ਅਤੇ ਨੀਟ ਪ੍ਰੀਖਿਆ ਦੀਆਂ ਨਾਕਾਮੀਆਂ ਦਰਮਿਆਨ ਸੋਸ਼ਲ ਮੀਡੀਆ ਉੱਤੇ ‘ਕੌਕਰੋਚ ਜਨਤਾ ਪਾਰਟੀ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਾਰਤ ਦੇ ਨੌਜਵਾਨਾਂ ਖ਼ਾਸ ਕਰਕੇ ਬੇਰੁਜ਼ਗਾਰਾਂ ਦੇ ਅੰਦਰਲੇ ਗ਼ੁੱਸੇ ਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਸ ਔਨਲਾਈਨ ਮੁਹਿੰਮ ਨੇ ਇਹ ਸਾਫ਼ ਕਰ...

  • fb
  • twitter
  • whatsapp
  • whatsapp
Advertisement

ਆਰਥਿਕ ਸੰਕਟ ਅਤੇ ਨੀਟ ਪ੍ਰੀਖਿਆ ਦੀਆਂ ਨਾਕਾਮੀਆਂ ਦਰਮਿਆਨ ਸੋਸ਼ਲ ਮੀਡੀਆ ਉੱਤੇ ‘ਕੌਕਰੋਚ ਜਨਤਾ ਪਾਰਟੀ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਾਰਤ ਦੇ ਨੌਜਵਾਨਾਂ ਖ਼ਾਸ ਕਰਕੇ ਬੇਰੁਜ਼ਗਾਰਾਂ ਦੇ ਅੰਦਰਲੇ ਗ਼ੁੱਸੇ ਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਸ ਔਨਲਾਈਨ ਮੁਹਿੰਮ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਬੇਰੁਜ਼ਗਾਰੀ, ਪ੍ਰੀਖਿਆ ਘੁਟਾਲਿਆਂ ਅਤੇ ਸਿਆਸੀ ਬੇਰੁਖ਼ੀ ਤੋਂ ਅੱਕੀ ਹੋਈ ਅੱਜ ਦੀ ਪੀੜ੍ਹੀ ਹੁਣ ਵਿਅੰਗ ਨੂੰ ਆਪਣੇ ਲੋਕਤੰਤਰੀ ਪ੍ਰਗਟਾਵੇ ਦੇ ਹਥਿਆਰ ਵਜੋਂ ਵਰਤ ਰਹੀ ਹੈ। ਇਹ ਸਭ ਕੁਝ ਭਾਰਤ ਦੇ ਮੁੱਖ ਜੱਜ ਦੀ ਉਸ ਟਿੱਪਣੀ ਦੇ ਤਿੱਖੇ ਜਵਾਬ ਵਜੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਨੌਜਵਾਨਾਂ ਦੇ ਇੱਕ ਹਿੱਸੇ ਦੀ ਤੁਲਨਾ ‘ਕੌਕਰੋਚਾਂ’ ਨਾਲ ਕੀਤੀ ਸੀ। ਪਰ ਦੇਖਦਿਆਂ ਹੀ ਦੇਖਦਿਆਂ ਇਹ ਮੁਹਿੰਮ ਨੌਜਵਾਨਾਂ ਦੀ ਬੇਚੈਨੀ, ਜਵਾਬਦੇਹੀ ਅਤੇ ਅਸਹਿਮਤੀ ਦੀ ਆਜ਼ਾਦੀ ਵਰਗੇ ਵੱਡੇ ਮੁੱਦਿਆਂ ’ਤੇ ਚਰਚਾ ਦਾ ਰੂਪ ਧਾਰਨ ਕਰ ਗਈ ਹੈ। ਇਸ ਅੰਦੋਲਨ ਵਿੱਚ ਕੌਕਰੋਚ ਦੇ ਪ੍ਰਤੀਕ ਦੀ ਕੇਂਦਰੀ ਭੂਮਿਕਾ ਹੈ। ਆਮ ਤੌਰ ’ਤੇ ਇੱਕ ਕੀੜਾ ਸਮਝੇ ਜਾਣ ਵਾਲੇ ਇਸ ਜੀਵ ਨੂੰ ‘ਕੌਕਰੋਚ ਜਨਤਾ ਪਾਰਟੀ’ ਦੇ ਸਮਰਥਕਾਂ ਨੇ ‘ਸੰਘਰਸ਼ ਅਤੇ ਜਿਊਂਦੇ ਰਹਿਣ ਦੀ ਸਮਰੱਥਾ’ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। ਉਨ੍ਹਾਂ ਦਾ ਸੁਨੇਹਾ ਬਿਲਕੁਲ ਸਾਫ਼ ਹੈ; ਦੇਸ਼ ਦੇ ਜਿਨ੍ਹਾਂ ਨੌਜਵਾਨਾਂ ਨੂੰ ਅਣਗੌਲਿਆ ਕੀਤਾ ਗਿਆ, ਉਹ ਹਰ ਮੁਸ਼ਕਲ ਦੇ ਬਾਵਜੂਦ ਜਿਊਂਦੇ ਰਹੇ ਹਨ ਅਤੇ ਹੁਣ ਉਹ ਆਪਣੀ ਆਵਾਜ਼ ਬੁਲੰਦ ਕਰਕੇ ਰਹਿਣਗੇ।

