ਸਿਆਸੀ ਅਸਥਿਰਤਾ

ਸਿਆਸੀ ਅਸਥਿਰਤਾ

ਮਹਾਰਾਸ਼ਟਰ ਵਿਚ ਸਿਆਸੀ ਭੂਚਾਲ ਆਇਆ ਹੋਇਆ ਹੈ। ਮਹਾ ਵਿਕਾਸ ਅਗਾੜੀ, ਜੋ ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਕਾਂਗਰਸ ਦਾ ਗੱਠਜੋੜ ਹੈ, ਦਾ ਮੰਤਰੀ ਏਕਨਾਥ ਸ਼ਿੰਦੇ 21 ਹੋਰ ਵਿਧਾਇਕਾਂ ਨੂੰ ਲੈ ਕੇ ਗੁਜਰਾਤ ਦੇ ਸ਼ਹਿਰ ਸੂਰਤ ਵਿਚ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ 21 ਵਿਧਾਇਕ ਸ਼ਿਵ ਸੈਨਾ ਦੇ ਹਨ ਅਤੇ ਇਕ ਆਜ਼ਾਦ ਹੈ। ਮਹਾਰਾਸ਼ਟਰ ਦੀ ਵਿਧਾਨ ਸਭਾ ਵਿਚ 288 ਸੀਟਾਂ ਹਨ। ਇਕ ਵਿਧਾਇਕ ਦੀ ਮੌਤ ਹੋ ਜਾਣ ਕਾਰਨ ਇਕ ਸੀਟ ਖ਼ਾਲੀ ਹੈ। ਇਸ ਸਮੇਂ ਮਹਾ ਵਿਕਾਸ ਅਗਾੜੀ ਦੀਆਂ ਮੁੱਖ ਪਾਰਟੀਆਂ ਸ਼ਿਵ ਸੈਨਾ ਕੋਲ 56, ਐੱਨਸੀਪੀ ਕੋਲ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ। ਕੁਝ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਵਿਧਾਇਕਾਂ ਨੂੰ ਮਿਲਾ ਕੇ ਹੁਕਮਰਾਨ ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ 169 ਹੈ। ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ ਅਤੇ ਉਸ ਕੋਲ 106 ਵਿਧਾਇਕ ਹਨ; ਉਸ ਦੀਆਂ ਸਹਿਯੋਗੀ ਪਾਰਟੀਆਂ ਕੋਲ ਦੋ ਵਿਧਾਇਕ ਹਨ ਅਤੇ ਉਸ ਨੂੰ 5 ਆਜ਼ਾਦ ਉਮੀਦਵਾਰਾਂ ਦੀ ਹਮਾਇਤ ਹਾਸਿਲ ਹੈ। ਸ਼ਿੰਦੇ ਦੇ ਹਮਾਇਤੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਹੋਰ ਵਿਧਾਇਕਾਂ ਦੀ ਹਮਾਇਤ ਵੀ ਮਿਲੇਗੀ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ 134 ਵਿਧਾਇਕ ਹਨ। ਸਰਕਾਰ ਬਣਾਉਣ ਲਈ 144 ਵਿਧਾਇਕ ਚਾਹੀਦੇ ਹਨ। ਸਿਆਸੀ ਮਾਹਿਰਾਂ ਅਨੁਸਾਰ ਜੇ ਸ਼ਿੰਦੇ ਅਤੇ ਉਸ ਦੇ ਸਾਥੀ ਜੋ ਇਸ ਵੇਲੇ ਉਸ ਦੇ ਨਾਲ ਹਨ, ਅਸਤੀਫ਼ਾ ਦੇ ਦਿੰਦੇ ਹਨ ਤਾਂ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਗਿਣਤੀ 265 ਰਹਿ ਜਾਵੇਗੀ ਅਤੇ ਵਿਧਾਨ ਸਭਾ ਵਿਚ ਬਹੁਮਤ ਪ੍ਰਾਪਤ ਕਰਨ ਲਈ 133 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਪਵੇਗੀ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਅਸਤੀਫ਼ਾ ਦੇਣ ਅਤੇ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਹੈ। ਸ਼ਿੰਦੇ ਉਧਵ ਠਾਕਰੇ ਨਾਲ ਨਰਾਜ਼ ਹੈ ਕਿ ਉਸ ਨੂੰ ਪਾਰਟੀ ਵਿਚ ਬਣਦਾ ਮਹੱਤਵ ਨਹੀਂ ਦਿੱਤਾ ਗਿਆ। ਸ਼ਿੰਦੇ ਅਤੇ ਉਸ ਦੇ ਹਮਾਇਤੀ ਉਪ ਮੁੱਖ ਮੰਤਰੀ ਅਤੇ ਐੱਨਸੀਪੀ ਆਗੂ ਅਜੀਤ ਪਵਾਰ ਨਾਲ ਵੀ ਨਰਾਜ਼ ਦੱਸੇ ਜਾਂਦੇ ਹਨ। ਸ਼ਿੰਦੇ ਨੇ ਕਿਹਾ ਹੈ ਕਿ ਉਹ ਹਿੰਦੂਤਵ ਦਾ ਸਾਥ ਦੇ ਰਿਹਾ ਹੈ ਅਤੇ ਸ਼ਿਵ ਸੈਨਾ ਵਿਚ ਵਾਪਸ ਨਹੀਂ ਆਵੇਗਾ। ਉਹ ਠਾਕਰੇ ਨੂੰ ਭਾਜਪਾ ਨਾਲ ਗੱਠਜੋੜ ਕਰਨ ਲਈ ਕਹਿ ਰਿਹਾ ਹੈ। ਮੁੱਖ ਮੰਤਰੀ ਉਧਵ ਠਾਕਰੇ ਦੇ ਨਜ਼ਦੀਕੀ ਆਗੂਆਂ ਮਿਲੰਦ ਨਰਵੇਕਰ ਅਤੇ ਰਾਵੀ ਪਾਠਕ ਨੇ ਬਾਗ਼ੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਸ਼ਿਵ ਸੈਨਾ ਵਿਚ ਹੋ ਰਹੀ ਹਲਚਲ ਦੇ ਸੰਕੇਤ ਸੋਮਵਾਰ ਹੋਈਆਂ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਮਿਲੇ ਸਨ ਜਦੋਂ ਸ਼ਿਵ ਸੈਨਾ ਦੇ ਕੁਝ ਵਿਧਾਇਕਾਂ ਨੇ ਕਾਂਗਰਸ ਦੇ ਉਮੀਦਵਾਰ ਦੀ ਥਾਂ ’ਤੇ ਭਾਜਪਾ ਨੂੰ ਵੋਟਾਂ ਪਾਈਆਂ ਸਨ ਅਤੇ ਕਾਂਗਰਸ ਦਾ ਇਕ ਉਮੀਦਵਾਰ ਹਾਰ ਗਿਆ ਜਦੋਂਕਿ ਭਾਜਪਾ ਦੇ ਪੰਜ ਉਮੀਦਵਾਰ ਕਾਮਯਾਬ ਹੋਏ; ਸ਼ਿਵ ਸੈਨਾ ਅਤੇ ਐੱਨਸੀਪੀ ਨੇ ਦੋ-ਦੋ ਸੀਟਾਂ ਜਿੱਤੀਆਂ ਹਨ। 10 ਜੂਨ ਨੂੰ ਮਹਾਰਾਸ਼ਟਰ ਤੋਂ ਰਾਜ ਸਭਾ ਲਈ ਚੋਣਾਂ ਦੌਰਾਨ ਵੀ ਮਹਾ ਵਿਕਾਸ ਅਗਾੜੀ ਦੇ ਕੁਝ ਵਿਧਾਇਕਾਂ ਨੇ ਭਾਜਪਾ ਦੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ ਸੀ।

