ਤ੍ਰਿਪੁਰਾ ਵਿਚ ਹੋਈਆਂ ਨਗਰ ਨਿਗਮਾਂ ਅਤੇ ਹੋਰ ਸਥਾਨਕ ਸਰਕਾਰੀ ਅਦਾਰਿਆਂ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਮੁਕੰਮਲ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ 334 ਹਲਕਿਆਂ ਵਿਚੋਂ 329 ਹਲਕਿਆਂ ਵਿਚ ਜਿੱਤ ਦਰਜ ਕੀਤੀ ਜਦੋਂਕਿ ਖੱਬੇ-ਪੱਖੀ ਮੁਹਾਜ਼ ਨੂੰ ਤਿੰਨ ਅਤੇ ਤ੍ਰਿਣਮੂਲ ਕਾਂਗਰਸ ਨੂੰ ਇਕ ਸੀਟ ਮਿਲੀ। ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ। ਭਾਜਪਾ ਨੇ 112 ਸੀਟਾਂ ਬਿਨਾਂ ਮੁਕਾਬਲੇ ਦੇ ਜਿੱਤੀਆਂ ਹਨ। ਅਗਰਤਲਾ ਨਗਰ ਨਿਗਮ ਵਿਚ ਭਾਜਪਾ ਨੇ ਸਾਰੀਆਂ 51 ਸੀਟਾਂ ਜਿੱਤੀਆਂ। ਵਿਰੋਧੀ ਧਿਰਾਂ ਨੇ ਚੋਣਾਂ ਵਿਚ ਧਾਂਦਲੀਆਂ ਹੋਣ ਦੇ ਦੋਸ਼ ਲਾਏ ਹਨ। ਇਨ੍ਹਾਂ ਚੋਣਾਂ ਦੌਰਾਨ ਹਿੰਸਾਤਮਕ ਘਟਨਾਵਾਂ ਵੀ ਹੋਈਆਂ ਅਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਸਰਕਾਰ ਹੋਰ ਸੁਰੱਖਿਆ ਬਲ ਅਤੇ ਪੁਲੀਸ ਤਾਇਨਾਤ ਕਰਕੇ ਸ਼ਾਂਤਮਈ ਢੰਗ ਨਾਲ ਵੋਟਾਂ ਪੁਆਏ। ਪੰਚਾਇਤਾਂ, ਨਗਰ ਨਿਗਮਾਂ ਅਤੇ ਹੋਰ ਸਥਾਨਕ ਅਦਾਰਿਆਂ ਦੀਆਂ ਚੋਣਾਂ ਵਿਚ ਆਮ ਕਰਕੇ ਸੱਤਾਧਾਰੀ ਪਾਰਟੀ ਦਾ ਜੇਤੂ ਹੋਣ ਦਾ ਰੁਝਾਨ ਦੱਸਦਾ ਹੈ ਕਿ ਦੇਸ਼ ਦੀ ਚੋਣ ਪ੍ਰਕਿਰਿਆ ਵਿਚ ਸੱਤਾ ਅਤੇ ਪੈਸਾ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਦੇ ਅਰਥ ਇਹ ਵੀ ਹਨ ਕਿ ਇਨ੍ਹਾਂ ਚੋਣਾਂ ਦੌਰਾਨ ਸਥਾਨਕ ਮਾਮਲਿਆਂ ਬਾਰੇ ਨਾ ਤਾਂ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਹੀ ਲੋਕ ਸਥਾਨਕ ਪੱਧਰ ’ਤੇ ਕੋਈ ਸਜੀਵ ਆਗੂ ਪੈਦਾ ਕਰਦੇ ਹਨ। ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਜਿੱਤ ਪ੍ਰਾਪਤ ਕਰਕੇ ਸੱਤਾਧਾਰੀ ਪਾਰਟੀ ਦੀ ਤਾਕਤ ਦੇ ਸਥਾਨਕ ਪੱਧਰ ’ਤੇ ਸਵੀਕਾਰੇ ਜਾਣ ਦੀ ਪ੍ਰਕਿਰਿਆ ’ਤੇ ਸਹੀ ਪਾਉਂਦੇ ਹਨ। ਇਹ ਵਰਤਾਰਾ ਦਰਸਾਉਂਦਾ ਹੈ ਕਿ ਜਮਹੂਰੀ ਚੇਤਨਾ ਦੀਆਂ ਜੜ੍ਹਾਂ ਲੋਕ-ਮਾਣਸ ਵਿਚ ਅਜੇ ਮਜ਼ਬੂਤ ਨਹੀਂ ਹੋਈਆਂ।