‘ਕੌਕਰੋਚ ਜਨਤਾ ਪਾਰਟੀ’ ਦੀ ਤੇਜ਼ੀ ਨਾਲ ਵਧਦੀ ਲੋਕਪ੍ਰਿਯਤਾ ਨੇ ਸੱਤਾਧਾਰੀ ਭਾਜਪਾ ਨੂੰ ਵੀ ਜਵਾਬੀ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਭਾਜਪਾ ਦੇ ਕਈ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਤੋਂ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ‘ਕੌਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ 94 ਫ਼ੀਸਦੀ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹੀ ਹਨ। ਦੀਪਕੇ ਵੱਲੋਂ ਖਾਤਿਆਂ ’ਤੇ ਪਾਬੰਦੀਆਂ ਲਾਉਣ, ਹੈਕਿੰਗ ਅਤੇ ਪਲੇਟਫ਼ਾਰਮ ਬੰਦ ਕੀਤੇ ਜਾਣ ਦੇ ਲਾਏ ਗਏ ਦੋਸ਼ਾਂ ਨੇ ਡਿਜੀਟਲ ਯੁੱਗ ਵਿੱਚ ਲੋਕਤੰਤਰ ਦੇ ਦਾਇਰੇ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਅੰਗ ਅਤੇ ਆਲੋਚਨਾ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਇਸ ਧਾਰਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਕਿ ਸਰਕਾਰ ਆਲੋਚਨਾ ਸੁਣਨ ਲਈ ਤਿਆਰ ਨਹੀਂ ਹੈ। ਲੋਕਤੰਤਰ ਉਦੋਂ ਹੀ ਸਿਹਤਮੰਦ ਮੰਨਿਆ ਜਾਂਦਾ ਹੈ ਜਦੋਂ ਸ਼ਾਂਤੀਪੂਰਨ ਤਰੀਕੇ ਨਾਲ ਅਸਹਿਮਤੀ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੋਵੇ।

Advertisement

ਇਸ ਵਿਰੋਧ ਪ੍ਰਦਰਸ਼ਨ ਦੇ ਉਭਾਰ ਨੇ ਸਾਰੇ ਸਬੰਧਿਤ ਪੱਖਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰ ਦਿੱਤਾ ਹੈ, ਚਾਹੇ ਉਹ ਸਿਆਸੀ ਜਮਾਤ ਹੋਵੇ, ਅਫ਼ਸਰਸ਼ਾਹੀ, ਨਿਆਂਪਾਲਿਕਾ ਜਾਂ ਫਿਰ ਮੀਡੀਆ। ਕੌਕਰੋਚ ਜਨਤਾ ਪਾਰਟੀ ਇੱਕ ਲੰਮੇ ਸਮੇਂ ਤੱਕ ਟਿਕਣ ਵਾਲੀ ਤਾਕਤ ਵਜੋਂ ਸਥਾਪਿਤ ਹੋ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਵੱਖਰੀ ਗੱਲ ਹੈ ਪਰ ਇਸ ਦਾ ਸਾਹਮਣੇ ਆਉਣਾ ਇੱਕ ਬਹੁਤ ਵੱਡੀ ਤੇ ਸਪਸ਼ਟ ਚੇਤਾਵਨੀ ਹੈ; ਇਨ੍ਹਾਂ ਸੋਸ਼ਲ ਮੀਡੀਆ ਮੀਮਜ਼ ਦੇ ਪਿੱਛੇ ਅੱਜ ਦੀ ਉਹ ਪੀੜ੍ਹੀ ਖੜ੍ਹੀ ਹੈ ਜੋ ਦੇਸ਼ ਦੇ ਭਵਿੱਖ ਨੂੰ ਸਿਰਜਣ ਵਿੱਚ ਆਪਣੀ ਇੱਜ਼ਤ, ਰੁਜ਼ਗਾਰ ਦੇ ਮੌਕੇ ਅਤੇ ਆਪਣੀ ਆਵਾਜ਼ ਦੀ ਹਿੱਸੇਦਾਰੀ ਮੰਗ ਰਹੀ ਹੈ।

Advertisement

Advertisement
×