DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਹਿਰੀਲਾ ਸਤਲੁਜ

ਸਤਲੁਜ ਦਰਿਆ ਵੱਲੋਂ ਅਜਿਹੀ ਚਿਤਾਵਨੀ ਮਿਲ ਰਹੀ ਹੈ, ਜਿਸ ਨੂੰ ਹੁਣ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਹੋਰ ਅਣਗੌਲਿਆਂ ਨਹੀਂ ਕਰ ਸਕਦੇ। ਬੱਦੀ-ਨਾਲਾਗੜ੍ਹ ਖੇਤਰ ਵਿੱਚ ਅਣਪਛਾਤੀਆਂ ਸਨਅਤੀ ਇਕਾਈਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਇੱਕ ਗੰਭੀਰ ਮਾਮਲਾ ਹੈ ਕਿਉਂਕਿ ਦੋਸ਼ ਹੈ ਕਿ ਜ਼ਹਿਰੀਲਾ...

  • fb
  • twitter
  • whatsapp
  • whatsapp
Advertisement
ਸਤਲੁਜ ਦਰਿਆ ਵੱਲੋਂ ਅਜਿਹੀ ਚਿਤਾਵਨੀ ਮਿਲ ਰਹੀ ਹੈ, ਜਿਸ ਨੂੰ ਹੁਣ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਹੋਰ ਅਣਗੌਲਿਆਂ ਨਹੀਂ ਕਰ ਸਕਦੇ। ਬੱਦੀ-ਨਾਲਾਗੜ੍ਹ ਖੇਤਰ ਵਿੱਚ ਅਣਪਛਾਤੀਆਂ ਸਨਅਤੀ ਇਕਾਈਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਇੱਕ ਗੰਭੀਰ ਮਾਮਲਾ ਹੈ ਕਿਉਂਕਿ ਦੋਸ਼ ਹੈ ਕਿ ਜ਼ਹਿਰੀਲਾ ਕਚਰਾ ਸਰਸਾ ਨਦੀ ਰਾਹੀਂ ਹੁੰਦਾ ਹੋਇਆ ਸਤਲੁਜ ਵਿੱਚ ਜਾ ਰਿਹਾ ਹੈ। ਅਸਲ ਚਿੰਤਾ ਦੀ ਗੱਲ ਇਹ ਹੈ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਸਗੋਂ ਵਾਤਾਵਰਣ ਸਬੰਧੀ ਨਿਯਮਾਂ ਦੀ ਲਗਾਤਾਰ ਹੁੰਦੀ ਅਣਦੇਖੀ ਹੈ। ਬੱਦੀ-ਬੜੋਤੀਵਾਲਾ-ਨਾਲਾਗੜ੍ਹ ਦੇ ਉਦਯੋਗਿਕ ਖੇਤਰ ਵਿੱਚੋਂ ਫੈਲ ਰਿਹਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਤੋਂ ਸਾਹਮਣੇ ਆ ਰਿਹਾ ਹੈ। ਸਰਸਾ ਨਦੀ ਇਨ੍ਹਾਂ ਸਨਅਤੀ ਇਕਾਈਆਂ ਨੇੜਿਉਂ ਲੰਘਦੀ ਹੈ, ਜੋ ਇਸ ਸਾਰੀ ਗੰਦਗੀ ਨੂੰ ਆਪਣੇ ਨਾਲ ਅੱਗੇ ਲੈ ਜਾਂਦੀ ਹੈ। ਪਹਿਲੀਆਂ ਜਾਂਚਾਂ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਦੀਆਂ ਕਾਰਵਾਈਆਂ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਹ ਸਨਅਤੀ ਇਕਾਈਆਂ ਆਪਣੇ ਪ੍ਰਦੂਸ਼ਿਤ ਪਾਣੀ ਨੂੰ ਬਿਨਾਂ ਸਾਫ਼ ਕੀਤਿਆਂ ਹੀ ਨਦੀ ਵਿੱਚ ਛੱਡ ਰਹੀਆਂ ਹਨ। ਇਸ ਕਾਰਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਇਨ੍ਹਾਂ ਇਕਾਈਆਂ ਅਤੇ ਸਾਂਝੇ ਜਲ ਸ਼ੁੱਧੀਕਰਨ ਸਿਸਟਮ ਦੀਆਂ ਖ਼ਾਮੀਆਂ ਵੀ ਉਜਾਗਰ ਹੋਈਆਂ ਹਨ। ਖ਼ਾਸ ਤੌਰ ’ਤੇ ਦਵਾਈਆਂ ਦੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਬਹੁਤ ਚਿੰਤਾਜਨਕ ਹੈ ਕਿਉਂਕਿ ਪਾਣੀ ਦੀ ਸਫ਼ਾਈ (ਟਰੀਟਮੈਂਟ) ਦੇ ਆਮ ਤਰੀਕਿਆਂ ਨਾਲ ਦਵਾਈਆਂ ਦੇ ਕਈ ਤੱਤ ਅਤੇ ਐਂਟੀਬਾਇਓਟਿਕਸ ਦੇ ਬਚੇ-ਖੁਚੇ ਅੰਸ਼ ਖ਼ਤਮ ਨਹੀਂ ਹੁੰਦੇ।ਤਾਜ਼ਾ ਘਟਨਾਕ੍ਰਮ ਇੱਕ ਹੋਰ ਪ੍ਰੇਸ਼ਾਨ ਕਰਨ ਵਾਲੇ ਵਿਰੋਧਾਭਾਸ ਨੂੰ ਵੀ ਬੇਨਕਾਬ ਕਰਦਾ ਹੈ। ਰੋਪੜ ਹੈੱਡਵਰਕਸ ’ਤੇ ਜਮ੍ਹਾਂ ਹੋਇਆ ਭਾਰੀ ਕਚਰਾ ਕਥਿਤ ਤੌਰ ’ਤੇ ਹੇਠਾਂ ਵੱਲ ਛੱਡ ਦਿੱਤਾ ਗਿਆ। ਜੇਕਰ ਇਹ ਸਮੱਗਰੀ ਪ੍ਰਦੂਸ਼ਣ ਕਰਨ ਵਾਲੀ ਸੀ ਤਾਂ ਇਸ ਨੂੰ ਦਰਿਆ ਵਿੱਚ ਵਹਾਉਣ ਨਾਲ ਸਮੱਸਿਆ ਸਿਰਫ਼ ਇੱਕ ਥਾਂ ਤੋਂ ਹਟ ਕੇ ਦੂਜੀ ਥਾਂ ਵੱਲ ਚਲੀ ਗਈ ਹੈ। ਹੈੱਡਵਰਕਸ ਨੂੰ ਵਿਗਿਆਨਕ ਜਾਂਚ ਲਈ ਇੱਕ ਥਾਂ ਮੰਨਿਆ ਜਾਣਾ ਚਾਹੀਦਾ ਸੀ, ਜਿੱਥੇ ਇਸ ਕਚਰੇ ਦੇ ਸੈਂਪਲ ਲੈ ਕੇ ਨਿਪਟਾਰੇ ਤੋਂ ਪਹਿਲਾਂ ਇਸ ਦੀ ਪੂਰੀ ਪਰਖ ਕੀਤੀ ਜਾਣੀ ਚਾਹੀਦੀ ਸੀ।