ਤ੍ਰਿਪੁਰਾ ਵਿਚ ਇਨ੍ਹਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਵੱਡੀ ਪੱਧਰ ’ਤੇ ਫ਼ਿਰਕੂ ਹਿੰਸਾ ਹੋਈ। ਇਹ ਹਿੰਸਾ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੌਰਾਨ ਹਿੰਦੂ ਭਾਈਚਾਰੇ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਿਰੁੱਧ ਸੀ। ਇਸ ਹਿੰਸਾ ਵਿਚ ਕੱਟੜਪੰਥੀ ਜਥੇਬੰਦੀਆਂ ਨੇ ਵੱਡੀ ਭੂਮਿਕਾ ਨਿਭਾਈ। ਸਿਆਸੀ ਮਾਹਿਰਾਂ ਅਨੁਸਾਰ ਫ਼ਿਰਕੂ ਹਿੰਸਾ ਤੋਂ ਪੈਦਾ ਹੋਏ ਵੋਟਾਂ ਦੇ ਧਰੁਵੀਕਰਨ ਨੇ ਭਾਜਪਾ ਨੂੰ ਇਕਪਾਸੜ ਜਿੱਤ ਦਿਵਾਈ ਹੈ। ਵੋਟਾਂ ਦਾ ਧਰੁਵੀਕਰਨ ਕਰਨਾ ਵੋਟਾਂ ਪ੍ਰਾਪਤ ਕਰਨ ਦਾ ਪ੍ਰਮੁੱਖ ਹਥਿਆਰ ਬਣ ਗਿਆ ਹੈ।
ਭਾਜਪਾ ਨੂੰ ਆਪਣੀ ਜਿੱਤ ਦਾ ਜਸ਼ਨ ਮਨਾਉਣ ਦਾ ਪੂਰਾ ਅਧਿਕਾਰ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ ਧਾਰਮਿਕ ਜਜ਼ਬਿਆਂ ਦੇ ਆਧਾਰ ’ਤੇ ਪਨਪਦੀ ਸਿਆਸਤ ਸਮਾਜ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੀ ਹੈ। ਫਰਵਰੀ 2022 ਵਿਚ 5 ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਵਿਚੋਂ ਉੱਤਰਾਖੰਡ ਵਿਚ ਧਾਰਮਿਕ ਮੁੱਦਿਆਂ ’ਤੇ ਸਿਆਸਤ ਕਰਨ ਦਾ ਅਮਲ ਜ਼ੋਰਾਂ ’ਤੇ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚ ਮੁਕਾਬਲਾ ਹੋ ਰਿਹਾ ਹੈ ਕਿ ਕਿਹੜੀ ਪਾਰਟੀ ਦੇਸ਼ ਦੀ ਵੱਡੀ ਬਹੁਗਿਣਤੀ ਦੇ ਧਾਰਮਿਕ ਅਸਥਾਨਾਂ ਬਾਰੇ ਸਿਆਸਤ ਕਰਕੇ ਵੋਟਾਂ ਹਾਸਲ ਕਰ ਸਕਦੀ ਹੈ। ਮੁੱਦਿਆਂ ਦੀ ਸਿਆਸਤ ਨੂੰ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰ ਦਿੱਤਾ ਗਿਆ ਹੈ। 