ਸ਼ਿਵ ਸੈਨਾ ’ਤੇ ਵੱਡਾ ਸਿਆਸੀ ਖ਼ਤਰਾ ਮੰਡਰਾਅ ਰਿਹਾ ਹੈ। ਏਕਨਾਥ ਸ਼ਿੰਦੇ ਅਤੇ ਉਸ ਦੇ ਸਾਥੀਆਂ ਦੁਆਰਾ ਪਾਰਟੀ ਛੱਡਣ ਨਾਲ, ਸੈਨਾ ਦੇ ਵਿਧਾਇਕਾਂ ਦੀ ਗਿਣਤੀ 30-31 ਤਕ ਸਿਮਟ ਸਕਦੀ ਹੈ। ਮਹਾਰਾਸ਼ਟਰ ਵਿਚ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਵਿਧਾਇਕਾਂ ਦੀ ਗਿਣਤੀ 29 ਹੈ ਅਤੇ ਉਹ ਸਰਕਾਰ ਡੇਗਣ, ਬਚਾਉਣ ਜਾਂ ਨਵੀਂ ਸਰਕਾਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸਿਆਸੀ ਮਾਹਿਰਾਂ ਅਨੁਸਾਰ ਮਹਾ ਵਿਕਾਸ ਅਗਾੜੀ ਤਿੰਨ ਅਜਿਹੀਆਂ ਪਾਰਟੀਆਂ ਦਾ ਗੱਠਜੋੜ ਹੈ ਜਿਨ੍ਹਾਂ ਦੀ ਵਿਚਾਰਧਾਰਾ ਵੱਖ ਵੱਖ ਹੈ। ਭਾਜਪਾ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਸੱਤਾ ਦੀ ਦਾਅਵੇਦਾਰ ਰਹੀ ਹੈ ਪਰ ਉਸ ਕੋਲ ਲੋੜੀਂਦਾ ਬਹੁਮਤ ਨਹੀਂ ਹੈ। ਉਸ ਲਈ ਸੱਤਾ ਤੋਂ ਬਾਹਰ ਰਹਿਣ ਦੀ ਸਥਿਤੀ ਨੂੰ ਸਵੀਕਾਰ ਕਰਨਾ ਬਹੁਤ ਔਖਾ ਹੈ। ਐੱਨਸੀਪੀ ਆਗੂ ਸੁਪ੍ਰੀਆ ਸੂਲੇ ਅਤੇ ਹੋਰਨਾਂ ਨੇ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਭਾਜਪਾ ’ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਕਈ ਤਰ੍ਹਾਂ ਦੇ ਢੰਗ-ਤਰੀਕੇ ਵਰਤ ਕੇ ਮਹਾ ਵਿਕਾਸ ਅਗਾੜੀ ਦੇ ਕੁਝ ਵਿਧਾਇਕਾਂ ਨੂੰ ਆਪਣੇ ਹੱਕ ਵਿਚ ਭੁਗਤਾਇਆ। ਐੱਨਸੀਪੀ ਨਾਲ ਸਬੰਧਤ ਦੋ ਮੰਤਰੀ ਵੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ। ਸ਼ਿਵ ਸੈਨਾ ਦੇ ਕਾਰਕੁਨਾਂ ਨੇ ਪਾਰਟੀ ਦਫ਼ਤਰ ਸਾਹਮਣੇ ਏਕਨਾਥ ਸ਼ਿੰਦੇ ਵਿਰੁੱਧ ਮੁਜ਼ਾਹਰਾ ਕੀਤਾ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਰਾਸ਼ਟਰ ਅਜਿਹੀ ਸਿਆਸੀ ਅਸਥਿਰਤਾ ਵੱਲ ਵਧ ਰਿਹਾ ਹੈ ਜਿਸ ਵਿਚ ਭਾਜਪਾ ਨੂੰ ਲਾਭ ਮਿਲਣਾ ਯਕੀਨੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All