ਦੋਵਾਂ ਗੁਆਂਢੀ ਸੂਬਿਆਂ ਨੂੰ ਇਹ ਮਾਮਲਾ ਹਿਮਾਚਲ ਬਨਾਮ ਪੰਜਾਬ ਦੀ ਦੂਸ਼ਣਬਾਜ਼ੀ ਨਹੀਂ ਬਣਨ ਦੇਣਾ ਚਾਹੀਦਾ। ਕਚਰੇ ਦੇ ਅਸਲੀ ਸਰੋਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਅਣਪਛਾਤੀਆਂ ਸਨਅਤੀ ਇਕਾਈਆਂ ਵਿਰੁੱਧ ਐੱਫ ਆਈ ਆਰ ਦਰਜ ਹੋਣ ਨੂੰ ਹੀ ਕਿਸੇ ਦੇ ਦੋਸ਼ੀ ਹੋਣ ਦਾ ਪੱਕਾ ਸਬੂਤ ਨਹੀਂ ਮੰਨਿਆ ਜਾ ਸਕਦਾ। ਅਸਲ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਅਤੇ ਹਿਮਾਚਲ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਮਿਲ ਕੇ ਸਾਂਝੀ ਜਾਂਚ ਕਰਨ, ਜਿਸ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੁਤੰਤਰ ਤੌਰ ’ਤੇ ਨਿਗਰਾਨੀ ਰੱਖੇ। ਇਸ ਹਾਲਤ ਵਿੱਚ ਲੋੜ ਇਸ ਗੱਲ ਦੀ ਵੀ ਹੈ ਕਿ ਬੱਦੀ-ਸਰਸਾ-ਸਤਲੁਜ ਦੇ ਪੂਰੇ ਰਸਤੇ ਉੱਤੇ ਲਗਾਤਾਰ ਨਜ਼ਰ ਰੱਖੀ ਜਾਵੇ, ਬਰਸਾਤਾਂ ਦੌਰਾਨ ਅਚਨਚੇਤ ਚੈਕਿੰਗ ਕੀਤੀ ਜਾਵੇ, ਗ਼ੈਰ-ਕਾਨੂੰਨੀ ਨਾਲਿਆਂ ਦੀ ਪਛਾਣ ਕੀਤੀ ਜਾਵੇ ਅਤੇ ਪ੍ਰਦੂਸ਼ਣ ਦੇ ਅਸਲੀ ਸਰੋਤਾਂ ਦਾ ਵਿਗਿਆਨਕ ਤਰੀਕੇ ਨਾਲ ਪਤਾ ਲਾਇਆ ਜਾਵੇ। ਵਾਰ-ਵਾਰ ਨਿਯਮ ਤੋੜਨ ਵਾਲਿਆਂ ਨੂੰ ਵੱਡੇ ਜੁਰਮਾਨੇ ਲਾਉਣ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Advertisement

Advertisement

Advertisement
×