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੀਆਂ ਚੋਣਾਂ ਸਭ ਤੋਂ ਮਹੱਤਵਪੂਰਨ ਹਨ। ਜੇਵਰ ਹਵਾਈ ਅੱਡੇ ਦੇ ਉਦਘਾਟਨ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ‘ਜਿਨਾਹ ਦੇ ਹਮਾਇਤੀਆਂ’ ’ਤੇ ਨਿਸ਼ਾਨਾ ਸਾਧਿਆ। ਜਿਨਾਹਵਾਦੀ ਸੋਚ ਰੱਖਣ ਵਾਲਿਆਂ ਤੋਂ ਯੋਗੀ ਦਾ ਮਤਲਬ ਸਮਾਜਵਾਦੀ ਪਾਰਟੀ ਹੈ ਕਿਉਂਕਿ ਮੁਸਲਮਾਨ ਭਾਈਚਾਰਾ ਕਾਫ਼ੀ ਦੇਰ ਤੋਂ ਇਸ ਪਾਰਟੀ ਨੂੰ ਵੋਟਾਂ ਪਾਉਂਦਾ ਆ ਰਿਹਾ ਹੈ। ਇਸ ਹਮਲੇ ਦਾ ਮਨੋਰਥ ਮੁਸਲਮਾਨ ਭਾਈਚਾਰੇ ਦੀਆਂ ਵੋਟਾਂ ਪ੍ਰਾਪਤ ਕਰਨਾ ਨਹੀਂ ਸਗੋਂ ਇਹ ਸਿੱਧ ਕਰਨਾ ਹੈ ਕਿ ਭਾਜਪਾ ਹੀ ਦੇਸ਼ ਭਗਤੀ ਅਤੇ ਬਹੁਗਿਣਤੀ ਫ਼ਿਰਕੇ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਣ ਵਾਲੀ ਇਕੋ ਇਕ ਪਾਰਟੀ ਹੈ। ਇਸ ਤਰ੍ਹਾਂ ਵੋਟਾਂ ਦਾ ਧਰੁਵੀਕਰਨ ਹੋਵੇਗਾ ਅਤੇ ਭਾਜਪਾ ਇਸ ਤੋਂ ਸਿਆਸੀ ਲਾਹਾ ਲੈਣ ਦਾ ਪੂਰਾ ਯਤਨ ਕਰੇਗੀ। ਇਸ ਤਰ੍ਹਾਂ ਲੱਗਦਾ ਜਿਵੇਂ ਕੱਟੜਪੰਥੀ ਸੋਚ ਅਤੇ ਵੰਡਪਾਊ ਵਿਚਾਰਾਂ ਨੇ ਲੋਕਾਂ ਦੇ ਮਨਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਜਮਹੂਰੀ ਪ੍ਰਕਿਰਿਆ ਦਾ ਪਤਨ ਹੋ ਰਿਹਾ ਹੈ; ਮੁੱਦਿਆਂ ਬਾਰੇ ਸਿਆਸਤ ਲਈ ਜਗ੍ਹਾ/ਸਪੇਸ ਘੱਟ ਰਹੀ ਹੈ। ਧਾਰਮਿਕ ਜਜ਼ਬਿਆਂ ’ਤੇ ਆਧਾਰਿਤ ਸਿਆਸਤ ਨੂੰ ਠੱਲ੍ਹ ਪਾਉਣ ਲਈ ਵਿਰੋਧੀ ਪਾਰਟੀਆਂ ਨੂੰ ਨਿੱਜੀ ਅਤੇ ਜਥੇਬੰਦਕ ਹਉਮੈ ਤਿਆਗਦੇ ਹੋਏ ਵਿਆਪਕ ਜਮਹੂਰੀ ਮੁਹਾਜ਼ ਉਸਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।